ਜ਼ਿੰਦਗੀ ਦਾ ਹਾਸਲ (ਭਾਗ 4)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜ਼ਨਾਨਾ ਆਵਾਜ਼ ਨੇ ਇਕ ਤਰ੍ਹਾਂ ਰੁਕਿਆ ਸਾਹ ਚਲਦਾ ਕੀਤਾ। ''ਬੈਠੀ ਰਹਿ ਬੈਠੀ ਰਹਿ ਮੇਰੀ ਧੀ, ਬੁੱਢ ਸੁਹਾਗਣ ਹੋਵੇ।

Gain of Life

ਜ਼ਨਾਨਾ ਆਵਾਜ਼ ਨੇ ਇਕ ਤਰ੍ਹਾਂ ਰੁਕਿਆ ਸਾਹ ਚਲਦਾ ਕੀਤਾ। ''ਬੈਠੀ ਰਹਿ ਬੈਠੀ ਰਹਿ ਮੇਰੀ ਧੀ, ਬੁੱਢ ਸੁਹਾਗਣ ਹੋਵੇ।'' ਕਹਿੰਦਿਆਂ ਖੋਪੇ ਦੀ ਖੰਡ ਨਾਲ ਭਰੀ ਠੂਠੀ ਹੱਥਾਂ ਤੇ ਰਖਦਿਆਂ ਹਦਾਇਤ ਕੀਤੀ, ''ਲੈ ਮੇਰੀ ਧੀ ਘਰ ਵਾਲੇ ਨਾਲ ਸ਼ਗਨਾਂ ਦੀ ਠੂਠੀ ਵਟਾ ਕੇ ਬੋਲਣ ਦੀ ਖੁੱਲ੍ਹ ਲਵੀਂ।'' ਕਹਿ ਕੇ ਅਧਖੜ ਭੂਆ ਬਾਰ ਢੋਅ ਕੇ ਬਾਹਰ ਹੋ ਗਈ ਸੀ। ਬੱਦਲਾਂ ਤੋਂ ਪੁੱਛਣ ਦੀ ਦੁਹਾਈ ਪਾਉਂਦਾ ਸਪੀਕਰ ਖ਼ਾਮੋਸ਼ ਹੋ ਚੁੱਕਾ ਸੀ। ਘਰ ਵਿਚ ਜੂਠੇ ਭਾਂਡੇ ਚਟਦੇ ਕੁੱਤਿਆਂ ਨੂੰ ਸ਼ਿਸ਼ਕਾਰਦੀਆਂ ਇੱਕਾ ਦੁੱਕਾ ਕੰਨਾਂ 'ਚ ਪੈਂਦੀਆਂ ਆਵਾਜ਼ਾਂ ਤੋਂ ਬਗ਼ੈਰ ਬਿਲਕੁਲ ਸ਼ਾਂਤੀ ਸੀ।

ਅਨਜਾਣ ਪ੍ਰੇਮੀ ਜੋ ਦਿਲ 'ਚ ਵੱਸ ਚੁੱਕਾ ਹੋਵੇ, ਤਸੱਵਰ 'ਚ ਹੀ ਕਈ ਤਰ੍ਹਾਂ ਦੀਆਂ ਸ਼ਕਲਾਂ ਦਿਸਦੀਆਂ ਹੋਣ, ਧਕ ਧਕ ਕਰਦੇ ਦਿਲ ਨਾਲ ਉਡੀਕ ਦੀਆਂ ਲੰਮੀਆਂ ਹੁੰਦੀਆਂ ਘੜੀਆਂ ਸਮਾਜਕ ਵਿਸਥਾਰ ਦੀ ਕੇਹੀ ਵਿਧੀ ਕਿਸੇ ਸੂਝਵਾਨ ਨੇ ਬਣਾਈ ਹੈ। ਕਦੋਂ ਬਾਰ ਖੁਲ੍ਹਿਆ, ਕਦੋਂ ਦਾ ਖਲੋਤਾ ਹੋਵੇਗਾ, ਜਿਸ ਦੀ ਉਹ ਕੰਧ ਵਲ ਮੂੰਹ ਤੇ ਕੰਨ ਦਰਵਾਜ਼ੇ ਵਲ ਕਰ ਕੇ ਉਡੀਕ ਕਰ ਰਹੀ ਸੀ। ਉਸ ਦੇ ਖੰਘੂਰੇ ਨੇ ਉਸ ਦੀ ਹੋਂਦ ਦਾ ਅਹਿਸਾਸ ਕਰਵਾਇਆ।

