ਦੇਖੋ ਕਿਵੇਂ ਰੋਜ਼ਾਨਾ ਸਪੋਕਸਮੈਨ ਦੀ ਮਦਦ ਨਾਲ ਰਿਕਸ਼ੇ ਵਾਲੇ ਤੋਂ ਬਣਿਆ ਲੇਖਕ ਰਾਜਬੀਰ ਸਿੰਘ ਰਿਕਸ਼ੇ ਵਾਲਾ

ਏਜੰਸੀ

ਖ਼ਬਰਾਂ, ਪੰਜਾਬ

ਰਾਜਬੀਰ ਸਿੰਘ ਨੇ ਦਸਿਆ ਕਿ ਉਹ ਬਚਪਨ ਤੋਂ ਹੀ ਗੁਰੂ ਗ੍ਰੰਥ ਸਾਹਿਬ...

Amritsar Rajbir Singh Writer

ਅੰਮ੍ਰਿਤਸਰ ਜੇ ਅਪਣੀਆਂ ਹੋਰ ਚੰਗੀਆਂ ਮਾੜੀਆਂ ਗੱਲਾਂ ਕਰ ਕੇ ਪ੍ਰਸਿੱਧ ਹੈ ਤੇ ਚਰਚਾ ਵਿਚ ਰਹਿੰਦਾ ਹੈ ਤਾਂ ਹੁਣ ਇਸ ਗੱਲ ਨੂੰ ਵੀ ਲੈ ਕੇ ਉਸ ਦੀ ਚਰਚਾ ਹੋਣ ਲੱਗ ਪਈ ਹੈ ਕਿ ਉਥੇ ਇਕ ਰਿਕਸ਼ਾ ਵਾਲਾ ਵੀ ਰਹਿੰਦਾ ਹੈ ਜੋ ਰਿਕਸ਼ਾ ਚਲਾਉਂਦਾ ਚਲਾਉਂਦਾ 'ਲੇਖਕ' ਵੀ ਬਣ ਗਿਆ ਹੈ ਤੇ ਪਾਠਕ ਉਸ ਦੀਆਂ ਲਿਖਤਾਂ ਨੂੰ ਬੜੇ ਸਵਾਦ ਨਾਲ ਪੜ੍ਹਦੇ ਹਨ।

ਪਿੱਛੇ ਜਿਹੇ ਉਸ ਬਾਰੇ ਦਿੱਲੀ ਦੇ ਇਕ ਅੰਗਰੇਜ਼ੀ ਅਖ਼ਬਾਰ ਨੇ ਇਕ ਵੱਡਾ ਲੇਖ ਛਾਪਿਆ ਜਿਸ ਵਿਚ ਦਸਿਆ ਗਿਆ ਸੀ ਕਿ ਸਪੋਕਸਮੈਨ ਵਲੋਂ ਮਿਲੇ ਉਤਸ਼ਾਹ ਸਦਕਾ, ਰਾਜਬੀਰ ਸਿੰਘ ਅੱਜ ਹਰਮਨ-ਪਿਆਰਾ ਲੇਖਕ ਵੀ ਬਣ ਗਿਆ ਹੈ। ਇਕੱਲਾ ਰਾਜਬੀਰ ਸਿੰਘ ਹੀ ਨਹੀਂ, ਬੜੇ ਲੇਖਕ ਹਨ ਜੋ ਮੈਨੂੰ ਲਿਖਦੇ ਹਨ ਕਿ ਉਨ੍ਹਾਂ ਨੇ ਇਕ ਅੱਖਰ ਵੀ ਕਦੇ ਨਹੀਂ ਸੀ ਲਿਖਿਆ ਪਰ ਇਕ ਵਾਰ ਝਕਦੇ ਝਕਦੇ ਅਪਣੀ ਟੁੱਟੀ ਫੁੱਟੀ ਲਿਖਤ ਸਪੋਕਸਮੈਨ ਨੂੰ ਭੇਜ ਦਿਤੀ ਤੇ ਉਨ੍ਹਾਂ ਦੇ ਭਾਗ ਖੁਲ੍ਹ ਗਏ।

ਰਾਜਬੀਰ ਸਿੰਘ ਨੇ ਦਸਿਆ ਕਿ ਉਹ ਬਚਪਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਹੋਏ ਹਨ ਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾ ਤੇ ਚਲ ਰਹੇ ਹਨ। ਉਹ ਅਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਗਰੀਬ ਲੋਕਾਂ ਦੀ ਮਦਦ ਕਰਦੇ ਹਨ। ਇਸ ਨੇਕ ਕੰਮ ਵਿਚ ਉਹਨਾਂ ਨਾਲ ਹੋਰ ਵੀ ਕਈ ਰੂਹਾਂ ਜੁੜੀਆਂ ਹੋਈਆਂ ਹਨ। ਜਦ ਉਹ ਛੋਟੀ ਉਮਰ ਵਿਚ ਸਨ ਤਾਂ ਉਹਨਾਂ ਨੇ ਅਪਣੇ ਗੁਆਂਢੀ ਦੀ ਔਰਤ ਦੀ ਮਦਦ ਕੀਤੀ ਸੀ।

