ਜਿੱਥੇ ਨਹੀਂ ਪੁੱਜਾ ਕੋਈ ਦੇਸ਼, ਚੰਦਰਮਾ ਦੇ ਉਸ ਹਿੱਸੇ 'ਤੇ ਪੁੱਜੇਗਾ ਭਾਰਤ ਦਾ ਚੰਦਰਯਾਨ-2

ਏਜੰਸੀ

ਜੀਵਨ ਜਾਚ, ਤਕਨੀਕ

ਚੰਦਰਯਾਨ-2 ਰਾਹੀਂ ਪੁਲਾੜ 'ਚ ਇਤਿਹਾਸ ਸਿਰਜਣ ਦੀ ਤਿਆਰੀ ਵਿਚ ਭਾਰਤ

Chandrayaan-2

ਨਵੀਂ ਦਿੱਲੀ: ਭਾਰਤ ਵੱਲੋਂ ਪੁਲਾੜ ਦੇ ਇਤਿਹਾਸ ਵਿਚ ਹੁਣ ਨਵਾਂ ਇਤਿਹਾਸ ਸਿਰਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਭਾਰਤ ਦਾ ਚੰਦਰਯਾਨ-2 ਮਿਸ਼ਨ 15 ਜੁਲਾਈ ਨੂੰ ਸ੍ਰੀਹਰੀਕੋਟਾ ਤੋਂ ਲਾਂਚ ਹੋਣ ਮਗਰੋਂ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਲੈਂਡਿੰਗ ਕਰੇਗਾ। ਇਸ ਜਗ੍ਹਾ 'ਤੇ ਇਸ ਤੋਂ ਪਹਿਲਾਂ ਕਿਸੇ ਵੀ ਦੇਸ਼ ਦਾ ਕੋਈ ਯਾਨ ਨਹੀਂ ਪਹੁੰਚ ਸਕਿਆ ਕਿਉਂਕਿ ਜ਼ਿਆਦਾਤਰ ਚੰਦਰਯਾਨਾਂ ਦੀ ਲੈਂਡਿੰਗਜ਼ ਉੱਤਰੀ ਗੋਲਾਰਧ ਵਿਚ ਜਾਂ ਭੂ ਮੱਧ ਰੇਖੀ ਖੇਤਰ ਵਿਚ ਹੀ ਹੋਈਆਂ ਹਨ। 

ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਇਸਰੋ ਦੇ ਮੁਖੀ ਕੇ. ਸਿਵਨ ਨੇ ਕਿਹਾ ਕਿ ਵਿਕਰਮ ਦੇ 15 ਮਿੰਟ ਦੇ ਆਖ਼ਰੀ ਪੜਾਅ ਵਿਚ ਉਤਰਨ ਦੇ ਪਲ ਸਭ ਤੋਂ ਜ਼ਿਆਦਾ ਡਰਾਉਣ ਵਾਲੇ ਹੋਣਗੇ ਕਿਉਂਕਿ ਅਸੀਂ ਕਦੇ ਵੀ ਇੰਨੇ ਔਖੇ ਮਿਸ਼ਨ 'ਤੇ ਕੰਮ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਲੈਂਡਿੰਗ ਤੋਂ ਬਾਅਦ ਰੋਵਰ ਚੰਦਰਮਾ ਦੀ ਮਿੱਟੀ ਦਾ ਰਸਾਇਣਕ ਵਿਸ਼ਲੇਸਣ ਕਰੇਗਾ ਜਦਕਿ ਲੈਂਡਰ ਚੰਦਰਮਾ ਦੀਆਂ ਝੀਲਾਂ ਨੂੰ ਮਾਪੇਗਾ ਅਤੇ ਹੋਰ ਚੀਜ਼ਾਂ ਤੋਂ ਇਲਾਵਾ ਲੂਨਰ ਕ੍ਰਸਟ ਵਿਚ ਖੁਦਾਈ ਕਰੇਗਾ। ਭਾਰਤ ਨੇ 2009 ਵਿਚ ਚੰਦਰਯਾਨ-1 ਤੋਂ ਬਾਅਦ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਦੇ ਅਣੂਆਂ ਦੀ ਮੌਜੂਦਗੀ ਦਾ ਪਤਾ ਲਗਾਉਣ ਤੋਂ ਬਾਅਦ ਉਥੇ ਪਾਣੀ ਦੀ ਖੋਜ ਜਾਰੀ ਰੱਖੀ ਹੋਈ ਹੈ ਕਿਉਂਕਿ ਜੇਕਰ ਚੰਦਰਮਾ 'ਤੇ ਪਾਣੀ ਮਿਲਦਾ ਤਾਂ ਭਵਿੱਖ ਵਿਚ ਉਥੇ ਮਨੁੱਖ ਦੇ ਰਹਿਣ ਦੀ ਸੰਭਾਵਨਾ ਬਣ ਸਕਦੀ ਹੈ।

ਇਸ ਪੁਲਾੜ ਯਾਨ ਨੂੰ ਚੰਨ ਦੇ ਦੱਖਣੀ ਧਰੁਵ ਤੱਕ ਪੁੱਜਣ ਅਤੇ ਲੈਂਡ ਕਰਨ ਵਿਚ ਦੋ ਮਹੀਨਿਆਂ ਦਾ ਸਮਾਂ ਲੱਗੇਗਾ। ਚੰਦਰਯਾਨ-2 ਦਾ ਆਰਬਿਟਰ, ਲੈਂਡਰ ਅਤੇ ਰੋਵਰ ਲਗਭਗ ਪੂਰੀ ਤਰ੍ਹਾਂ ਭਾਰਤ ਵਿਚ ਹੀ ਡਿਜ਼ਾਇਨ ਕੀਤੇ ਅਤੇ ਬਣਾਏ ਗਏ ਹਨ ਅਤੇ ਭਾਰਤ 2.4 ਟਨ ਵਜ਼ਨ ਵਾਲੇ ਆਰਬਿਟਰ ਨੂੰ ਲਿਜਾਣ ਲਈ ਅਪਣੇ ਸਭ ਤੋਂ ਤਾਕਤਵਰ ਰਾਕੇਟ ਲਾਂਚਰ ਜੀਐਸਐਲਵੀ ਐਮਕੇ-3 ਦੀ ਵਰਤੋਂ ਕਰੇਗਾ। ਆਰਬਿਟਰ ਦੀ ਮਿਸ਼ਨ ਲਾਈਫ਼ ਲਗਭਗ ਇਕ ਸਾਲ ਹੈ। ਦੱਸ ਦਈਏ ਕਿ ਚੰਨ ਦੇ ਦੱਖਣੀ ਧਰੁਵ 'ਤੇ ਕਦੇ ਵੀ ਸੂਰਜ ਦੀਆਂ ਕਿਰਨਾਂ ਨਹੀਂ ਪੁੱਜਦੀਆਂ ਜਿਸ ਦਿਨ ਚੰਦਰਯਾਨ–2 ਉਸ ਜਗ੍ਹਾ 'ਤੇ ਉੱਤਰ ਜਾਵੇਗਾ। ਉਸੇ ਦਿਨ ਹੀ ਪੁਲਾੜ ਖੇਤਰ ਵਿਚ ਭਾਰਤ ਵੱਲੋਂ ਇਕ ਨਵਾਂ ਇਤਿਹਾਸ ਰਚਿਆ ਜਾਵੇਗਾ।