ਕਮਰੇ ਦੇ ਖ਼ਾਮੋਸ਼ ਵਾਤਾਵਰਣ 'ਚ ਝਾਂਜਰਾਂ ਤੇ ਚੂੜੇ ਦੀ ਹਲਕੀ ਜਿਹੀ ਛਣਕਾਰ ਸਿਤਾਰਿਆਂ ਵਾਲੀ ਲਾਲ ਸੂਹੀ ਝਿੰਮੀ ਸੰਭਾਲਦੀ ਹੱਥ 'ਚ ਭੂਆ ਵਲੋਂ ਫੜਾਈ ਖੰਡ ਵਾਲੀ ਠੂਠੀ ਲੈ ਕੇ ਉੱਠੀ ਸ਼ਿੰਦੋ ਸਹੇਲੀਆਂ ਦੇ ਕਹੇ ਮੁਤਾਬਕ ਕਦੋਂ ਅਪਣੇ ਸਰਦਾਰ ਦੇ ਪੈਰਾਂ ਵਲ ਝੁਕ ਗਈ ਪਤਾ ਹੀ ਨਾ ਲੱਗਾ। ਓਪਰੇ ਹੱਥਾਂ ਨੇ ਮੋਢਿਆਂ ਤੋਂ ਫੜਦਿਆਂ ਇਕ ਮਿੱਠੀ ਲਹਿਰ ਸਾਰੇ ਸਰੀਰ 'ਚ ਛੇੜ ਦਿਤੀ ਸੀ। ਰਸ ਘੋਲਦੀ ਆਵਾਜ਼ ਕੰਨੀਂ ਪਈ, ''ਤੇਰੀ ਥਾਂ ਪੈਰਾਂ 'ਚ ਨਹੀਂ ਦਿਲ ਵਿਚ ਹੈ। ਆਹ ਲੈ ਫੜ ਅਪਣਾ ਸਗ਼ਨ। ਭੂਆ ਨੇ ਕਿਹਾ ਸੀ ਠੂਠੀ ਖ਼ਾਲੀ ਨਾ ਦੇਵੀਂ।

'' ਠੂਠੀ ਵਟਾਉਂਦਿਆਂ ਭੂਆ ਦੀ ਸਿਆਣਪ ਨਾਲ ਉਸ ਦੀ ਕਦਰ ਸ਼ਿੰਦੋ ਦੇ ਦਿਲ ਵਿਚ ਕਿੰਨੀ ਵੱਧ ਗਈ ਸੀ ਤੇ ਉਹ ਮਦਹੋਸ਼ ਹੋ ਕੇ ਅਪਣੇ ਸੁਪਨਿਆਂ ਦੇ ਸਰਦਾਰ ਦੀਆਂ ਬਾਹਾਂ 'ਚ ਗੁਆਚ ਕੇ ਸੱਭ ਕੁੱਝ ਭੁੱਲ ਗਈ ਸੀ। ''ਸ਼ਿੰਦੋ...'' ਕੰਨਾਂ 'ਚ ਰਸ ਘੋਲਦੀ ਆਵਾਜ਼ ਦਾ ਅਹਿਸਾਸ ਹੋਇਆ ਸੀ, ''ਅੱਜ ਸਾਡੀ ਨਵੇਂ ਸਿਰਿਉਂ ਜ਼ਿੰਦਗੀ ਸ਼ੁਰੂ ਹੋਈ ਹੈ। ਉਮੀਦ ਹੈ ਗ੍ਰਹਿਸਤ ਦਾ ਗੱਡਾ ਖਿੱਚਣ 'ਚ ਮੇਰਾ ਬਰਾਬਰ ਸਾਥ ਦੇਵੇਂਗੀ। ਮੇਰੇ ਵਲੋਂ ਕੋਈ ਸ਼ਿਕਾਇਤ ਹੋਵੇ ਸਪੱਸ਼ਟ ਕਹਿ ਦੇਵੀਂ। (ਚਲਦਾ)