ਛਟ੍ਹਾਲੇ ਦੀ ਟਰਾਲੀ (ਭਾਗ 5)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਸ ਤੋਂ ਪਹਿਲਾਂ ਕਿ ਦੁੱਲਾ ਜਵਾਬ ਦੇਂਦਾ, ਗੱਲ ਵਧਦੀ ਹੋਈ ਭਾਂਪ ਕੇ ਲੰਬੜਦਾਰ, ਉੱਚੀ ਆਵਾਜ਼ ਵਿਚ ਰੁਲਦੂ ਨੂੰ ਆਖਣ ਲੱਗਾ, ''ਜੇ ਤੁਸੀ ਆਪੇ ਈ ਰੌਲਾ ਪਾਉਣਾ ਸੀ ਤਾਂ ...

Trifolium alexandrinum

ਇਸ ਤੋਂ ਪਹਿਲਾਂ ਕਿ ਦੁੱਲਾ ਜਵਾਬ ਦੇਂਦਾ, ਗੱਲ ਵਧਦੀ ਹੋਈ ਭਾਂਪ ਕੇ ਲੰਬੜਦਾਰ, ਉੱਚੀ ਆਵਾਜ਼ ਵਿਚ ਰੁਲਦੂ ਨੂੰ ਆਖਣ ਲੱਗਾ, ''ਜੇ ਤੁਸੀ ਆਪੇ ਈ ਰੌਲਾ ਪਾਉਣਾ ਸੀ ਤਾਂ ਮੇਰੇ ਕੋਲ ਕੀ ਲੈਣ ਆਇਆ ਸੈਂ..., ਲੜਨਾ-ਮਰਨਾ ਜੇ ਤਾਂ ਜਾਉ ਥਾਣੇ ਚਲੇ ਜੋ..., ਦੋਹਾਂ ਦੇ ਚਿੱਤੜ ਸੇਕੇ ਜਾਣਗੇ... ਨਾਲੇ ਪੁਲਿਸ ਪੈਸੇ ਮਾਂਜ ਲਊ। ਫਿਰ ਥੋਨੂੰ ਪਤਾ ਲੱਗੂ...। ਸਾਲੇ ਅਨਪੜ੍ਹ ਗਵਾਰ...। ''ਲੰਬੜਦਾਰ ਦੀ ਦਹਾੜ ਸੁਣ ਕੇ ਦੋਵੇਂ ਕੁੱਝ ਠੰਢੇ ਪੈ ਗਏ। ''ਠੀਕ ਏ ਲੰਬੜਦਾਰਾ... ਤੂੰ ਜੋ ਫ਼ੈਸਲਾ ਕਰੇਂਗਾ ਮੈਨੂੰ ਮਨਜ਼ੂਰ ਏੇ।'', ਦੁੱਲੇ ਵਲ ਅੱਖਾਂ ਕਢਦਾ ਹੋਇਆ ਰੁਲਦੂ   ਬੋਲਿਆ।

''ਪਰ ਲੰਬੜਦਾਰਾ ਮੇਰਾ ਤਾਂ ਕੋਈ ਕਸੂਰ ਈ ਨਹੀਂ...। ਇਹਦੇ ਪੱਠੇ ਮੈਂ ਵੱਢੇ ਈ ਨਹੀਂ...। ਨਾ ਕੋਈ ਗਵਾਹ....., ਨਾ ਕੋਈ ਸਬੂਤ...। ਮੈਨੂੰ ਐਂਵੇ ਈ ਡੰਡ ਦੇ ਦਏਂਗਾ?'' ਦੁੱਲਾ ਵਿਚਾਰਗੀ ਦੇ ਆਲਮ ਵਿਚ ਬੋਲਿਆ। ਪਰ ਲੰਬੜਦਾਰ ਨੇ ਸਜ਼ਾ ਮਿੱਥ ਲਈ ਅਤੇ ਉਸ ਸਜ਼ਾ ਦਾ ਐਲਾਨ ਕਰ ਦਿਤਾ, ''ਠੀਕ ਏ..., ਪਰਸੋਂ ਆਪਾਂ ਛਟ੍ਹਾਲੇ ਦੀ ਟਰਾਲੀ ਸ਼ਹਿਰ... ਮੰਡੀ ਖੜਨੀ ਏ। ਤੁਸੀ ਦੋਵੇਂ ਪਿਉ-ਪੁੱਤਰ ਨੇ ਟਰਾਲੀ ਜੋਗੇ ਪੱਠੇ ਵਢਣੇ ਨੇ। ਕਲ ਆ ਜਾਇਉ ਦੁਪਹਿਰ ਤੋਂ ਪਿਛੋਂ... ਤੇ ਸ਼ੁਰੂ ਕਰ ਦਿਉ ਵਢਣੇ...। 7-8 ਵਜੇ ਤਕ ਟਰਾਲੀ ਲੱਦ ਦਿਉ... ਇਹੋ ਤੁਹਾਡੀ ਸਜ਼ਾ ਏ....। ਹਾਂ ਜਾਣ ਲਗਿਆਂ ਥੋਨੂੰ ਇਕ ਪੰਡ ਛਟ੍ਹਾਲੇ ਦੀ ਵੀ ਮਿਲੂ।''

ਰੁਲਦੂ ਕੁੱਝ ਸੰਤੁਸ਼ਟ ਜਾਪਦਾ ਸੀ ਪਰ ਛਟ੍ਹਾਲੇ ਦੀ ਪੰਡ ਦੇਣ ਵਾਲੀ ਗੱਲ ਉਸ ਨੂੰ ਨਹੀਂ ਸੀ ਪਚ ਰਹੀ। ਮਜਬੂਰ ਜਿਹਾ ਦੁੱਲਾ ਇਹ ਸੋਚਦਾ ਹੋਇਆ ਅਪਣੇ ਘਰ ਵਲ ਤੁਰ ਪਿਆ ਕਿ ਜੇ ਥਾਣੇ ਜਾਣਾ ਪਿਆ ਤਾਂ ਵੱਡਾ   ਮਸਲਾ ਬਣ ਜਾਵੇਗਾ। ਭਾਵੇਂ ਘੁੱਕ ਦੀ ਇਕ ਦਿਨ ਦੀ, ਪੜ੍ਹਾਈ ਤਾਂ ਖ਼ਰਾਬ ਹੋਣੀ ਹੀ ਏ। ਪੱਠਿਆਂ ਦੀ ਪੰਡ ਮਿਲਣ    ਵਾਲੀ ਗੱਲ ਉਸ ਮਜਬੂਰ ਅਤੇ ਬੇਕਸੂਰ ਨੂੰ ਕੁੱਝ ਸੰਤੁਸ਼ਟੀ ਦੇ ਰਹੀ ਸੀ। ਡਾ. ਮਨਜੀਤ ਸਿੰਘ ਬੱਲ ਸੰਪਰਕ : 83508-00327