ਬਨਵਾਸ (ਭਾਗ 5)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਬਲਕਾਰ ਪਹਿਲਾਂ ਵੀ ਕਿਹੜਾ ਵੇਲੇ ਸਿਰ ਪਰਤਦਾ ਹੈ। ਪਰ ਅੱਜ ਤਾਂ ਉਸ ਨੇ ਹੱਦ ਹੀ ਕਰ ਦਿਤੀ। ਰਾਤ ਬਹੁਤ ਡੂੰਘੀ ਹੋ ਗਈ ਹੈ। ਅੰਧਕਾਰ 'ਚ ਡੁੱਬੇ ਖੜੇ ਰੁੱਖਾਂ ਵਲ...

Love

ਬਲਕਾਰ ਪਹਿਲਾਂ ਵੀ ਕਿਹੜਾ ਵੇਲੇ ਸਿਰ ਪਰਤਦਾ ਹੈ। ਪਰ ਅੱਜ ਤਾਂ ਉਸ ਨੇ ਹੱਦ ਹੀ ਕਰ ਦਿਤੀ। ਰਾਤ ਬਹੁਤ ਡੂੰਘੀ ਹੋ ਗਈ ਹੈ। ਅੰਧਕਾਰ 'ਚ ਡੁੱਬੇ ਖੜੇ ਰੁੱਖਾਂ ਵਲ ਵੇਖਦੀ ਹਾਂ। ਮੱਸਿਆ ਤੋਂ ਤਿੰਨ ਰਾਤਾਂ ਪਹਿਲਾਂ ਵਾਲੀ ਚੰਨ ਦੀ ਦਾਤਰੀ ਭਾਰੀ ਬੋਹੜ ਦੀਆਂ ਟਾਹਣੀਆਂ ਵਿਚੋਂ ਦਿਸਦੀ ਹੈ। ਦੂਰ ਤੋਂ ਕੁੱਤਿਆਂ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਆਸਮਾਨ ਕਾਲੇ ਬੱਦਲਾਂ ਨਾਲ ਭਰਦਾ ਜਾਂਦਾ ਹੈ। ਪਿਛਲਖੁਰੀ ਪਰਤ ਪੈਂਦੀ ਹਾਂ। ਸੁੱਤੇ ਪਏ ਕਾਕੂ ਵਲ ਤਸੱਲੀ ਨਾਲ ਵੇਖਦੀ ਹਾਂ। ਮਨ ਦੇ ਇਕ ਕਿਨਾਰੇ 'ਚੋਂ ਆਵਾਜ਼ ਆਉਂਦੀ ਹੈ। ਰਹਿੰਦੀ ਜ਼ਿੰਦਗੀ ਦਾ ਇਹੀ ਸਹਾਰਾ ਹੈ।

ਬਲਕਾਰ ਇਹ ਬੇੜੀ ਪਾਰ ਲਾਉਂਦਾ ਦਿਸਦਾ ਨਹੀਂ। ਬਲਕਾਰ ਕਈ ਦਿਨਾਂ ਦਾ ਬੜੇ ਤਣਾਅ ਵਿਚ ਸੀ, ਜਿਵੇਂ ਕੋਈ ਗੱਲ ਮੈਨੂੰ ਆਖਣੀ ਚਾਹੁੰਦਾ ਹੋਵੇ। ਮੈਂ ਵੀ ਚਾਹੁੰਦੀ ਹਾਂ, ਉਹ ਆਖ ਦੇਵੇ। ਵੱਧ ਤੋਂ ਵੱਧ ਉਹ ਵਿਆਹ ਕਰਵਾਉਣ ਵਾਲੀ ਗੱਲ ਆਖੇਗਾ। ਕਰਵਾ ਲਵੇ। ਮੈਂ ਹੁਣ ਕਿਹੜਾ ਸੌਖੀ ਹਾਂ, ਜਿਹੜਾ ਨਰਕ ਮੂਹਰੇ ਭੋਗਣਾ ਪਊ, ਉਸ ਵਾਸਤੇ ਮਨ ਨੂੰ ਤਿਆਰ ਕਰ ਰਹੀ ਹਾਂ। ਜੇ ਮੇਰੇ ਸਿਰ ਚੜ੍ਹ ਕੇ ਉਸ ਨੇ ਕੋਈ ਗ਼ਲਤ ਕੰਮ ਕਰ ਲਿਆ, ਜ਼ਿੰਦਗੀ ਇਸ ਤੋਂ ਵੀ ਮੁਸ਼ਕਲਾਂ 'ਚ ਘਿਰ ਜਾਵੇਗੀ। ਇਕ ਵਾਰੀ ਉਹ ਘਰ ਤਾਂ ਪਰਤ ਆਵੇ।

