ਹੁਣ ਸਿਰਫ਼ ਪੰਜ ਮਿੰਟ ‘ਚ ਹੋਵੇਗਾ ਕੋਰੋਨਾ ਟੈਸਟ, ਯੂਐਸ ਕੰਪਨੀ ਦਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੇ ਹੜਕੰਪ ਮਚਾਇਆ ਹੋਇਆ ਹੈ।

Photo

ਵਾਸ਼ਿੰਗਟਨ: ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੇ ਹੜਕੰਪ ਮਚਾਇਆ ਹੋਇਆ ਹੈ। ਕਈ ਦੇਸ਼ਾਂ ਵਿਚ ਲੌਕਡਾਊਨ ਹੋ ਚੁੱਕਾ ਹੈ ਪਰ ਹਾਲੇ ਵੀ ਕੋਰੋਨਾ ਵਾਇਰਸ ਦੀ ਜਾਂਚ  ਅਤੇ ਟੈਸਟ ਨੂੰ ਲੈ ਕੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਵਿਚ ਤੇਜ਼ੀ ਆਉਣੀ ਚਾਹੀਦੀ ਹੈ। ਇਸੇ ਦੌਰਾਨ ਅਮਰੀਕਾ ਦੀ ਇਕ ਕੰਪਨੀ ਨੇ ਦਾਅਵਾ ਕੀਤਾ  ਹੈ ਕਿ ਉਸ ਨੇ ਇਕ ਯੰਤਰ ਤਿਆਰ ਕੀਤਾ ਹੈ, ਜਿਸ ਨਾਲ ਕੋਰੋਨਾ ਦਾ ਟੈਸਟ ਸਿਰਫ਼ ਪੰਜ ਮਿੰਟ ਵਿਚ ਹੋ ਜਾਵੇਗਾ। 

ਯਾਨੀ ਸਿਰਫ ਪੰਜ ਮਿੰਟਾਂ ਵਿਚ ਪਤਾ ਚੱਲ ਜਾਵੇਗਾ ਕਿ ਵਿਅਕਤੀ ਕੋਰੋਨਾ ਨਾਲ ਪੀੜਤ ਹੈ ਜਾਂ ਨਹੀਂ। ਦਰਅਸਲ ਇਕ ਰਿਪੋਰਟ ਮੁਤਾਬਕ ਯੂਐਸ ਡਿਪਾਰਟਮੈਂਟ ਆਫ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਡੀਕਲ ਡਿਵਾਇਸ ਬਣਾਉਣ ਵਾਲੀ ਕੰਪਨੀ ਐਬਾਟ ਲੈਬੋਰੇਟਰੀਜ਼ ਨੇ ਕੋਰੋਨਾ ਵਾਇਰਸ ਦੀ ਜਾਂਚ ਲਈ ਇਸ ਪੋਰਟੇਬਲ ਟੈਸਟ ਦਾ ਪ੍ਰਦਰਸ਼ਨ ਕੀਤਾ ਹੈ।

ਐਬਾਟ ਲੈਬੋਰੇਟਰੀਜ਼ ਨੇ ਵੀ ਅਪਣੇ ਇਕ ਟਵੀਟ ਵਿਚ ਇਹ ਸੂਚਨਾ ਦਿੱਤੀ ਹੈ ਕਿ ਅਸੀਂ ਇਕ ਪਰੀਖਣ ਸ਼ੁਰੂ ਕਰ ਰਹੇ ਹਾਂ ਜੋ ਕੋਵਿਡ-19 ਬਾਰੇ ਦੱਸੇਗਾ। ਇਹ ਪਰੀਖਣ 5 ਮਿੰਟ ਤੋਂ ਵੀ ਤੇਜ਼ੀ ਨਾਲ ਹੋਵੇਗਾ। ਕੰਪਨੀ ਨੇ ਕਿਹਾ ਕਿ ਇਹ ਟੈਸਟ ਉਸ ਦੇ ਪਲੇਟਫਾਰਮ ‘ਤੇ ਹੋਵੇਗਾ। ਇਕ ਹਲਕਾ, ਛੋਟਾ ਅਤੇ ਪੋਰਟੇਬਲ ਡਿਵਾਇਸ ਹੈ, ਜੋ ਮਾਲਿਕਿਊਲਰ ਟੈਰਨਾਲੋਜੀ ‘ਤੇ ਕੰਮ ਕਰਦਾ ਹੈ। 

ਕਿਹਾ ਜਾ ਰਿਹਾ ਹੈ ਕਿ ਇਸ ਦੀ ਮਦਦ ਨਾਲ ਇਕ ਹਫਤੇ ਵਿਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਟੈਸਟ ਕੀਤੇ ਜਾਣਗੇ। ਦੱਸ ਦਈਏ ਕਿ ਦੁਨੀਆ ਭਰ ਵਿਚ ਕੁੱਲ 5,66,269 ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਪ੍ਰਭਾਵਿਤ ਹਨ ਜਦਕਿ 26 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ  ਹੈ।