ਫੇਸਬੁੱਕ ਤੋਂ ਬਾਅਦ ਕਈ ਹੋਰ ਗਲੋਬਲ ਕੰਪਨੀਆਂ ਕਰ ਸਕਦੀਆਂ ਹਨ ਰਿਲਾਇੰਸ ਜੀਓ ਵਿਚ ਨਿਵੇਸ਼
ਮੁਕੇਸ਼ ਅੰਬਾਨੀ ਨੇ ਦਿੱਤੇ ਵੱਡੇ ਸੰਕੇਤ
ਨਵੀਂ ਦਿੱਲੀ: ਫੇਸਬੁੱਕ ਨੇ ਹਾਲ ਹੀ ਵਿਚ ਰਿਲਾਇੰਸ ਜੀਓ ਵਿਚ 43,574 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਚਲਦਿਆਂ ਰਿਲਾਇੰਸ ਇੰਡਸਟ੍ਰੀਜ਼ ਲਿਮਟਡ ਨੂੰ ਕਰਜ਼ਾ ਮੁਕਤ ਕੰਪਨੀ ਬਣਨ ਵਿਚ ਵੱਡੀ ਮਦਦ ਮਿਲੀ ਹੈ। ਹੁਣ ਰਿਲਾਇੰਸ ਨੇ ਕਿਹਾ ਹੈ ਕਿ ਫੇਸਬੁੱਕ ਦੇ ਨਾਲ ਹੋਏ ਇਸ ਸਮਝੌਤੇ ਦਾ ਸਫਰ ਇੱਥੇ ਹੀ ਖਤਮ ਨਹੀਂ ਹੁੰਦਾ ਹੋਰ ਕਈ ਗਲੋਬਲ ਕੰਪਨੀਆਂ ਵੀ ਜੀਓ ਵਿਚ ਨਿਵੇਸ਼ ਕਰਨ ਦੀਆਂ ਇੱਛੁਕ ਹਨ।
ਰਿਲਾਇੰਸ ਇੰਡਸਟਰੀਜ਼ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆ ਦੀਆਂ ਕਈ ਹੋਰ ਦਿੱਗਜ਼ ਕੰਪਨੀਆਂ ਨੇ ਵੀ ਜੀਓ ਵਿਚ ਨਿਵੇਸ਼ ਦੀ ਇੱਛਾ ਜਤਾਈ ਹੈ। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ 2016 ਵਿਚ ਰਿਲਾਇੰਸ ਜੀਓ ਦੀ ਲਾਂਚਿੰਗ ਕੀਤੀ ਸੀ। ਫਿਲਹਾਲ ਇਹ ਕੰਪਨੀ ਫੇਸਬੁੱਕ ਦੇ ਨਿਵੇਸ਼ ਤੋਂ ਬਾਅਦ 4.62 ਲੱਖ ਕਰੋੜ ਪੂੰਜੀ ਵਾਲੀ ਫਰਮ ਬਣ ਗਈ ਹੈ।
ਹੁਣ ਰਿਲਾਇੰਸ ਦੀ ਯੋਜਨਾ ਇਹ ਹੈ ਕਿ ਜੀਓ ਦੇ ਪਲੇਟਫਾਰਮ ਨੂੰ ਸਟਾਕ ਐਕਸਚੇਂਜ 'ਤੇ ਲਿਸਟ ਕਰਾਇਆ ਜਾਵੇ। ਕੰਪਨੀ ਨੇ ਅਨੁਮਾਨ ਲਗਾਇਆ ਹੈ ਕਿ ਇਸ ਤਿਮਾਹੀ ਦੇ ਅੰਤ ਤੱਕ ਉਹ 1 ਲੱਖ ਕਰੋੜ ਰੁਪਏ ਦੀ ਪੂੰਜੀ ਵਧਾਉਣ ਦੇ ਯੋਗ ਹੋ ਜਾਵੇਗੀ। ਰਿਲਾਇੰਸ ਜੀਓ ਨੂੰ ਵਿੱਤੀ ਸਾਲ 2019-20 ਵਿਚ 14,363 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ ਅਤੇ ਕੁੱਲ ਰੇਵੇਨਿਊ 68,462 ਕਰੋੜ ਰੁਪਏ ਰਿਹਾ ਹੈ।
ਰਿਲਾਇੰਸ ਦੀ ਬੋਰਡ ਮੀਟਿੰਗ ਵਿਚ ਵੀਰਵਾਰ ਨੂੰ ਰਾਈਟਸ ਈਸ਼ੂ ਦੇ ਪਲਾਨ ਨੂੰ ਵੀ ਮਨਜ਼ੂਰੀ ਦਿੱਤੀ ਗਈ। ਕੰਪਨੀ ਨੇ ਰਾਈਟਸ ਈਸ਼ੂ ਦੇ ਜ਼ਰੀਏ 53,125 ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਹ 1,257 ਰੁਪਏ ਦੇ ਸ਼ੇਅਰ ਜਾਰੀ ਕਰੇਗੀ। ਇਸ ਦਾ ਅਨੁਪਾਤ 1:15 ਰਹੇਗਾ, ਇਸ ਦਾ ਅਰਥ ਇਹ ਹੋਵੇਗਾ ਕਿ 15 ਸ਼ੇਅਰਾਂ 'ਤੇ ਇਕ ਨਵਾਂ ਸ਼ੇਅਰ ਜਾਰੀ ਕੀਤਾ ਜਾਵੇਗਾ।
ਕੰਪਨੀ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗਤ ਵਿਚ ਕਮੀ ਕਾਰਨ ਦੇ ਮਕਸਦ ਨਾਲ ਸੈਲਰੀ ਵਿਚ ਕਟੌਤੀ ਦਾ ਵੀ ਫੈਸਲਾ ਲਿਆ ਗਿਆ ਹੈ। ਕਰਮਚਾਰੀਆਂ ਦੀ ਸੈਲਰੀ ਵਿਚ 10 ਤੋਂ 50 ਫੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਸਲਾਨਾ 15 ਲੱਖ ਰੁਪਏ ਤੱਕ ਦੇ ਪੈਕੇਜ ਵਾਲਿਆਂ ਨੂੰ ਇਸ ਕਟੌਤੀ ਤੋਂ ਛੋਟ ਦੇਣ ਦਾ ਫੈਸਲਾ ਲਿਆ ਗਿਆ ਹੈ।