ਮਿੰਨੀ ਕਹਾਣੀਆਂ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਬਲੱਡ ਬੀ ਗਰੁੱਪ

Hospital

ਸਰਪੰਚ ਮੋਹਣ ਸਿੰਘ ਅਪਣੇ ਹੀ ਪਿੰਡ ਦੀ ਇਕ ਬੱਚੀ ਨੂੰ ਲੈ ਕੇ ਹਸਪਤਾਲ ਵਿਚ ਪਹੁੰਚਦਾ ਹੈ। ਬੱਚੀ ਨੂੰ ਐਮਰਜੈਂਸੀ ਰੂਪ ਵਿਚ ਲਿਜਾਇਆ ਗਿਆ। ਸਰਪੰਚ ਮੋਹਣ ਸਿੰਘ ਨੇ ਤਾਕੀਦ ਕੀਤੀ ਕਿ ਡਾਕਟਰ ਸਾਹਿਬ ਇਹ ਗ਼ਰੀਬ ਬੱਚੀ ਬੜੀ ਹੋਣਹਾਰ ਤੇ ਹੁਸ਼ਿਆਰ ਹੈ। ਮਾਪੇ ਬਹੁਤ ਹੀ ਗ਼ਰੀਬ ਹਨ। ਕੁੱਝ ਕੁ ਮਦਦ ਮੈਂ ਕਰ ਰਿਹਾ ਹਾਂ, ਬਾਕੀ ਤੁਸੀ ਕ੍ਰਿਪਾ ਕਰ ਦੇਵੋ। ਇਹ ਕਿਸੇ ਦਿਨ ਦੇਸ਼ ਦਾ ਨਾਮ ਰੋਸ਼ਨ ਕਰੇਗੀ।

ਡਾਕਟਰ ਨੇ ਕਿਹਾ ਨਰਸ! ਜਲਦੀ ਕਰੋ ਖ਼ੂਨ ਚੜ੍ਹਾਉਣਾ ਪਵੇਗਾ। ਇਸ ਦਾ ਬਲੱਡ ਗਰੁੱਪ ਵੇਖੋ। ਕਾਫ਼ੀ ਦੇਰ ਬਾਅਦ ਨਰਸ ਰੀਪੋਰਟ ਲੈ ਕੇ ਆਈ ਤੇ ਕਿਹਾ ਬੀ ਗਰੁੱਪ ਹੈ ਸਰ!
ਸਰਪੰਚ ਸਾਹਿਬ! ਦੋ ਬੋਤਨਾ ਬੀ ਗਰੁੱਪ ਦੀਆਂ ਚਾਹੀਦੀਆਂ ਹਨ ਪਰ ਤੁਸੀ ਤਿੰਨ ਬੋਤਲਾਂ ਦਾ ਇੰਤਜ਼ਾਮ ਕਰੋ, ਸਾਡੇ ਸਟਾਕ ਵਿਚ ਅੱਜ ਇਕ ਵੀ ਬੀ ਗਰੁੱਪ ਖ਼ੂਨ ਦੀ ਬੋਤਲ ਨਹੀਂ।

ਜੀ, ਡਾਕਟਰ ਸਾਹਿਬ ਜੀ ਕ੍ਰਿਪਾ ਕਰੋ ਸਰਪੰਚ ਥਥਲਾਉਂਦਾ ਹੋਇਆ ਬੋਲਿਆ। ਤੁਸੀ ਪੇਂਡੂ ਸਮਝਦੇ ਨਹੀਂ, ਮਜਬੂਰੀ ਹੈ ਸਾਡੀ, ਡਾਕਟਰ ਨੇ ਕਿਹਾ।
ਅਚਾਨਕ ਤੇਜ਼ੀ ਨਾਲ ਐਮਰਜੈਂਸੀ ਕਮਰੇ ਵਿਚ ਤਿੰਨ ਡਾਕਟਰ ਤੇ ਪੰਜ ਨਰਸਾਂ ਇਕ ਬੱਚੀ ਨੂੰ ਲੈ ਕੇ ਦਾਖ਼ਲ ਹੋਏ।
ਡਾਕਟਰ ਸਾਹਿਬ ਸੋਰੀ, ਤੁਹਾਡੀ ਬੱਚੀ ਦਾ ਐਕਸੀਡੈਂਟ!

ਹੁਣ ਡਾਕਟਰ ਦਾ ਦਿਮਾਗ਼ੀ ਸੰਤੁਲਨ ਖ਼ਰਾਬ ਹੋ ਗਿਆ ਤੇ ਚੀਕ-ਚੀਕ ਕੇ ਕਹਿਣ ਲੱਗਾ, ਜਲਦੀ ਕਰੋ, ਆਕਸੀਜਨ ਦੇਵੋ, ਜਲਦੀ ਖ਼ੂਨ ਚੜਾਉ, ਨਰਸਾਂ ਵੱਖ ਵੱਖ ਬਲੱਡ ਗਰੁੱਪਸ਼ ਦੀਆਂ ਬੋਤਲਾਂ ਡਾਕਟਰ ਅੱਗੇ ਸੁੱਟ ਰਹੇ ਸਨ। ਜਿਨ੍ਹਾਂ ਵਿਚ ਪੰਜ ਬੋਤਲਾਂ ਬੀ ਗਰੁੱਪ ਵੀ ਸਨ। ਸਰਪੰਚ ਹੁਣ ਡਾਕਟਰ ਦੀ ਮਜਬੂਰੀ ਵਲ ਵੇਖ ਰਿਹਾ ਸੀ। - ਈਸ਼ਰ ਸਿੰਘ ਲੰਭਵਾਲੀ, ਮੋਬਾਈਲ: 94654-09480