ਚੈਂਪੀਅਨ ਬਨਣ ਲਈ ਜਿੰਦਗੀ ਵਿਚ ਅਪਨਾਉ ਛੇ ਘੰਟਿਆਂ ਦਾ ਫ਼ਾਰਮੂਲਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਮੇਰਾ ਇਕ ਮਿੱਤਰ ਬੈਂਕ ਮੈਨੇਜਰ ਹੈ। ਉਹ ਇਕ ਦਿਨ ਕਹਿੰਦਾ ਕਿ ਉਨ੍ਹਾਂ ਦਾ ਪੁੱਤਰ ਕਈ ਸਾਲਾਂ ਤੋਂ ਕ੍ਰਿਕਟ ਕੋਚਿੰਗ ਸੈਂਟਰ ਵਿਖੇ ਸਿਖਲਾਈ ਲਈ ਜਾ ਰਿਹਾ ਹੈ

Six hours of formula for life to be champion

ਮੇਰਾ ਇਕ ਮਿੱਤਰ ਬੈਂਕ ਮੈਨੇਜਰ ਹੈ। ਉਹ ਇਕ ਦਿਨ ਕਹਿੰਦਾ ਕਿ ਉਨ੍ਹਾਂ ਦਾ ਪੁੱਤਰ ਕਈ ਸਾਲਾਂ ਤੋਂ ਕ੍ਰਿਕਟ ਕੋਚਿੰਗ ਸੈਂਟਰ ਵਿਖੇ ਸਿਖਲਾਈ ਲਈ ਜਾ ਰਿਹਾ ਹੈ ਪਰ ਮੈਚ ਸਮੇਂ ਜਲਦੀ ਥੱਕ ਜਾਂਦਾ ਤੇ ਆਉਟ ਹੋ ਜਾਂਦਾ ਹੈ। ਮੇਰੇ ਕਹਿਣ ਤੇ ਉਨ੍ਹਾਂ ਨੇ ਅਪਣੇ ਪੁੱਤਰ ਨੂੰ ਪਟਿਆਲਾ ਐਨ.ਆਈ.ਐਸ. ਵਿਚ ਦਾਖਲ ਕਰਵਾ ਦਿਤਾ। ਉਥੋਂ ਦੇ ਕੋਚ ਮੇਰੇ ਮਿੱਤਰ ਹਨ। ਕਈ ਮਹੀਨਿਆਂ ਮਗਰੋਂ ਮੈਨੂੰ ਬੈਂਕ ਮੈਨੇਜਰ ਮਿਲੇ ਤਾਂ ਬਹੁਤ ਨਾਰਾਜ਼ ਹੋਏ ਕਿ ਮੈਂ ਗ਼ਲਤ ਸਲਾਹ ਦੇ ਕੇ ਉਨ੍ਹਾਂ ਦੇ ਪੁੱਤਰ ਦੀ ਜ਼ਿੰਦਗੀ ਹੀ ਬਰਬਾਦ ਕਰ ਦਿਤੀ। ਉਨ੍ਹਾਂ ਦਾ ਪੁੱਤਰ ਦੁਖੀ ਤੇ ਪ੍ਰੇਸ਼ਾਨ ਹੈ ਤੇ ਅਕਸਰ ਐਨ.ਆਈ.ਐਸ. ਛੱਡਣ ਲਈ ਜ਼ੋਰ ਪਾਉਂਦਾ ਹੈ।

ਮੈਂ ਅਗਲੇ ਦਿਨ ਕੋਚ ਸਾਹਬ ਨੂੰ ਮਿਲਿਆ ਤਾਂ ਉਹ ਕਹਿੰਦੇ ਕਿ ''ਅਸੀ ਸਾਲ ਤਕ ਬੱਚੇ ਨੂੰ ਗਰਾਊਂਡ ਵਿਚ ਦੌੜਾਉਂਦੇ ਹਾਂ, ਕਸਰਤ ਕਰਵਾਉਂਦੇ ਹਾਂ, ਪਸੀਨਾ ਵਹਾਉਂਦੇ ਹਾਂ ਤੇ ਬੱਚੇ ਦਾ ਦਿਲ, ਦਿਮਾਗ਼ ਅਨੁਸ਼ਾਸਨ ਤੇ ਸ੍ਰੀਰ ਇਕ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਵਰਗਾ ਬਣਾਉਂਦੇ ਹਾਂ ਤੇ ਇਹ ਸੱਭ ਕੁੱਝ ਬੱਚੇ ਜਾਂ ਨੌਜੁਆਨ ਅੰਦਰ ਆਤਮਵਿਸ਼ਵਾਸ ਪੈਦਾ ਕਰਦਾ ਹੈ ਤੇ ਜਿੱਤ ਪ੍ਰਾਪਤ ਕਰਨ ਦਾ ਵਿਸ਼ਵਾਸ ਪੱਕਾ ਹੁੰਦਾ ਹੈ।

