ਖ਼ੁਸ਼ ਰਹਿਣਾ ਹੈ ਤਾਂ ਫ਼ੇਸਬੁਕ 'ਤੇ ਦਿਨ 'ਚ 22 ਮਿੰਟ ਤੋਂ ਜ਼ਿਆਦਾ ਸਮਾਂ ਨਾ ਦਿਉ : ਸਰਵੇਖਣ
ਸਮਾਰਟਫ਼ੋਨ ਯੂਜ਼ਰਜ਼ ਜਿਨ੍ਹਾਂ ਮੋਬਾਈਲ ਐਪਲੀਕੇਸ਼ਨਜ਼ ਦਾ ਇਸਤੇਮਾਲ ਕਰ ਰਹੇ ਹਨ, ਉਹ ਉਨ੍ਹਾਂ ਨੂੰ ਖ਼ੁਸ਼ ਰੱਖ ਰਹੇ ਹਨ ਜਾਂ ਨਿਰਾਸ਼ਾ ਅਤੇ ਤਣਾਅ ਦੇ ਰਹੇ ਹਨ ? ਇਸ ਸਵਾਲ ਦਾ...
ਸਮਾਰਟਫ਼ੋਨ ਯੂਜ਼ਰਜ਼ ਜਿਨ੍ਹਾਂ ਮੋਬਾਈਲ ਐਪਲੀਕੇਸ਼ਨਜ਼ ਦਾ ਇਸਤੇਮਾਲ ਕਰ ਰਹੇ ਹਨ, ਉਹ ਉਨ੍ਹਾਂ ਨੂੰ ਖ਼ੁਸ਼ ਰੱਖ ਰਹੇ ਹਨ ਜਾਂ ਨਿਰਾਸ਼ਾ ਅਤੇ ਤਣਾਅ ਦੇ ਰਹੇ ਹਨ ? ਇਸ ਸਵਾਲ ਦਾ ਜਵਾਬ ਲਭੱਣ ਲਈ ਮੋਬਾਈਲ ਐਪਸ ਦੀ ਮਾਨਿਟਰਿੰਗ ਕਰਨ ਵਾਲੀ ਸੰਸਥਾ ਮੋਮੈਂਟ ਨੇ 2 ਲੱਖ ਤੋਂ ਜ਼ਿਆਦਾ ਮੋਬਾਈਲ ਯੂਜ਼ਰਜ਼ 'ਤੇ ਸਰਵੇਖਣ ਕੀਤਾ। ਸਰਵੇਖਣ ਵਿਚ ਪਤਾ ਚਲਿਆ ਕਿ ਯੂਜ਼ਰਜ਼ ਮੋਬਾਈਲ ਐਪਸ 'ਤੇ ਜ਼ਰੂਰਤ ਤੋਂ ਲਗਭੱਗ 3 ਗੁਣਾ ਜ਼ਿਆਦਾ ਸਮਾਂ ਬਿਤਾ ਰਹੇ ਹਨ।
ਇਹ ਉਨ੍ਹਾਂ ਲਈ ਨਿਰਾਸ਼ਾ ਅਤੇ ਤਣਾਅ ਦਾ ਕਾਰਨ ਬਣ ਰਿਹਾ ਹੈ। ਉਦਾਹਰਣ ਦੇ ਲਈ - ਫ਼ੇਸਬੁਕ 'ਤੇ ਦਿਨ 'ਚ 22 ਮਿੰਟ ਸਮਾਂ ਗੁਜ਼ਾਰਨਾ ਚਾਹੀਦਾ ਹੈ। ਇੰਨਾ ਸਮਾਂ ਗੁਜ਼ਾਰਨ 'ਤੇ ਫ਼ੇਸਬੁਕ ਲੋਕਾਂ ਲਈ ਮਨੋਰੰਜਨ, ਖ਼ੁਸ਼ੀ ਦਾ ਜ਼ਰੀਆ ਸਾਬਤ ਹੋ ਸਕਦਾ ਹੈ ਪਰ ਯੂਜ਼ਰਜ਼ ਇਸ ਸੋਸ਼ਲ ਸਾਈਟ 'ਤੇ 1 ਘੰਟੇ ਤੋਂ ਵੀ ਜ਼ਿਆਦਾ ਸਮਾਂ ਬਿਤਾ ਰਹੇ ਹਨ, ਜੋ ਉਨ੍ਹਾਂ ਦੀ ਨਿਰਾਸ਼ਾ ਦਾ ਕਾਰਨ ਬਣ ਰਿਹਾ ਹੈ। ਉਥੇ ਹੀ ਮੌਸਮ, ਮਿਊਜ਼ਿਕ ਅਤੇ ਫਿਟਨੈਸ ਨਾਲ ਜੁਡ਼ੇ ਐਪਸ ਲੋਕਾਂ ਨੂੰ ਸੱਭ ਤੋਂ ਜ਼ਿਆਦਾ ਖ਼ੁਸ਼ੀ ਦੇ ਰਹੇ ਹਨ।
