ਸਹਿਜ ਸੁਭਾਅ ਲਿਖਣ ਵਾਲਾ ਲੇਖਕ ਗੁਲਜ਼ਾਰ ਸਿੰਘ ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਗੁਲਜ਼ਾਰ ਸਿੰਘ ਸੰਧੂ ਸਹਿਜ-ਭਾਅ ਲਿਖਣ ਵਾਲਾ ਲੇਖਕ ਹੈ। ਸਮਕਾਲੀਨ ਮਨੁੱਖ ਦੇ ਮਨੋਯਥਾਰਥ ਦੀ ਪੇਸ਼ਕਾਰੀ ਉਨ੍ਹਾਂ ਦਾ ਪ੍ਰਮੁਖ ਖੇਤਰ ਹੈ।

Gulzar Singh Sandhu

ਗੁਲਜ਼ਾਰ ਸਿੰਘ ਸੰਧੂ, ਸਾਹਿਤ ਅਕਾਦਮੀ ਇਨਾਮ ਜੇਤੂ, ਪ੍ਰਸਿੱਧ ਕਥਾਕਾਰ ਹਨ। ਉਨ੍ਹਾਂ ਦਾ ਜਨਮ 27 ਫ਼ਰਵਰੀ 1935 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੋਟਲਾ ਬਡਲਾ ਵਿਖੇ ਇਕ ਕਿਸਾਨ ਪ੍ਰਵਾਰ ਵਿਚ ਹੋਇਆ। ਵਿਦਿਆਰਥੀ ਜੀਵਨ ਦੌਰਾਨ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਸਾਹਿਤ ਰਚਨਾ ਦਾ ਅਭਿਆਸ ਵੀ ਕੀਤਾ ਅਤੇ ਨਤੀਜੇ ਵਜੋਂ ਕਾਲਜ ਮੈਗਜ਼ੀਨ ਦੇ ਪੰਜਾਬੀ ਭਾਗ ਦੇ ਸੰਪਾਦਕ ਬਣੇ। ਬੀ.ਏ. ਪਾਸ ਕਰਨ ਉਪਰੰਤ ਉਹ ਦਿੱਲੀ ਅਪਣੇ ਮਾਮੇ ਕੋਲ ਚਲੇ ਗਏ।

ਉਨ੍ਹਾਂ ਨੇ ਅੰਗਰੇਜ਼ੀ ਦੀ ਐਮ.ਏ. ਕੀਤੀ ਅਤੇ ਭਾਰਤ ਸਰਕਾਰ ਦੇ ਅਦਾਰੇ ਵਿਚ ਨੌਕਰੀ ਪ੍ਰਾਪਤ ਕਰ ਲਈ। ਉਨ੍ਹਾਂ ਦੀ ਧਰਮ-ਪਤਨੀ ਸੁਰਜੀਤ ਕੌਰ ਵੀ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਵਿਚ ਉੱਚ ਅਹੁਦਿਆਂ ਤੇ ਬਿਰਾਜਮਾਨ ਰਹੇ ਹਨ। 1956 ਤੋਂ ਸ਼ੁਰੂ ਕਰ ਕੇ ਉਸ ਨੇ 28 ਸਾਲ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਨੌਕਰੀ ਕੀਤੀ ਹੈ, ਜਿਨ੍ਹਾਂ ਵਿਚੋਂ ਆਈ.ਸੀ.ਏ.ਆਰ., ਖੇਤੀ-ਬਾੜੀ ਵਿਭਾਗ, ਅਰਥ ਸ਼ਾਸਤਰ ਅਤੇ ਅੰਕੜਾ ਵਿਭਾਗ ਪ੍ਰਮੁੱਖ ਹਨ। ਸੰਧੂ ਨੇ ਸਰਕਾਰੀ ਨੌਕਰੀ ਅਤੇ ਸਾਹਿਤ ਰਚਨਾ ਨੂੰ ਨਾਲੋ-ਨਾਲ ਸਹਿਜ ਨਾਲ ਨਿਭਾਇਆ ਹੈ।