ਇਹ ਪ੍ਰੈਕਟਿਸ ਦੀ ਥਾਂ ਬੈਂਕ ਮੈਨੇਜਰ ਸਾਹਬ ਤੇ ਉਨ੍ਹਾਂ ਦਾ ਲੜਕਾ ਜ਼ੋਰ ਪਾ ਰਿਹੈ ਕਿ ਅਸੀ ਉਸ ਨੂੰ ਗਰਾਉਂਡ ਵਿਚ ਮੈਚ ਖਿਡਾਈਏ, ਬੱਲਾ ਦਈਏ ਤੇ ਉਹ ਚੌਕੇ-ਛਿੱਕੇ ਮਾਰੇ ਤੇ ਉਸ ਦਾ ਨਾਂ ਹੋਵੇ ਪਰ ਇਕ ਚੰਗਾ ਕੋਚ, ਚੰਗੀ ਕੋਚਿੰਗ ਦੇਣ ਤੋਂ ਪਹਿਲਾਂ ਖਿਡਾਰੀ ਨੂੰ ਪਹਿਲਾਂ ਤਿਆਰ ਕਰਦਾ ਹੈ, ਫਿਰ ਗਰਾਊਂਡ ਵਿਚ ਭੇਜਦਾ ਹੈ, ਜਦਕਿ ਬੱਚੇ ਤਾਂ ਬੱਲਾ ਤੇ ਗੇਂਦ ਚੁੱਕ ਕੇ ਹਰ ਰੋਜ਼ ਘਰ ਦੇ ਨੇੜੇ ਖੇਡਦੇ ਹੀ ਰਹਿੰਦੇ ਹਨ ਪਰ ਉਨ੍ਹਾਂ ਦਾ ਸ੍ਰੀਰ, ਆਤਮ ਵਿਸ਼ਵਾਸ, ਸ਼ਕਤੀ, ਹਿੰਮਤ ਤੇ ਜੋਸ਼ ਘੱਟ ਹੀ ਰਹਿੰਦਾ ਹੈ।

ਉਨ੍ਹਾਂ ਦਸਿਆ ਕਿ ਸਾਡੇ ਸਕੂਲ, ਕਾਲਜ ਬਚਪਨ ਵਿਚ ਬੱਚਿਆਂ ਵਿਚ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਪੱਧਰ ਦੇ ਖਿਡਾਰੀ ਵਾਲੇ ਗੁਣ, ਸ਼ਕਤੀ, ਹਿੰਮਤ, ਜੋਸ਼, ਆਤਮਵਿਸ਼ਵਾਸ ਨਹੀਂ ਭਰਦੇ। ਬੱਚਾ ਹਫ਼ਤਾ ਕ੍ਰਿਕਟ ਖੇਡਦਾ ਹੈ, ਹਫ਼ਤਾ ਬਾਸਕਟਬਾਲ, ਹਫ਼ਤਾ ਫੁੱਟਬਾਲ ਤੇ ਹਫ਼ਤਾ ਆਰਾਮ ਕਰਦਾ ਹੈ। ਉਸ ਨੂੰ ਅਪਣੀ ਖ਼ੁਰਾਕ, ਟਾਈਮ ਟੇਬਲ, ਪ੍ਰੈਕਟਿਸ ਦੇ ਅਨੁਸ਼ਾਸਨ ਬਾਰੇ ਕੋਈ ਧਿਆਨ ਨਹੀਂ ਹੁੰਦਾ।

