ਵਟਸਐਪ 'ਤੇ ਪੈਸਿਆਂ ਦੇ ਲੈਣ-ਦੇਣ ਦੀ ਸਹੂਲਤ ਅਗਲੇ ਹਫ਼ਤੇ ਤੋਂ ਹੋਵੇਗੀ ਸ਼ੁਰੂ

ਏਜੰਸੀ

ਜੀਵਨ ਜਾਚ, ਤਕਨੀਕ

ਗੂਗਲ ਤੇਜ ਅਤੇ ਪੇ.ਟੀ.ਐਮ. ਵਰਗੇ ਮੁਕਾਬਲੇਬਾਜ਼ਾਂ ਦੇ ਮਾਰਕੀਟ ਸ਼ੇਅਰ 'ਚ ਅਪਣਾ ਹਿੱਸਾ ਬਣਾਉਣ ਲਈ ਫ਼ੇਸਬੁਕ ਨੇ ਕਮਰ ਕੱਸ ਲਈ ਹੈ। ਇਸ ਤਹਿਤ ਕੰਪਨੀ ਅਗਲੇ ਹਫ਼ਤੇ ਤਕ ਪੂਰੇ...

WhatsApp money transfer

ਨਵੀਂ ਦਿੱਲੀ : ਗੂਗਲ ਤੇਜ ਅਤੇ ਪੇ.ਟੀ.ਐਮ. ਵਰਗੇ ਮੁਕਾਬਲੇਬਾਜ਼ਾਂ ਦੇ ਮਾਰਕੀਟ ਸ਼ੇਅਰ 'ਚ ਅਪਣਾ ਹਿੱਸਾ ਬਣਾਉਣ ਲਈ ਫ਼ੇਸਬੁਕ ਨੇ ਕਮਰ ਕੱਸ ਲਈ ਹੈ। ਇਸ ਤਹਿਤ ਕੰਪਨੀ ਅਗਲੇ ਹਫ਼ਤੇ ਤਕ ਪੂਰੇ ਦੇਸ਼ 'ਚ 'ਵਟਸਐਪ ਪੇਮੈਂਟ' ਸਹੂਲਤ ਜਾਰੀ ਕਰੇਗੀ। ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਹਾਲਾਂ ਕਿ ਅਜੇ ਤਕ ਇਸ ਸਹੂਲਤ ਲਈ ਕੰਪਨੀ ਦੇ ਹਿੱਸੇਦਾਰ ਤਿਆਰ ਨਹੀਂ ਹਨ।

ਸੂਤਰਾਂ ਮੁਤਾਬਕ, ਮੈਸੇਜਿੰਗ ਐਪ ਵਟਸਐਪ ਨੇ ਅਪਣੀ ਪੇਮੈਂਟ ਸਹੂਲਤ ਲਈ ਐਚ.ਡੀ.ਐਫ਼.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਕਸਿਸ ਬੈਂਕ ਨਾਲ ਟਰਾਂਸਫ਼ਰ ਪ੍ਰੋਸੈਸ ਕਰਨ ਲਈ ਹਿੱਸੇਦਾਰੀ ਕੀਤੀ ਹੈ। ਇਸ ਤੋਂ ਇਲਾਵਾ ਸੱਭ ਜ਼ਰੂਰੀ ਸਿਸਟਮ ਸੈੱਟ ਹੋਣ ਤੋਂ ਬਾਅਦ ਸਟੇਟ ਬੈਂਕ ਆਫ਼ ਇੰਡੀਆ ਵੀ ਕੰਪਨੀ ਦੇ ਹਿੱਸੇਦਾਰਾਂ 'ਚ ਸ਼ਾਮਲ ਹੋਵੇਗਾ।

ਫ਼ੇਸਬੁਕ ਦਾ ਟੀਚਾ ਅਪਣੇ ਚਾਰੇ ਹਿੱਸੇਦਾਰਾਂ ਨਾਲ ਫੁਲ ਰੋਲਆਊਟ ਦਾ ਸੀ ਪਰ ਹੁਣ ਕੰਪਨੀ ਨੇ ਸਿਰਫ਼ ਤਿੰਨ ਹਿੱਸੇਦਾਰਾਂ ਨਾਲ ਹੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਾ ਕਾਰਨ ਮੁਕਾਬਲੇਬਾਜ਼ ਕੰਪਨੀਆਂ ਦਾ ਲਗਾਤਾਰ ਇਸ ਰੇਸ 'ਚ ਅੱਗੇ ਨਿਕਲਣਾ ਹੈ। ਭਾਰਤ 'ਚ ਵਟਸਐਪ ਦੀ ਪੇਮੈਂਟ ਖੇਤਰ 'ਚ ਉਸੇ ਤਰ੍ਹਾਂ ਐਂਟਰੀ ਹੋਈ ਹੈ, ਜਿਸ ਚੀਨ 'ਚ ਵੀਚੈਨ ਨੇ ਕੀਤੀ ਸੀ। ਵੀਚੈਟ ਨੇ ਵੀ ਮੈਸੇਜਿੰਗ ਤੋਂ ਬਾਅਦ ਹੀ ਚੀਨ 'ਚ ਪੇਮੈਂਟ ਸਹੂਲਤ ਦੀ ਸ਼ੁਰੂਆਤ ਕੀਤੀ ਸੀ। ਵਟਸਐਪ ਪੇਅ ਦੇ ਪਾਇਲਟ ਵਰਜ਼ਨ ਨੂੰ ਫ਼ਰਵਰੀ 'ਚ 10 ਲੱਖ ਲੋਕਾਂ ਨਾਲ ਸ਼ੁਰੂ ਕੀਤਾ ਗਿਆ ਸੀ। (ਏਜੰਸੀ)