ਗੁਲਜ਼ਾਰ ਸਿੰਘ ਸੰਧੂ ਸਹਿਜ-ਭਾਅ ਲਿਖਣ ਵਾਲਾ ਲੇਖਕ ਹੈ। ਸਮਕਾਲੀਨ ਮਨੁੱਖ ਦੇ ਮਨੋਯਥਾਰਥ ਦੀ ਪੇਸ਼ਕਾਰੀ ਉਨ੍ਹਾਂ ਦਾ ਪ੍ਰਮੁਖ ਖੇਤਰ ਹੈ। ਉਨ੍ਹਾਂ ਨੇ ਕਿਸੇ ਵਾਦ ਨਾਲ ਬੱਝ ਕੇ ਸਾਹਿਤ ਰਚਨਾ ਨਹੀਂ ਕੀਤੀ , ਫਿਰ ਵੀ ਉਹ ਸਮਾਜਿਕ ਕ੍ਰਾਂਤੀ ਦੇ ਹਾਮੀ ਹਨ। ਗੁਲਜ਼ਾਰ ਸਿੰਘ ਸੰਧੂ ਨੇ ਹੁਸਨ ਦੇ ਹਾਣੀ (1963), ਇਕ ਸਾਂਝ (1965), ਸੋਨੇ ਦੀ ਇੱਟ (1970), ਅਮਰ ਕਥਾ (1978), ਗਮਲੇ ਦੀ ਵੇਲ (1984), ਰੁਦਨ ਬਿੱਲੀਆਂ ਦਾ (1988) ਨਾਮੀ ਕਹਾਣੀ-ਸੰਗ੍ਰਹਿ ਅਤੇ ਕੰਧੀ ਜਾਏ (1989) ਨਾਮਕ ਨਾਵਲ ਦੀ ਰਚਨਾ ਕੀਤੀ।

ਇਸ ਤੋਂ ਇਲਾਵਾ ਵਾਰਤਕ ਦੇ ਖੇਤਰ ਵਿਚ ਸਾਡੇ ਹਾਰ ਸ਼ਿੰਗਾਰ (1961), ਮੇਰਾ ਪੰਜਾਬ ਤੇ ਮੇਰੀ ਪੱਤਰਕਾਰੀ (2000), ਪੰਝੀ ਮੁਲਕ ਪਝੰਤਰ ਗੱਲਾਂ (2003) ਉਸ ਦੀਆਂ ਰਚਨਾਵਾਂ ਹਨ। ਗੁਲਜ਼ਾਰ ਸਿੰਘ ਸੰਧੂ ਦੀਆਂ ਅਨੁਵਾਦਿਤ ਪੁਸਤਕਾਂ ਵਿਚ ਟੈੱਸ (ਥਾਮਸ ਹਾਰਡੀ), ਸਾਥੀ (ਵੈਸਿਲੀ ਐਕਿਸਨੋਵ), ਪਾਕਿਸਤਾਨ ਮੇਲ (ਖੁਸ਼ਵੰਤ ਸਿੰਘ), ਜੀਵਨ ਤੇ ਸਾਹਿਤ (ਮੈਕਸਿਮ ਗੋਰਕੀ), ਬਾਲ ਬਿਰਖ ਤੇ ਸੂਰਜ (ਦਾਗਨੀਜ਼ਾ ਜ਼ਿਗਮੋਤੇ), ਲਹਿਰਾਂ ਦੀ ਆਵਾਜ਼ (ਤਾਮਿਲ ਨਾਵਲ), ਭਾਰਤੀ ਸੈਨਾ ਦੀਆਂ ਪਰੰਪਰਾਵਾਂ (ਵਾਰਤਕ) ਆਦਿ ਸ਼ਾਮਲ ਹਨ।