ਜਦਕਿ ਚੰਗੀ ਖੁਰਾਕ ਤੇ ਸਬੰਧਤ ਚੀਜ਼ਾਂ ਇਕ ਚੈਂਪੀਅਨ ਖਿਡਾਰੀ ਲਈ ਸੱਭ ਤੋਂ ਜ਼ਰੂਰੀ ਹਨ। ਇਸ ਜਲਦਬਾਜ਼ੀ ਕਰ ਕੇ ਹੀ ਦੇਸ਼ ਅੰਦਰ ਵਧੀਆ ਖਿਡਾਰੀ ਨਹੀਂ ਬਣ ਰਹੇ। ਮਿਲਖਾ ਸਿੰਘ ਨੇ ਅੰਤਰਰਾਸ਼ਟਰੀ ਖਿਡਾਰੀ ਬਣਨ ਹਿੱਤ ਪਿੰਡ ਦੀਆਂ ਸੜਕਾਂ ਤੇ ਸਵੇਰੇ-ਸਵੇਰੇ ਕਈ ਘੰਟੇ ਦੌੜਾਂ ਲਗਾਈਆਂ ਸਨ। ਸਚਿਨ ਤੇਂਦੁਲਕਰ ਨੇ ਇਕ ਇਟਰਵਿਊ ਵਿਚ ਦਸਿਆ ਸੀ ਕਿ ਉਨ੍ਹਾਂ ਦੀ ਸਫ਼ਲਤਾ ਦਾ ਰਾਜ 6 ਹੈ, ਯਾਨੀ ਹਰ ਰੋਜ਼ 6 ਘੰਟੇ ਖੇਡ ਮੈਦਾਨ ਵਿਚ ਗੁਜ਼ਾਰਨੇ ਸਨ। ਸਵੇਰੇ 6 ਵਜੇ ਤੇ ਸ਼ਾਮੀ 4 ਵਜੇ ਹਰ ਰੋਜ਼ ਮੈਦਾਨ ਵਿਚ।

ਮੌਕਾ ਮਿਲਣ ਤੇ ਕਦੇ ਨਾਂਹ ਨਹੀਂ ਸੀ ਕੀਤੀ, ਸਗੋਂ ਮੌਕੇ ਲੱਭੇ ਤੇ ਲਾਭ ਉਠਾਏ। ਸਫ਼ਲਤਾ ਸੰਘਰਸ਼ ਨਾਲ ਮਿਲਦੀ ਹੈ, ਕੁਦਰਤ ਬਿਨਾਂ ਸੰਘਰਸ਼ ਤੋਂ ਕੁੱਝ ਨਹੀਂ ਦਿੰਦੀ।'' ਇਹ ਸੁਣ ਕੇ ਮੈਂ ਉਥੋਂ ਵਾਪਸ ਆ ਗਿਆ। ਮੇਰੇ ਇਕ ਮਿੱਤਰ ਕਰਨਲ ਇਕ ਦਿਨ ਸੈਰ ਕਰਨ ਲਈ ਪੰਜਾਬ ਯੂਨੀਵਰਸਟੀ ਚਲੇ ਗਏ। ਉਥੇ ਯੂਨੀਵਰਸਟੀ ਦੇ ਲੜਕੇ-ਲੜਕੀਆਂ ਬਾਸਕਟ ਬਾਲ ਖੇਡ ਰਹੇ ਸਨ। ਉਹ ਟਰੈਕ ਕੋਲ ਜਾ ਕੇ ਸਾਈਡ ਉਤੇ ਖੜੇ ਹੋ ਗਏ, ਮੈਚ ਚਲ ਰਿਹਾ ਸੀ। ਮੈਚ ਸਮਾਪਤੀ ਮਗਰੋਂ ਜਦੋਂ ਖਿਡਾਰੀ ਨੌਜੁਆਨ ਇਕ ਦੂਜੇ ਦੀਆਂ ਗ਼ਲਤੀਆਂ ਦੱਸ ਕੇ ਲੜ ਰਹੇ ਸਨ

