ਮੀਜ਼ਲ ਰੂਬੈਲਾ ਮੁਹਿੰਮ ਅਧੀਨ ਹੁਣ ਤੱਕ 39 ਲੱਖ ਬੱਚਿਆਂ ਦਾ ਕੀਤਾ ਗਿਆ ਟੀਕਾਕਰਣ
ਸੂਬੇ ਵਿੱਚ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਮੀਜ਼ਲ ਰੂਬੈਲਾ ਮੁਹਿੰਮ ਅਧੀਨ 28 ਦਿਨਾਂ ਵਿੱਚ 39 ਲੱਖ ਬੱਚਿਆਂ ਦਾ ਟੀਕਾਕਰਣ ਕੀਤਾ ਗਿਆ ਹੈ।
ਸੂਬੇ ਵਿੱਚ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਮੀਜ਼ਲ ਰੂਬੈਲਾ ਮੁਹਿੰਮ ਅਧੀਨ 28 ਦਿਨਾਂ ਵਿੱਚ 39 ਲੱਖ ਬੱਚਿਆਂ ਦਾ ਟੀਕਾਕਰਣ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੀਜ਼ਲ ਰੂਬੈਲਾ ਟੀਕਾਕਰਣ ਮੁਹਿੰਮ ਵਿਰੁੱਧ ਨਕਾਰਾਤਮਕ ਤੇ ਝੂਠੀਆਂ ਖਬਰਾਂ ਫੈਲਣ ਦੇ ਬਾਵਜੂਦ ਵੀ ਸਿਹਤ ਵਿਭਾਗ ਨੇ ਇਸ ਮੁਹਿੰਮ ਨੂੰ ਸੂਬੇ ਦੇ ਘਰ-ਘਰ ਤੱਕ ਸਫਲਤਾਪੂਰਵਕ ਪਹੁੰਚਾਇਆ ਹੈ।
ਉਨ੍ਹਾਂ ਵਿਸ਼ਵਾਸ ਜ਼ਾਹਿਰ ਕਰਦਿਆਂ ਇਹ ਵੀ ਕਿਹਾ ਕਿ ਇਸ ਕੌਮੀ ਮੁਹਿੰਮ ਨੂੰ ਸਮੇਂ ਅਨੁਸਾਰ ਯਕੀਨੀ ਤੌਰ ਤੇ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 1ਮਈ,2018 ਤੋਂ ਸ਼ੁਰੂ ਕੀਤੀ ਗਈ ਮੀਜ਼ਲ ਰੂਬੈਲਾ ਟੀਕਾਕਰਣ ਮੁਹਿੰਮ ਦਾ ਮੁੱਖ ਮੰਤਵ ਸੂਬੇ ਦੇ 9 ਮਹੀਨਿਆਂ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਣ ਕਰਕੇ ਸੁਰੱਖਿਅਤ ਕਰਨਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚੋਂ ਮੀਜ਼ਲ ਰੂਬੈਲਾ ਦਾ ਖਾਤਮਾ ਕਰਨ ਲਈ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਦਾ ਐਮ.ਆਰ./ਐਮ.ਐਮ.