ਹਵਾ ਹੋਰ ਜ਼ੋਰ ਦੀ ਚੰਘਾੜਨ ਲਗਦੀ ਹੈ। ਜਿਵੇਂ ਬੇਲੇ 'ਚ ਸ਼ੇਰ ਬੁਕਦੇ ਹੋਣ। ਦੀਵੇ ਦੀ ਲਾਟ ਡੋਲਣ ਲਗਦੀ ਹੈ। ਮਨ ਪਛਤਾਵੇ ਨਾਲ ਭਰ ਜਾਂਦਾ ਹੈ ਜਿਵੇਂ ਸਹੁਰਾ-ਸੱਸ ਮੇਰੀ ਜ਼ਿੰਦਗੀ 'ਚੋਂ ਮਨਫ਼ੀ ਹੋ ਗਏ ਹੋਣ। ਬਲਕਾਰ ਦਾ ਆਸਰਾ ਵੀ ਖੁਰ ਜਾਣਾ ਹੈ। ਕਈ ਵਾਰੀ ਮੈਂ ਬਲਕਾਰ ਦੇ ਦੁਚਿੱਤੀ ਵਾਲੇ ਕਿਰਦਾਰ ਨੂੰ ਵੇਖਿਆ ਹੈ। ਉਹ ਕਾਕੂ ਨੂੰ ਚੁਪਚਾਪ ਚੁੱਕ ਲੈਂਦਾ ਹੈ ਪਰ ਬਲਕਾਰ ਅੰਦਰ ਕੋਈ ਜਜ਼ਬਾਤੀ ਛੱਲ ਨਹੀਂ ਹੁੰਦੀ। ਵਿਹੜੇ 'ਚ ਇਕ-ਦੋ ਗੇੜੇ ਦੇ ਕੇ ਕਾਕੂ ਨੂੰ ਲਿਟਾ ਦਿੰਦਾ ਹੈ। ਸੁੰਨੀਆਂ ਸੁੰਨੀਆਂ ਅੱਖਾਂ ਨਾਲ ਚਾਰੇ ਪਾਸੇ ਵੇਖਣ ਲਗਦਾ ਹੈ ਜਿਵੇਂ ਇਸ ਅੰਧਕਾਰ 'ਚੋਂ ਨਿਕਲਣ ਦਾ ਮੇਰੇ ਤੋਂ ਰਸਤਾ ਪੁਛਦਾ ਹੋਵੇ।

ਜਦੋਂ ਕਿਤੇ ਵੱਡੀ ਰਾਤ ਘਰ ਪਰਤਦਾ ਹੈ, ਮੈਂ ਉਸ ਨੂੰ ਰੋਟੀ ਫੜਾਉਂਦੀ ਹਾਂ। ਉਸ ਦੇ ਮੈਲੇ ਕਪੜੇ ਵਾਸ਼ਿੰਗ ਮਸ਼ੀਨ 'ਚ ਪਾਉਂਦੀ ਹਾਂ। ਉਸ ਦੇ ਨਿੱਜ ਬਾਰੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ ਪਰ ਉਹ ਚੁੱਪ ਰਹਿੰਦਾ ਹੈ। ਬਿਲਕੁਲ ਸਿਲ ਪੱਥਰ ਵਾਂਗ ਜਿਵੇਂ ਮੈਂ ਕੋਈ ਸਰਾਪੀ ਰੂਹ ਹੋਵਾਂ ਜਿਸ ਦੇ ਪਰਛਾਵੇਂ ਹੇਠ ਆ ਕੇ ਉਸ ਦਾ ਵੀ ਪਤਨ ਹੋ ਰਿਹਾ ਹੋਵੇ।

ਥੱਕਿਆ, ਹਰਾਸਿਆ ਉਹ ਰੱਸਾ ਭਰ ਸੂਰਜ ਚੜ੍ਹੇ ਤੋਂ ਬੈੱਡ ਤੋਂ ਉਠਦਾ ਹੈ। ਲੱਤਾਂ ਦੀ ਕਰੰਘੜੀ ਸਾਰੀ, ਮੂੰਹ ਸਿਰ ਸਿਰਹਾਣੇ 'ਚ ਲਪੇਟੀ ਪਿਆ ਰਹਿੰਦਾ ਹੈ। ਉਹ ਵਕਤ ਵੀ ਮੇਰੇ ਲਈ ਬੜਾ ਭਾਰੂ ਹੁੰਦਾ ਹੈ। ਬੀਜੀ ਉਸ ਦੇ ਬੈੱਡ ਦੁਆਲੇ ਇਸ ਤਰ੍ਹਾਂ ਗੇੜੇ ਦਿੰਦੀ ਹੈ ਜਿਵੇਂ ਅਪਣੇ ਬਿਮਾਰ ਪੁੱਤਰ ਲਈ ਅਰਦਾਸਾਂ ਕਰਦੀ ਹੋਵੇ। ਮੇਰੇ ਵਲ ਕੌੜੀਆਂ ਨਜ਼ਰਾਂ ਨਾਲ ਵੇਖਦੀ ਹੈ ਜਿਵੇਂ ਛਿਣ-ਛਿਣ ਹਰਾਸੇ ਜਾ ਰਹੇ ਉਸ ਦੇ ਪੁੱਤਰ ਨੂੰ ਮੈਂ ਨਾਗਣ ਬਣ ਕੇ ਡੰਗ ਮਾਰਦੀ ਹੋਵਾਂ। 
(ਸੁਖਦੇਵ ਸਿੰਘ ਮਾਨ)  ਸੰਪਰਕ : 94170-59142