ਤਾਂ ਉਹ ਉਨ੍ਹਾਂ ਨੌਜੁਆਨਾਂ ਕੋਲ ਗਏ, ਬਾਲ ਚੁੱਕ ਕੇ ਹਾਲੇ ਪਾਉਣ ਹੀ ਲੱਗੇ ਸਨ ਤਾਂ ਇਹ ਵੇਖ ਕੇ ਕਈ ਲੜਕੇ ਹਸਦੇ ਹੋਏ ਕਹਿਣ ਲੱਗੇ, ''ਅੰਕਲ ਜੀ, ਬਾਸਕਿਟ ਬਾਲ ਖੇਡਣਾ ਬਹੁਤ ਮੁਸ਼ਕਲ ਹੈ, ਬਹੁਤ ਸ਼ਕਤੀ ਤੇ ਤਾਕਤ ਚਾਹੀਦੀ ਹੈ।'' ਉਨ੍ਹਾਂ ਨੇ ਕਿਹਾ, ''ਉਹ ਕਿਵੇਂ?'' ਉਸੇ ਸਮੇਂ ਦੋ ਲੜਕੇ ਟਰੈਕ ਉਤੇ ਆ ਕੇ ਬਾਸਕਟ ਵਿਚ ਬਾਲ ਡੇਗ ਕੇ ਦੱਸਣ ਲੱਗੇ। ਇਸ ਉਤੇ ਕਰਨਲ ਸਾਹਬ ਜੋ ਸਾਦੇ ਕੁੜਤੇ ਪਜਾਮੇ ਵਿਚ ਸਨ ਨੇ ਬਾਲ ਲੈ ਕੇ ਬਾਸਕਟ ਵਲ ਸੁੱਟੀ ਤਾਂ ਬਾਲ ਬਾਸਕਿਟ ਵਿਚ ਪੈ ਗਈ, ਪਹਿਲੀ ਵਾਰ ਕਿਸਮਤ ਹੁੰਦੀ ਹੈ, ਦੂਜੀ ਵਾਰ ਸੁਟੀ ਤਾਂ ਫਿਰ ਪੈ ਗਈ, ਤੀਸਰੀ ਵਾਰ ਸੁਟੀ ਤਾਂ ਫਿਰ ਪੈ ਗਈ ਤਾਂ ਬਾਕੀ ਲੜਕੇ ਲੜਕੀਆਂ ਵੀ ਉਥੇ ਆ ਗਏ।

ਲੜਕੇ ਲੜਕੀਆਂ ਕਰਨਲ ਸਾਹਬ ਨੂੰ ਸੈਂਟਰਲ ਲਾਈਨ ਉਤੇ ਲੈ ਗਏ ਤੇ ਉੱਥੋਂ ਵੀ ਬਾਲ ਬਾਸਕਟ ਵਿਚ ਪੈ ਗਈ ਤਾਂ ਸਾਰੇ ਨੌਜੁਆਨ ਬਹੁਤ ਹੈਰਾਨ ਹੋਏ। ਕਰਨਲ ਸਾਹਬ ਨੇ ਅਪਣੀ ਪਹਿਚਾਣ ਦਸੀ ਕਿ ਉਹ ਅੰਤਰਰਾਸ਼ਟਰੀ ਖਿਡਾਰੀ ਹਨ ਤੇ ਕਿਵੇਂ ਬਣੇ। ਉਨ੍ਹਾਂ ਦਸਿਆ ਕਿ ਜਦੋਂ ਉਹ ਸਕੂਲ ਵਿਚ ਪੜ੍ਹਦੇ ਸਨ ਤਾਂ ਕੇਵਲ ਪੜ੍ਹਾਈ ਕਰਦੇ ਸਨ। ਉਨ੍ਹਾਂ ਦੇ ਮਾਮਾ ਜੀ, ਜੋ ਫ਼ੌਜੀ ਸਨ, ਦੀ ਸਲਾਹ ਨਾਲ ਉਹ ਸਕੂਲ ਟੀਮ ਵਿਚ ਸ਼ਾਮਲ ਹੋ ਗਏ ਪਰ ਨਾ ਸ੍ਰੀਰ ਤਿਆਰ ਸੀ, ਨਾ ਜੋਸ਼ ਤੇ ਨਾ ਗਾਈਡੈਂਸ ਤੇ 10-15 ਦਿਨਾਂ ਮਗਰੋਂ ਕੋਚ ਨੇ ਟੀਮ ਵਿਚੋਂ ਕੱਢ ਦਿਤਾ।