ਆਰ. ਟੀਕਾਕਰਣ ਜਾ ਪਹਿਲਾ ਮੀਜ਼ਲ ਰੂਬੈਲਾ ਦੀ ਬਿਮਾਰੀ ਆਦਿ ਹੋਣ ਦੇ ਬਾਵਜੂਦ ਵੀ ਇਹਨਾਂ ਬੱਚਿਆਂ ਦਾ ਟੀਕਾਕਰਣ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪਹਿਲੇ ਪੜਾਅ ਵਿੱਚ ਸਕੂਲਾਂ ਵਿੱਚ ਚਲਾਈ ਜਾ ਰਹੀ ਹੈ ਇਸ ਤੋਂ ਬਾਅਦ ਦੂਜੇ ਪੜਾਅ ਅਧੀਨ ਦੂਰ ਦਰਾਜ਼ ਦੇ ਬੱਚਿਆਂ ਨੂੰ ਕਵਰ ਕਰਨ ਲਈ ਵਿਸ਼ੇਸ਼ ਸੈਸ਼ਨ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਦਿਹਾਤੀ ਤੇ ਦੂਰ ਦਰਾਜ਼ ਇਲਾਕਿਆਂ ਵਿੱਚ ਰਹਿ ਰਹੇ ਬੱਚਿਆਂ ਦਾ ਟੀਕਾਕਰਣ ਕਰਨ ਲਈ ਵਿਸਥਾਰਿਤ ਮਾਇਕ੍ਰੋ ਪਲਾਨ ਬਣਾਇਆ ਗਿਆ ਹੈ ਅਤੇ ਪੋਲੀਓ ਦੀ ਤਰ੍ਹਾਂ ਹੀ ਦੇਸ਼ ਵਿੱਚੋਂ ਸਾਲ 2020 ਤੱਕ ਮੀਜ਼ਲ ਰੂਬੈਲਾ ਦੀ ਬਿਮਾਰੀ ਦਾ ਵੀ ਖਾਤਮਾ ਕਰ ਦਿੱਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਖਸਰਾ ਵਾਈਰਸ ਨਾਲ ਹੋਣ ਵਾਲੀ ਇੱਕ ਸੰਕਰਮਿਤ ਬੀਮਾਰੀ ਹੈ। ਇਸ ਬੀਮਾਰੀ ਨਾਲ ਲਗੱਭਗ 49000 ਬੱਚਿਆਂ ਦੀ ਸਲਾਨਾ ਮੌਤ ਹੁੰਦੀ ਹੈ ਜੋ ਕਿ ਭਾਰਤ ਵਿੱਚ ਬੱਚਿਆਂ ਦੀ ਮੌਤ ਦਾ ਵੱਡਾ ਕਾਰਣ ਹੈ।
ਉਹਨਾਂ ਦੱਸਿਆ ਕਿ ਖਸਰਾ ਨੂੰ ਟੀਕਾਕਰਨ ਦੀਆਂ ਦੋ ਖੁਰਾਕਾ ਨਾਲ ਰੋਕਿਆ ਜਾ ਸਕਦਾ ਹੈ ਜੋ ਕਿ ਬਿਲਕੁਲ ਸੁਰੱਖਿਅਤ ਅਤੇ ਅਸਰਦਾਇਕ ਹਨ। ਇਸੇ ਤਰ੍ਹਾਂ ਰੂਬੇਲਾ ਵੀ ਇੱਕ ਸੰਕਰਮਿਤ ਬੀਮਾਰੀ ਹੈ ਜੋ ਕਿ ਬੱਚਿਆਂ ਅਤੇ ਨੌਜਵਾਨ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਇੱਕ ਗਰਭਵਤੀ ਔਰਤ ਗਰਭ ਧਾਰਨ ਤੋਂ ਪਹਿਲਾਂ ਇਸ ਬੀਮਾਰੀ ਨਾਲ ਪ੍ਰਭਾਵਿਤ ਹੋਵੇ, ਤਾਂ ਇਹ ਨਵ ਜੰਮੇ ਬੱਚੇ ਦੀ ਮੌਤ ਅਤੇ ਅਪੰਗਤਾ ਦਾ ਕਾਰਣ ਬਣ ਸਕਦੀ ਹੈ। ਰੂਬੇਲਾ ਵਾਈਰਸ ਗਰਭਪਾਤ ਅਤੇ ਗੰਭੀਰ ਜਮਾਂਦਰੂ ਕਮੀਆਂ ਦੇ ਨਾਲ- ਨਾਲ ਨਵ ਜੰਮੇ ਬੱਚੇ ਲਈ ਅੰਨ੍ਹੇ ਅਤੇ ਬੋਲੇਪਣ ਦਾ ਕਾਰਣ ਵੀ ਬਣ ਸਕਦਾ ਹੈ।