12 ਦੇਸ਼ਾਂ ’ਚੋਂ ਸੱਭ ਤੋਂ ਜ਼ਿਆਦਾ ਗ਼ੈਰਸਿਹਤਮੰਦ ਹਨ ਭਾਰਤੀ ਪੈਕਟਬੰਦ ਭੋਜਨ ਅਤੇ ਪੀਣਯੋਗ ਪਦਾਰਥ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਨ੍ਹਾਂ ਭੋਜਨ ਪਦਾਰਥਾਂ ’ਚ ਚੀਨੀ ਦੀ ਮਾਤਰਾ ਚੀਨ ਤੋਂ ਬਾਅਦ ਸੱਭ ਤੋਂ ਜ਼ਿਆਦਾ ਸੀ, ਜਦਕਿ ਪੋਸ਼ਣ ਦੇ ਮਾਮਲੇ ’ਚ ਇਹ ਸੱਭ ਤੋਂ ਹੇਠਾਂ ਰਹੇ।

12 ਦੇਸ਼ਾਂ ’ਚੋਂ ਸੱਭ ਤੋਂ ਜ਼ਿਆਦਾ ਗ਼ੈਰਸਿਹਤਮੰਦ ਹਨ ਭਾਰਤੀ ਪੈਕਟਬੰਦ ਭੋਜਨ ਅਤੇ ਪੀਣਯੋਗ ਪਦਾਰਥ

ਚੰਡੀਗੜ੍ਹ: ਦੁਨੀਆਂ ਦੇ 12 ਦੇਸ਼ਾਂ ’ਚ ਕੀਤੇ ਇਕ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਭਾਰਤ ’ਚ ਕਈ ਪੈਕਟਬੰਦ ਭੋਜਨ ਪਦਾਰਥ ਗ਼ੈਰਸਿਹਤਮੰਦ ਹਨ ਅਤੇ ਇਹ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਗੂਗਲ ਇੰਸਟੀਚਿਊਟ ਫ਼ਾਰਮ ਗਲੋਬਲ ਹੈਲਥ ਨੇ ਪੈਕਟਬੰਦ ਭੋਜਨ ਪਦਾਰਥਾਂ ਦੇ ਮਾਮਲੇ ’ਚ ਭਾਰਤ ਸੱਭ ਤੋਂ ਹੇਠਲੇ ਦਰਜੇ ’ਤੇ ਰਖਿਆ ਹੈ। ਸਰਵੇਖਣ ’ਚ ਪਾਇਆ ਗਿਆ ਹੈ ਕਿ ਭਾਰਤ ’ਚ ਮਿਲਦੇ ਪੈਕਟਬੰਦ ਭੋਜਨ ਤੋਂ ਲੋੜ ਤੋਂ ਜ਼ਿਆਦਾ ਊਰਜਾ ਹੁੰਦੀ ਹੈ।

ਇਨ੍ਹਾਂ ਭੋਜਨ ਪਦਾਰਥਾਂ ’ਚ ਚੀਨੀ ਦੀ ਮਾਤਰਾ ਚੀਨ ਤੋਂ ਬਾਅਦ ਸੱਭ ਤੋਂ ਜ਼ਿਆਦਾ ਸੀ, ਜਦਕਿ ਪੋਸ਼ਣ ਦੇ ਮਾਮਲੇ ’ਚ ਇਹ ਸੱਭ ਤੋਂ ਹੇਠਾਂ ਰਹੇ। ਸਰਵੇ ’ਚ ਇਹ ਗੱਲ ਸਾਹਮਣੇ ਆਈ ਕਿ ਭਾਰਤੀ ਪੈਕਟਬੰਦ ਭੋਜਨ ਪਦਾਰਥਾਂ ਦੇ ਹਰ 100 ਗ੍ਰਾਮ ’ਚ 1515 ਕਿਲੋਜੂਲ ਊਰਜਾ ਸੀ ਅਤੇ ਇਨ੍ਹਾਂ ’ਚ ਹਰ 100 ਗ੍ਰਾਮ ’ਚੋਂ 7.3 ਗ੍ਰਾਮ ਮਾਤਰਾ ਚੀਨੀ ਦੀ ਸੀ। ਵਾਧੂ ਮਿੱਠਾ, ਨਮਕ ਅਤੇ ਚਰਬੀ ਵਾਲੇ ਭੋਜਨ ਪਦਾਰਥਾਂ ਦੀ ਖਪਤ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਮੋਟਾਪੇ ਵਰਗੇ ਰੋਗਾਂ ਦਾ ਜ਼ਿੰਮੇਵਾਰ ਮੰਨਿਆ ਗਿਆ ਹੈ।

ਜਿਸ ਕਰ ਕੇ ਸਿਹਤ ਮਾਹਰ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਨਾ ਕਰਨ ਦੀ ਸਲਾਹ ਦਿੰਦੇ ਹਨ। ਦੇਸ਼ਾਂ ਦੀ ਦਰਜਾਬੰਦੀ ਆਸਟਰੇਲੀਆ ਦੇ ਸਿਹਤ ਰੇਟਿੰਗ ਸਿਸਟਮ ਦੇ ਆਧਾਰ ’ਤੇ ਕੀਤੀ ਗਈ ਸੀ। ਇਸ ਦਰਜਾਬੰਦੀ ’ਚ ਸੱਭ ਤੋਂ ਉਪਰਲਾ ਸਥਾਨ ਯੂ.ਕੇ. ਦਾ ਹੈ, ਜਦਕਿ ਯੂ.ਐਸ.ਏ. ਦੇ ਉਤਪਾਦ ਦੂਜੇ ਨੰਬਰ ’ਤੇ ਰਹੇ। ਸਰਵੇਖਣ ’ਚ ਕਿਹਾ ਗਿਆ ਹੈ ਕਿ ਉੱਚ ਆਮਦਨ ਵਾਲੇ ਦੇਸ਼ਾਂ ਦੇ ਮੁਕਾਬਲੇ ਭਾਰਤ ਅਤੇ ਚੀਨ ਵਰਗੇ ਦੇਸ਼ਾਂ ’ਚ ਪੈਕੇਟਬੰਦ ਭੋਜਨ ਪਦਾਰਥਾਂ ਦਾ ਘੱਟ ਸਿਹਤਮੰਦ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਅੰਕੜੇ ਸਾਰੇ ਦੇਸ਼ਾਂ ’ਚ ਸਿਹਤਮੰਦ ਭੋਜਨ ਦੀ ਨਿਗਰਾਨੀ ਅਤੇ ਜਾਂਚ ਦੀ ਜ਼ਰੂਰਤ ਵਿਖਾਉਂਦੇ ਹਨ।