ਸਰਕਾਰੀ ਹਸਪਤਾਲ 'ਚ ਡਾਕਟਰਾਂ ਨੇ ਮੋਮਬੱਤੀ-ਟਾਰਚ ਨਾਲ ਕਰਵਾਇਆ 9 ਔਰਤਾਂ ਦਾ ਜਣੇਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਨਰੇਟਰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗਾਰਡ ਨੇ ਦੱਸਿਆ ਕਿ ਜਨਰੇਟਰ ਖਰਾਬ ਹੈ। ਹਸਪਤਾਲ ਦਾ ਇਕੋ ਇਕ ਇਲੈਕਟ੍ਰੀਸ਼ੀਅਨ ਵੀ ਛੁੱਟੀ 'ਤੇ ਸੀ।

doon Mahila College

ਦੇਹਰਾਦੂਨ : ਦੇਸ਼ ਦੇ ਸਰਕਾਰੀ ਹਸਪਤਾਲਾਂ ਦੀ ਖਸਤਾ ਹਾਲਤ ਕਿਸੇ ਤੋਂ ਲੁਕੀ ਨਹੀਂ ਹੋਈ ਹੈ। ਅਜਿਹਾ ਹੀ ਇਕ ਮਾਮਲਾ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਸਾਹਮਣੇ ਆਇਆ ਜਿਥੇ ਦੂਨ ਹਸਪਤਾਲ ਵਿਖੇ ਦੇਰ ਰਾਤ ਤੋਂ ਲੈ ਕੇ ਸਵੇਰੇ 8 ਵਜੇ ਤੱਕ ਹਸਪਤਾਲ ਵਿਚ ਬਿਜਲੀ ਨਾ ਹੋਣ ਕਾਰਨ ਡਾਕਟਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਰਮਨਾਕ ਗੱਲ ਇਹ ਹੋਈ ਕਿ ਦੇਰ ਰਾਤ ਅਚਾਨਕ ਬਿਜਲੀ ਚਲੀ ਗਈ

ਤਾਂ ਹਸਪਤਾਲ ਵਿਚ ਭਰਤੀ ਔਰਤਾਂ ਨੂੰ ਜਣੇਪਾ ਪੀੜ ਸ਼ੁਰੂ ਹੋ ਗਈ। ਅਜਿਹੇ ਵਿਚ ਡਾਕਟਰਾਂ ਨੇ ਮੋਮਬੱਤੀ ਅਤੇ ਟਾਰਚ ਜਲਾ ਕੇ ਔਰਤਾਂ ਦਾ ਜਣੇਪਾ ਕਰਵਾਇਆ। ਹਸਪਤਾਲ ਵਿਚ ਬਿਜਲੀ ਨਾ ਹੋਣ ਦੀ ਜਾਣਕਾਰੀ ਸੱਭ ਤੋਂ ਪਹਿਲਾਂ ਹਸਪਤਾਲ ਦੀ ਸੀਐਮਐਸ ਨੂੰ ਦਿਤੀ ਗਈ। ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਹਸਪਤਾਲ ਦੇ ਤਕਨੀਕੀ ਇੰਚਾਰਜ ਅਤੇ ਸੂਚਨਾ ਸੁਪਰਵਾਈਜ਼ਰ ਨੂੰ ਦਿਤੀ।

ਪਰ ਮੀਂਹ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਆਉਣ ਤੋਂ ਸਾਫ ਇਨਕਾਰ ਕਰ ਦਿਤਾ। ਜਿਸ ਕਾਰਨ ਡਾਕਟਰਾਂ ਨੇ ਮੋਮਬੱਤੀ ਅਤੇ ਟਾਰਚ ਦੀ ਮਦਦ ਨਾਲ ਜਣੇਪਾ ਕੀਤਾ। ਦੇਰ ਰਾਤ ਤੇਜ਼ ਮੀਂਹ ਕਾਰਨ ਸ਼ਹਿਰ ਦੀ ਬਿਜਲੀ ਚਲੀ ਗਈ। ਇਸ ਦੌਰਾਨ ਜਨਰੇਟਰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗਾਰਡ ਨੇ ਦੱਸਿਆ ਕਿ ਜਨਰੇਟਰ ਖਰਾਬ ਹੈ। ਹਸਪਤਾਲ ਦਾ ਇਕੋ ਇਕ ਇਲੈਕਟ੍ਰੀਸ਼ੀਅਨ ਵੀ ਛੁੱਟੀ 'ਤੇ ਸੀ।

ਇਸ ਕਾਰਨ ਹਸਪਤਾਲ ਵਿਚ ਬਿਜਲੀ ਦੀ ਵਿਵਸਥਾ ਨਹੀਂ ਹੋ ਸਕੀ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਕਈ ਘੰਟਿਆਂ ਤੱਕ ਬਿਜਲੀ ਦੀ ਸਪਲਾਈ ਨਹੀਂ ਹੋ ਸਕੀ। ਜਿਸ ਕਾਰਨ ਡਾਕਟਰਾਂ ਨੇ ਮੋਮਬੱਤੀ ਅਤੇ ਟਾਰਚ ਦਾ ਸਹਾਰਾ ਲੈ ਕੇ 9 ਔਰਤਾਂ ਦਾ ਜਣੇਪਾ ਕਰਵਾਇਆ। ਸੰਤੋਸ਼ਜਨਕ ਹਾਲਤ ਇਹ ਹੈ ਕਿ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਠੀਕ ਹੈ। ਅਜਿਹੇ ਵਿਚ ਇਹ ਸਵਾਲ ਉਠਦਾ ਹੈ ਕਿ ਜੇਕਰ ਸ਼ਹਿਰਾਂ ਵਿਚ ਇਹ ਹਾਲਤ ਹੈ ਤਾਂ ਪਿੰਡਾਂ ਵਿਚ ਹਾਲਤ ਕਿਸ ਤਰ੍ਹਾਂ ਦੇ ਹੋਣਗੇ।