Flipkart-Amazon ਨੂੰ ਟੱਕਰ ਦੇਣਗੇ ਰਾਮਦੇਵ? Patanjali ਲਿਆ ਰਹੀ ਹੈ E-Commerce ਪਲੇਟਫਾਰਮ
ਪੀਐਮ ਮੋਦੀ ਨੇ ਆਤਮ ਨਿਰਭਰ ਭਾਰਤ ਬਣਾਉਣ ਲਈ ਦੇਸ਼ ਵਾਸੀਆਂ ਨੂੰ ਸਥਾਨਕ ਉਤਪਾਦ ਵਰਤਣ ਦੀ ਅਪੀਲ ਕੀਤੀ ਹੈ।
ਨਵੀਂ ਦਿੱਲੀ: ਪੀਐਮ ਮੋਦੀ ਨੇ ਆਤਮ ਨਿਰਭਰ ਭਾਰਤ ਬਣਾਉਣ ਲਈ ਦੇਸ਼ ਵਾਸੀਆਂ ਨੂੰ ਸਥਾਨਕ ਉਤਪਾਦ ਵਰਤਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਸਵਦੇਸ਼ੀ ਉਤਪਾਦ ਲਈ ਨਵਾਂ ਈ-ਕਾਮਰਸ ਪਲੇਟਫਾਰਮ OrderMe ਲਾਂਚ ਕਰਨ ਜਾ ਰਹੀ ਹੈ।
ਇਸ ਆਨਲਾਈਨ ਪਲੇਟਫਾਰਮ ਵਿਚ ਪਤੰਜਲੀ ਤੋਂ ਇਲਾਵਾ ਦੂਜੀਆਂ ਕੰਪਨੀਆਂ ਦੇ ਮੇਡ-ਇੰਨ ਇੰਡੀਆ ਅਤੇ ਸਵਦੇਸ਼ੀ ਉਤਪਾਦ ਵੇਚੇ ਜਾਣਗੇ।
ਮੀਡੀਆ ਰਿਪੋਰਟ ਅਨੁਸਾਰ OrderMe ਦੇ ਜ਼ਰੀਏ ਪਤੰਜਲੀ ਦੇ ਆਯੁਰਵੈਦਿਕ ਉਤਪਾਦਾਂ ਦੀ ਵਿਕਰੀ ਦੇ ਨਾਲ ਹੀ ਆਸਪਾਸ ਦੀਆਂ ਦੁਕਾਨਾਂ ਨੂੰ ਵੀ ਜੋੜਿਆ ਜਾਵੇਗਾ, ਜੋ ਭਾਰਤੀ ਉਤਪਾਦ ਵੇਚਣਗੀਆਂ।
ਕੰਪਨੀ OrderMe 'ਤੇ ਆਉਣ ਵਾਲੇ ਆਡਰ ਦੀ ਕੁੱਝ ਹੀ ਘੰਟਿਆਂ ਦੇ ਅੰਦਰ ਮੁਫਤ ਹੋਮ ਡਿਲੀਵਰੀ ਕਰੇਗੀ। ਇਸ ਦੇ ਲਈ ਮੋਬਾਇਲ ਐਪ ਵੀ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਤੰਜਲੀ ਦੇ 1500 ਡਾਕਟਰ 24 ਘੰਟੇ ਲੋਕਾਂ ਨੂੰ ਮੁਫਤ ਮੈਡੀਕਲ ਸਲਾਹ ਅਤੇ ਯੋਗਾ ਟਿਪਸ ਦੇਣਗੇ।
ਦੱਸਿਆ ਜਾ ਰਿਹਾ ਹੈ ਕਿ ਇਹ ਪਲੇਟਫਾਰਮ ਨੂੰ ਅਗਲੇ 15 ਦਿਨਾਂ ਵਿਚ ਲਾਂਚ ਕੀਤਾ ਜਾ ਸਕਦਾ ਹੈ। ਪਤੰਜਲੀ ਆਰਯੁਰਵੇਦ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਨੇ ਇਸ ਯੋਜਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਪੀਐਮ ਮੋਦੀ ਦੀ 'ਲੋਕਲ ਦੇ ਲਈ ਵੋਕਲ' ਅਪੀਲ ਦੇ ਮੱਦੇਨਜ਼ਰ ਸਵਦੇਸ਼ੀ ਵਸਤਾਂ ਦੀ ਪੂਰਤੀ ਲਈ ਇਹ ਮੰਚ ਤਿਆਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ, 'OrderMe 'ਤੇ ਸਿਰਫ ਸਵਦੇਸ਼ੀ ਸਮਾਨ ਵੇਚਿਆ ਜਾਵੇਗਾ। ਸਵਦੇਸ਼ੀ ਉਤਪਾਦ ਵੇਚਣ ਵਾਲੇ ਛੋਟੇ ਦੁਕਾਨਦਾਰਾਂ ਅਤੇ ਸਥਾਨਕ ਵਿਕਰੇਤਾਵਾਂ ਨੂੰ ਵੀ ਜੋੜਿਆ ਜਾਵੇਗਾ ਤਾਂਕਿ ਉਹਨਾਂ ਨੂੰ ਵੀ ਇਸ ਪਲੇਟਫਾਰਮ ਦਾ ਲਾਭ ਹੋ ਸਕੇ। ਉਹਨਾਂ ਦੇ ਸਮਾਨ ਨੂੰ ਮੁਫਤ ਡਿਲੀਵਰ ਕੀਤਾ ਜਾਵੇਗਾ'। ਉਹਨਾਂ ਨੇ ਇਹ ਵੀ ਕਿਹਾ ਕਿ ਐਮਐਸਐਮਈਜ਼ ਨੂੰ ਵੀ ਇਸ ਨਾਲ ਜੋੜਿਆ ਜਾਵੇਗਾ ਅਤੇ ਉਹਨਾਂ ਦੇ ਉਤਪਾਦਾਂ ਨੂੰ ਵੀ ਇਸ ਦੇ ਜ਼ਰੀਏ ਵੇਚਿਆ ਜਾਵੇਗਾ।