ਮਾਮੇ ਨੂੰ ਦੁੱਖ ਹੋਇਆ ਤਾਂ ਉਨ੍ਹਾਂ ਨੇ ਇਕ ਚੰਗੇ ਖਿਡਾਰੀ ਦੇ ਗੁਣ ਤੇ ਸ਼ਕਤੀ ਪੈਦਾ ਕਰਨ ਲਈ ਇਕ ਬਾਲ ਲਿਆ ਕੇ ਦਿਤੀ ਤੇ ਕਿਹਾ ਕਿ ਜਦੋਂ ਵੀ ਸਕੂਲੋਂ ਛੁੱਟੀ ਹੋ ਜਾਵੇ ਤਾਂ ਹਰ ਰੋਜ਼ ਗਰਾਊਂਡ ਵਿਚ ਏਨੇ ਚੱਕਰ ਏਨੇ ਸਮੇਂ ਵਿਚ ਲਗਾਉਣੇ ਹਨ, ਫਿਰ ਹਰ ਰੋਜ਼ 50 ਵਾਰ ਬਾਲ ਬਾਸਕਿਟ ਵਿਚ ਪਾਉਣੀ ਹੈ। ਉਸ ਸਮੇਂ ਬੱਚੇ ਵੱਡਿਆਂ ਦੀ ਹਰ ਗੱਲ ਮੰਨ ਲੈਂਦੇ ਸਨ। 15 ਦਿਨਾਂ ਮਗਰੋਂ ਮਾਮਾ ਜੀ ਦੇ ਕਹਿਣ ਤੇ ਚੱਕਰ ਵਧਾ ਦਿਤੇ, ਬਾਲ 50 ਦੀ ਥਾਂ 75 ਵਾਰ ਕਰ ਦਿਤੀ।

ਮਹੀਨੇ ਮਗਰੋਂ ਚੱਕਰ ਤੇ ਕਸਰਤ ਵੀ ਵਧਾ ਦਿਤੀ, ਬਾਲ 100 ਵਾਰ ਪਾਉਣੀ ਸ਼ੁਰੂ ਕਰ ਦਿਤੀ ਸਖ਼ਤ ਮਿਹਨਤ ਕਰ ਕੇ ਸ੍ਰੀਰ, ਵਿਚਾਰ ਇਕ ਚੰਗੇ ਖਿਡਾਰੀ ਵਾਲੇ ਬਣ ਗਏ ਤੇ ਫਿਰ ਸਕੂਲ ਟੀਮ ਵਿਚ ਪੈ ਕੇ ਉਹ ਕੈਪਟਨ ਬਣੇ, ਜ਼ਿਲ੍ਹਾ ਪੱਧਰੀ ਖੇਡੇ, ਸਟੇਟ ਵਿਚ ਚੋਣ ਹੋਈ, ਫਿਰ ਰਾਸ਼ਟਰੀ ਪੱਧਰ ਉਤੇ ਖੇਡੇ ਤੇ ਇਸ ਤਰ੍ਹਾਂ ਸਕੂਲ, ਕਾਲਜ, ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰੀ ਮੈਚ ਜਿੱਤੇ, ਉਲੰਪਿਕ ਖੇਡੇ ਏਸ਼ੀਅਨ ਮੈਚ ਖੇਡੇ ਤੇ ਹੁਣ ਵੀ ਉਹ ਹਰ ਰੋਜ਼ 3-4 ਘੰਟੇ ਪ੍ਰੈਕਟਿਸ ਕਰਦੇ ਹਨ। ਅੱਜ ਜੇਕਰ ਬੱਚੇ ਚੰਗੇ ਖਿਡਾਰੀ ਬਣਨਾ ਚਾਹੁੰਣ ਤਾਂ ਉਨ੍ਹਾਂ ਨੂੰ ਸਖ਼ਤ ਮਿਹਨਤ ਤੇ ਹਰ ਰੋਜ਼ ਸਮੇਂ ਸਿਰ ਪ੍ਰੈਕਟਿਸ ਕਰਨੀ ਪਵੇਗੀ।  

 ਸੰਪਰਕ : 98786-11620