ਸੰਪਾਦਨ ਦੇ ਖੇਤਰ ਵਿਚ ਅੱਗ ਦਾ ਸਫ਼ਰ-ਸ਼ਿਵ ਕੁਮਾਰ ਬਟਾਲਵੀ ਦੀ ਚੋਣਵੀਂ ਕਵਿਤਾ, ਪੰਜਾਬ ਦਾ ਛੇਵਾਂ ਦਰਿਆ-ਐਮ.ਐਸ. ਰੰਧਾਵਾ, ਨਵਯੁਗ ਟਕਸਾਲ-ਭਾਪਾ ਪ੍ਰੀਤਮ ਸਿੰਘ, ਵਾਸਨਾ, ਵਿਸਕੀ ਅਤੇ ਵਿਦਵਤਾ-ਖੁਸ਼ਵੰਤ ਸਿੰਘ  ਛਪੀਆਂ ਹਨ। ਗੁਲਜ਼ਾਰ ਸਿੰਘ ਸੰਧੂ ਨੇ ਅਪਣੀਆਂ ਲਿਖਤਾਂ ਦੁਆਰਾ ਵੱਡੀ ਪੱਧਰ ਤੇ ਮਾਨਤਾ ਪ੍ਰਾਪਤ ਕੀਤੀ ਹੈ। ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ ਅਤੇ ਕੁਲਵੰਤ ਸਿੰਘ ਵਿਰਕ ਦੀਆਂ ਰਚਨਾਵਾਂ ਤੋਂ ਪ੍ਰਭਾਵਤ ਰਿਹਾ ਹੈ।

ਉਹ ਹਲਕੇ ਹਾਸ-ਵਿਅੰਗ ਅਤੇ ਸੂਖਮ ਕਟਾਖਸ਼ ਨਾਲ ਅਪਣੀਆਂ ਕਹਾਣੀਆਂ ਨੂੰ ਉਭਾਰਦੇ ਹਨ। ਪੇਂਡੂ ਅਤੇ ਸ਼ਹਿਰੀ ਜੀਵਨ ਦਾ ਉਸ ਨੂੰ ਬਰਾਬਰ ਅਨੁਭਵ ਹੈ। ਉਨ੍ਹਾਂ ਦੀਆਂ ਕਹਾਣੀਆਂ ਉਸ ਦੇ ਅਨੁਭਵ 'ਤੇ ਆਧਾਰਿਤ ਹਨ, ਇਸੇ ਕਰ ਕੇ ਉਹ ਯਥਾਰਥਵਾਦੀ ਹਨ। ਉਸ ਦਾ ਕਹਾਣੀ ਕਹਿਣ ਦਾ ਢੰਗ ਸਾਦਾ ਅਤੇ ਸਰਲ ਹੈ।

ਕਈ ਵਾਰੀ ਉਹ ਬਹੁਤ ਵੱਡੇ ਅਰਥਾਂ ਨੂੰ ਸਹਿਜ-ਸੁਭਾਅ ਹੀ ਪ੍ਰਗਟਾਅ ਜਾਂਦਾ ਹੈ। ਉਨ੍ਹਾਂ ਨੂੰ ਸਮਾਜ ਵਿਚ ਵਿਆਪਕ ਅੰਤਰ ਵਿਰੋਧਤਾਵਾਂ ਦੀ ਸੂਖਮ ਸਮਝ ਹੈ। ਉਹ ਤਣਾਵਾਂ ਅਤੇ ਟਕਰਾਵਾਂ ਨੂੰ ਕਥਾ ਵਿਚ ਸਿਰਜਦੇ ਹਨ। ਉਨ੍ਹਾਂ ਨੂੰ ਪੰਜਾਬੀ ਲੋਕ-ਮੁਹਾਵਰੇ ਦੀ ਪੂਰਨ ਭਾਂਤ ਜਾਣਕਾਰੀ ਹੈ। ਉਹ ਸਾਧਾਰਣ ਅਨੁਭਵ ਦੀ ਵਸਤੂ ਸਮੱਗਰੀ ਵਿਚਲੇ ਅਸਾਧਾਰਣ ਅੰਸ਼ਾਂ ਨੂੰ ਰਚਨਾ ਵਿਚ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਉਹ ਸਾਧਾਰਣ ਹੁੰਦੀ ਹੋਈ ਵੀ ਅਸਾਧਾਰਣਤਾ ਦਾ ਬੋਧ ਕਰਾਉਂਦੀ ਹੈ। ਇਹ ਉਨ੍ਹਾਂ ਦੀ ਰਚਨਾ-ਸ਼ਕਤੀ ਦੀ ਵਿਸ਼ੇਸ਼ ਖ਼ੂਬੀ ਹੈ।