ਇੰਸਟਾਗ੍ਰਾਮ ਦੇ ਇਸਤੇਮਾਲ ਲਈ ਸਰਵੇ ਵਿਚ ਤੈਅ ਸਮਾਂ 26 ਮਿੰਟ ਮੰਨਿਆ ਗਿਆ ਪਰ ਯੂਜ਼ਰਜ਼ ਇਸ 'ਤੇ ਔਸਤਨ 54 ਮਿੰਟ ਦਾ ਸਮਾਂ ਬਿਤਾ ਰਹੇ ਹਨ। ਇਸੇ ਤਰ੍ਹਾਂ ਟਵਿੱਟਰ 'ਤੇ ਯੂਜ਼ਰ 18 ਦੀ ਬਜਾਏ 50 ਅਤੇ ਯੂਟਿਊਬ 'ਤੇ 35 ਦੀ ਬਜਾਏ 70 ਮਿੰਟ ਦੇ ਰਹੇ ਹਨ। ਖ਼ਾਸ ਗੱਲ ਹੈ ਕਿ ਮੌਸਮ, ਮਿਊਜ਼ਿਕ ਅਤੇ ਫਿਟਨੈਸ ਨਾਲ ਜੁਡ਼ੇ ਐਪਸ ਲੋਕਾਂ ਨੂੰ ਸੱਭ ਤੋਂ ਜ਼ਿਆਦਾ ਖੁਸ਼ੀ ਦੇ ਰਹੇ ਹਨ। ਇਹਨਾਂ 'ਚ ਮੌਸਮ ਦਾ ਐਪ ਕੰਮ (ਸੀਏਐਲਐਮ) ਅਤੇ ਐਮਾਜ਼ੋਨ ਮਿਊਜ਼ਿਕ ਸ਼ਾਮਲ ਹਨ।
ਇਸ ਐਪਸ ਦਾ ਇਸਤੇਮਾਲ ਕਰਕੇ 99 ਫ਼ੀ ਸਦੀ ਯੂਜ਼ਰਜ਼ ਖ਼ੁਸ਼ ਰਹਿੰਦੇ ਹਨ।ਯੂਜ਼ਰਜ਼ ਨੂੰ ਸੱਭ ਤੋਂ ਜ਼ਿਆਦਾ ਦੁਖੀ ਕਰਨ ਵਾਲੇ ਐਪਸ ਵਿਚ ਕੈਂਡੀ ਕਰਸ਼ ਸਾਗਾ, ਫ਼ੇਸਬੁਕ, ਵੀ ਚੈਟ, ਟਿੰਡਰ, ਸਬਵੇ ਸਫ਼ਰ, ਇੰਸਟਾਗ੍ਰਾਮ, ਸਨੈਪਚੈਟ ਟਾਪ 'ਤੇ ਹਨ। ਇਸ ਐਪਸ ਤੋਂ 70 ਫ਼ੀ ਸਦੀ ਤੋਂ ਜ਼ਿਆਦਾ ਯੂਜ਼ਰਜ਼ ਨਾਖੁਸ਼ ਹਨ। ਵੀ ਚੈਟ 'ਤੇ ਯੂਜ਼ਰਜ਼ ਸੱਭ ਤੋਂ ਜ਼ਿਆਦਾ ਸਮਾਂ, 97 ਮਿੰਟ ਦਿੰਦੇ ਹਨ, ਜਦਕਿ ਫ਼ੇਸਬੁਕ 'ਤੇ ਇਕ ਘੰਟੇ ਤੋਂ ਵੀ ਜ਼ਿਆਦਾ।
ਸਰਵੇਖਣ ਵਿਚ ਇਹ ਵੀ ਪਤਾ ਚਲਿਆ ਕਿ ਖੁਸ਼ ਰੱਖਣ ਵਾਲੇ ਐਪਸ ਦੀ ਤੁਲਨਾ 'ਚ ਲੋਕ ਨਿਰਾਸ਼ ਕਰਨ ਵਾਲੇ ਐਪਸ 'ਤੇ ਢਾਈ ਗੁਣਾ ਜ਼ਿਆਦਾ ਸਮਾਂ ਬਿਤਾਉਂਦੇ ਹਨ। ਮੋਬਾਈਲ ਐਪਸ ਦੀ ਮਾਨਿਟਰਿੰਗ ਕਰਨ ਵਾਲੀ ਸੰਸਥਾ ਮੋਮੈਂਟ ਨੇ 2 ਲੱਖ ਤੋਂ ਜ਼ਿਆਦਾ ਆਈਫ਼ੋਨ ਯੂਜ਼ਰਜ਼ 'ਤੇ ਸਰਵੇਖਣ ਕੀਤਾ ਹੈ। ਸਰਵੇਖਣ ਦੇ ਮੁਤਾਬਕ ਖ਼ੁਸ਼ ਰਹਿਣਾ ਹੈ ਤਾਂ ਇੰਸਟਾਗ੍ਰਾਮ 'ਤੇ 26, ਕੈਂਡੀ ਕਰਸ਼ 'ਤੇ 12 ਮਿੰਟ ਤੋਂ ਜ਼ਿਆਦਾ ਨਾ ਦਿਉ।