ਭਾਰਤ ਦਸੰਬਰ 2021 ਤਕ ਪੁਲਾੜ ਵਿਚ ਇਨਸਾਨ ਨੂੰ ਭੇਜੇਗਾ : ਇਸਰੋ

ਏਜੰਸੀ

ਜੀਵਨ ਜਾਚ, ਤਕਨੀਕ

ਚੰਦਰਯਾਨ-2 ਮਿਸ਼ਨ ਨੇ 98 ਫ਼ੀ ਸਦੀ ਟੀਚਾ ਹਾਸਲ ਕੀਤਾ : ਸਿਵਨ

ISRO chief

ਭੁਵਨੇਸ਼ਵਰ: ਭਾਰਤੀ ਪੁਲਾੜ ਖੋਜ ਸੰਸਥਾ ਦੇ ਮੁਖੀ ਕੇ ਸਿਵਨ ਨੇ ਕਿਹਾ ਕਿ ਦੇਸ਼ ਦਸੰਬਰ 2021 ਤਕ ਇਨਸਾਨ ਨੂੰ ਪੁਲਾੜ ਵਿਚ ਭੇਜਣ ਦੇ ਅਪਣੇ ਟੀਚੇ ਨੂੰ ਪੂਰਾ ਕਰਨ ਲਈ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਦੇ ਲੈਂਡਰ ਵਿਕਰਮ ਨੂੰ ਚੰਨ ਦੀ ਸਤ੍ਹਾ 'ਤੇ ਭੇਜਣ ਦੀ ਇਸਰੋ ਦੀ ਯੋਜਨਾ ਬੇਸ਼ੱਕ ਪੂਰੀ ਨਹੀਂ ਹੋ ਸਕੀ ਪਰ ਇਸ ਦਾ ਚੰਨ ਮਿਸ਼ਨ 'ਤੇ ਕੋਈ ਅਸਰ ਨਹੀਂ ਪਵੇਗਾ।

ਉਨ੍ਹਾਂ ਕਿਹਾ, 'ਦਸੰਬਰ 2020 ਤਕ ਸਾਡੇ ਕੋਲ ਪੁਲਾੜ ਜਹਾਜ਼ ਦਾ ਪਹਿਲਾ ਇਨਸਾਨ ਰਹਿਤ ਮਿਸ਼ਨ ਹੋਵੇਗਾ। ਅਸੀਂ ਦੂਜੇ ਮਨੁੱਖ ਰਹਿਤ ਪੁਲਾੜ ਜਹਾਜ਼ ਦਾ ਟੀਚਾ ਜੁਲਾਈ 2021 ਤਕ ਰਖਿਆ ਹੈ ਜਦ ਪਹਿਲਾ ਭਾਰਤੀ ਸਾਡੇ ਅਪਣੇ ਰਾਕੇਟ ਦੁਆਰਾ ਲਿਜਾਇਆ ਜਾਵੇਗਾ। ਇਹ ਸਾਡਾ ਟੀਚਾ ਹੈ ਜਿਸ 'ਤੇ ਅਸੀਂ ਕੰਮ ਕਰ ਰਹੇ ਹਾਂ।' ਉਹ ਇਥੇ ਕਿਸੇ ਸਮਾਗਮ ਵਿਚ ਬੋਲ ਰਹੇ ਸਨ।

ਉਨ੍ਹਾਂ ਕਿਹਾ ਕਿ ਚੰਦਰਯਾਨ-2 ਮਿਸ਼ਨ ਨੇ ਅਪਣਾ 98 ਫ਼ੀ ਸਦੀ ਟੀਚਾ ਹਾਸਲ ਕਰ ਲਿਆ ਹੈ ਜਦਕਿ ਵਿਗਿਆਨੀ ਲੈਂਡਰ ਵਿਕਰਮ ਨਾਲ ਸੰਪਰਕ ਸਥਾਪਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਸਿਵਨ ਨੇ ਇਹ ਵੀ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਤੈਅ ਵਿਗਿਆਨਕ ਪ੍ਰਯੋਗ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਸਮਾਗਮ ਤੋਂ ਪਹਿਲਾਂ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਨ ਨੇ ਕਿਹਾ, 'ਅਸੀਂ ਕਹਿ ਰਹੇ ਹਾਂ ਕਿ ਚੰਦਰਯਾਨ-2 ਨੇ 98 ਫ਼ੀ ਸਦੀ ਟੀਚਾ ਹਾਸਲ ਕਰ ਲਿਆ ਹੈ। ਇਸ ਦੇ ਦੋ ਕਾਰਨ ਹਨ-ਪਹਿਲਾ ਵਿਗਿਆਨਕ ਅਤੇ ਦੂਜਾ ਤਕਨੀਕੀ ਪ੍ਰਮਾਣ।

ਤਕਨੀਕ ਦੇ ਮੋਰਚੇ 'ਤੇ ਲਗਭਗ ਪੂਰੀ ਸਫ਼ਲਤਾ ਹਾਸਲ ਕੀਤੀ ਗਈ ਹੈ।' ਸਿਵਨ ਨੇ ਕਿਹਾ ਕਿ ਇਸਰੋ 2020 ਤਕ ਦੂਜੇ ਚੰਨ ਮਿਸ਼ਨ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਉਨ੍ਹਾਂ ਕਿਹਾ, 'ਭਵਿੱਖ ਦੀ ਯੋਜਨਾ 'ਤੇ ਚਰਚਾ ਜਾਰੀ ਹੈ। ਕਿਸੇ ਵੀ ਚੀਜ਼ ਨੂੰ ਅੰਤਮ ਰੂਪ ਨਹੀਂ ਦਿਤਾ ਗਿਆ। ਸਾਡੀ ਤਰਜੀਹ ਅਗਲੇ ਸਾਲ ਤਕ ਮਾਨਵ ਰਹਿਤ ਮਿਸ਼ਨ ਹੈ।' ਪਹਿਲਾਂ ਸਾਨੂੰ ਸਮਝਣਾ ਪਵੇਗਾ ਕਿ ਲੈਂਡਰ ਨਾਲ ਕੀ ਹੋਇਆ। ਉਨ੍ਹਾਂ ਕਿਹਾ ਕਿ ਵਿਕਰਮ ਨਾਲ ਸੰਵਾਦ ਹੋਣ ਦਾ ਵਿਸ਼ਲੇਸ਼ਣ ਕੌਮੀ ਪੱਧਰ ਦੀ ਕਮੇਟੀ ਕਰ ਰਹੀ ਹੈ ਜਿਸ ਵਿਚ ਸਿਖਿਆ ਮਾਹਰ ਅਤੇ ਇਸਰੋ ਦੇ ਮਾਹਰ ਸ਼ਾਮਲ ਹਨ। ਉਨ੍ਹਾਂ ਕਿਹਾ, 'ਅਸੀਂ ਹੁਣ ਤਕ ਲੈਂਡਰ ਨਾਲ ਸੰਪਰਕ ਕਾਇਮ ਨਹੀਂ ਕਰ ਸਕੇ। ਜਿਉਂ ਹੀ ਸਾਨੂੰ ਕੋਈ ਅੰਕੜਾ ਮਿਲਦਾ ਹੈ, ਜ਼ਰੂਰੀ ਕਦਮ ਚੁੱਕੇ ਜਾਣਗੇ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।