ਉਨ੍ਹਾਂ ਕਿਸੇ ਵੀ ਇਕ ਧਾਰਾ ਨਾਲ ਜੁੜਨ ਦੀ ਥਾਂ ਅਪਣੀ ਰਚਨਾਤਮਕ ਸ਼ਕਤੀ ਨੂੰ ਸਮੁੱਚੇ ਸਮਾਜ ਦੀ ਹੋਣੀ ਨਾਲ ਜੋੜੀ ਰੱਖਣ ਨੂੰ ਤਰਜੀਹ ਦਿਤੀ। ਸਮਾਜਕ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਮਨੁੱਖ ਨੂੰ ਕਹਾਣੀਆਂ ਵਿਚ ਪੇਸ਼ ਕਰਦਿਆਂ ਉਸ ਦੇ ਗੌਰਵ ਨੂੰ ਵੀ ਬਰਕਰਾਰ ਰਖਿਆ ਹੈ। ਉਨ੍ਹਾਂ ਦੀਆਂ ਕਹਾਣੀਆਂ ਜਟਿਲ ਯਥਾਰਥ ਦੇ ਬਹੁ-ਪਰਤੀ ਸਰੂਪ ਨੂੰ ਸੂਖਮਤਾ ਸਹਿਤ ਪੇਸ਼ ਕਰਦੀਆਂ ਹਨ। ਉਹ ਕੁਲਵੰਤ ਸਿੰਘ ਵਿਰਕ ਵਾਂਗੂ ਉਦਾਰਵਾਦੀ, ਮਾਨਵਵਾਦੀ ਪੱਖਾਂ ਦਾ ਹਾਮੀ ਹੈ। ਅਮਾਨਵੀ ਰੁਚੀਆਂ ਨੂੰ ਉਨ੍ਹਾਂ ਨੇ ਨਕਾਰਿਆ ਹੈ।

ਸੰਪਰਦਾਇਕਤਾ ਅਤੇ ਜੰਗ ਵਰਗੀਆਂ ਸਥਿਤੀਆਂ ਨੂੰ ਵੀ ਧਰਮਾਂ, ਫ਼ਿਰਕਿਆਂ, ਕੌਮਾਂ ਨਾਲ ਜੋੜ ਕੇ ਉਭਾਰਨ ਦੀ ਥਾਂ ਇਨ੍ਹਾਂ ਤੋਂ ਬਚੇ ਰਹਿਣ ਵਾਲੀ ਸੁਰ ਉਭਾਰਦਾ ਹੈ। ਜਿੱਥੇ ਕਿਤੇ ਹੀ ਅਜਿਹਾ ਹੁੰਦਾ ਨਜ਼ਰ ਆਉਂਦਾ ਹੈ, ਉਸ ਦੀ ਨਿਖੇਧੀ ਕਰਦਾ ਹੈ। ਉਹ ਕਹਾਣੀ ਸਿਰਜਣਾ ਵਿਚ ਵਧੇਰੇ ਵਰਣਨੀ ਵਿਸਤਾਰਾਂ ਵਿਚ ਨਹੀਂ ਪੈਂਦਾ। ਸੰਖੇਪ ਰਹਿਣ ਦਾ ਯਤਨ ਕਰਦਿਆਂ ਵਿਚਾਰ ਨੂੰ ਸੰਜਮਤਾ ਸਹਿਤ ਬਿਆਨਦਾ ਹੈ। ਭਾਵੇਂ ਉਨ੍ਹਾਂ ਨੇ ਘੱਟ ਗਿਣਤੀ ਵਿਚ ਕਹਾਣੀਆਂ, ਨਾਵਲ ਲਿਖੇ ਹਨ ਪਰ ਜਿੰਨਾ ਲਿਖਿਆ ਹੈ, ਉਹ ਗੌਲਣਯੋਗ, ਸਾਰਥਕ ਅਤੇ ਮੁਲਵਾਨ ਹੈ।