ਉਸ ਨੂੰ ਰਾਤ ਨੂੰ ਹਸਪਤਾਲ ਲੈ ਗਏ ਸਨ ਉਸ ਤੋਂ ਬਾਅਦ ਉਹਨਾਂ ਨੇ ਮਨ ਵਿਚ ਇਹੀ ਸੋਚਿਆ ਕਿ ਉਹ ਹੁਣ ਤੋਂ ਕਮਜ਼ੋਰ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਨਗੇ। ਉਹਨਾਂ ਵਿਚ ਲਿਖਣ ਦੀ ਕਲਾ ਸਮਾਜ ਕੁਰੀਤੀਆਂ ਨੂੰ ਦੇਖ ਕੇ ਹੀ ਪੈਦਾ ਹੋਈ ਸੀ। ਜਿਵੇਂ ਸਮਾਜ ਵਿਚ ਉਹ ਹਰ ਤਰ੍ਹਾਂ ਦੇ ਰੰਗ ਮਾਣਦੇ ਹਨ ਤੇ ਉਹਨਾਂ ਤੇ ਵਿਚਾਰਾਂ ਕਰਦੇ ਹਨ ਉਸ ਤੇ ਉਹਨਾਂ ਨੇ ਕੁੱਝ ਲਿਖਣ ਬਾਰੇ ਸੋਚਿਆ।

ਉਹਨਾਂ ਨੇ ਜਦੋਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਪੜ੍ਹੀ ਤਾਂ ਉਹਨਾਂ ਦੇਖਿਆ ਕਿ ਇਸ ਅਖ਼ਬਾਰ ਵਿਚ ਆਮ ਸਿੱਖਾਂ ਤੇ ਹੋਰ ਕਈ ਛੋਟੇ ਲੇਖਕਾਂ ਦੇ ਲੇਖ ਛਪਦੇ ਹਨ। ਇਸ ਲਈ ਉਹਨਾਂ ਨੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੂੰ ਅਪਣੇ ਲੇਖ ਭੇਜਣ ਦਾ ਮਨ ਬਣਾਇਆ। ਇਸ ਤੋਂ ਬਾਅਦ ਉਹਨਾਂ ਨੇ ਅਪਣਾ ਲੇਖ ਜਦੋਂ ਸਪੋਕਸਮੈਨ ਅਖ਼ਬਾਰ ਨੂੰ ਭੇਜਿਆ ਤਾਂ 1 ਹਫ਼ਤੇ ਦੇ ਅੰਦਰ ਹੀ ਉਹਨਾਂ ਦਾ ਲੇਖ ਛਪ ਗਿਆ। ਇਸ ਤੋਂ ਬਾਅਦ ਉਹਨਾਂ ਦੇ ਲੇਖ ਪੜ੍ਹਨ ਵਾਲੇ ਬਹੁਤ ਸਾਰੇ ਪਾਠਕਾਂ ਦੇ ਫੋਨ ਆਉਣ ਲੱਗੇ ਤੇ ਉਹ ਵਧਾਈ ਦੇ ਪਾਤਰ ਬਣੇ।

ਇਸ ਦੇ ਨਾਲ ਹੀ ਉਹਨਾਂ ਨੇ ਰੋਜ਼ਾਨਾ ਸਪੋਕਸਮੈਨ ਦੇ ਚੀਫ਼ ਐਡੀਟਰ ਸ. ਜੋਗਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਨਿਮਾਣੇ ਨੂੰ ਮਾਣ ਬਖ਼ਸ਼ ਕੇ ਅਪਣੀ ਅਖ਼ਬਾਰ ਵਿਚ ਜਗ੍ਹਾ ਦਿੱਤੀ। ਜਦੋਂ ਤੋਂ ਉਹਨਾਂ ਦੇ ਲੇਖ ਸਪੋਕਸਮੈਨ ਅਖ਼ਬਾਰ ਵਿਚ ਛਪਣ ਲੱਗੇ ਹਨ ਉਦੋਂ ਤੋਂ ਹੀ ਉਹਨਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਹੈ।

ਉਹਨਾਂ ਨੂੰ ਜਿਹੜੇ ਪੈਸੇ ਸੇਵਾ ਲਈ ਭੇਜੇ ਜਾਂਦੇ ਹਨ ਉਹ ਬੇਸਹਾਰਿਆਂ ਦੀ ਸੇਵਾ ਵਿਚ ਲਗਾਏ ਜਾਂਦੇ ਹਨ ਤੇ ਇਸ ਨੂੰ ਲੈ ਕੇ ਹੁਣ ਤਕ ਉਹਨਾਂ ਨਾਲ ਕੋਈ ਵਿਵਾਦ ਨਹੀਂ ਜੁੜਿਆ। ਅਖੀਰ ਵਿਚ ਉਹਨਾਂ ਇਹੀ ਕਿਹਾ ਕਿ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਅਪਣੀ ਮਿਹਨਤ ਮਜ਼ਦੂਰੀ ਦੀ ਰੋਟੀ ਖਾਵੇ ਤੇ ਕਿਰਤ ਵਿਚ ਵੀ ਅਪਣੇ ਆਪ ਸੰਤੁਸ਼ਟ ਰੱਖੇ।