ਲੋਕਾਂ ਨੂੰ ਆਰਥਕ ਮਦਦ ਦੇਵੇ ਸਰਕਾਰ, ਕਰਜ਼ ਵੀ ਕਰੇ ਮੁਆਫ਼-ਰਾਹੁਲ ਨਾਲ ਚਰਚਾ 'ਚ ਬੋਲੇ ਅਭਿਜੀਤ ਬੈਨਰਜੀ

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੇਸ਼ ਵਿਚ ਲੌਕਡਾਊਨ ਹੈ ਅਤੇ ਅਰਥਵਿਵਸਥਾ ਦੀ ਰਫ਼ਤਾਰ ਵੀ ਰੁਕ ਗਈ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੇਸ਼ ਵਿਚ ਲੌਕਡਾਊਨ ਹੈ ਅਤੇ ਅਰਥਵਿਵਸਥਾ ਦੀ ਰਫ਼ਤਾਰ ਵੀ ਰੁਕ ਗਈ ਹੈ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨੋਬਲ ਵਿਜੇਤਾ ਅਭਿਜੀਤ ਬੈਨਰਜੀ ਨਾਲ ਖਾਸ ਗੱਲਬਾਤ ਕੀਤੀ।

ਗੱਲਬਾਤ ਦੌਰਾਨ ਨੋਬਲ ਵਿਜੇਤਾ ਅਭਿਜੀਤ ਨੇ ਸਲਾਹ ਦਿੱਤੀ ਕੇ ਲੋਕਾਂ ਦੇ ਹੱਥਾਂ ਵਿਚ ਕੈਸ਼ ਪਹੁੰਚਾਉਣ ਦੀ ਲੋੜ ਹੈ, ਅਜਿਹੇ ਵਿਚ ਇਸ ਸਮੇਂ ਕਰਜ਼ਾ ਮੁਆਫ਼ ਕਰਨਾ ਚਾਹੀਦਾ ਹੈ ਅਤੇ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਅਭਿਜੀਤ ਨੇ ਕਿਹਾ ਕਿ ਯੂਪੀਏ ਸਰਕਾਰ ਨੇ ਕਾਫੀ ਚੰਗੀਆਂ ਨੀਤੀਆਂ ਲਾਗੂ ਕੀਤੀਆਂ ਸਨ ਪਰ ਹੁਣ ਸਰਕਾਰ ਉਹ ਲਾਗੂ ਨਹੀਂ ਕਰ ਰਹੀ।

ਉਹਨਾਂ ਕਿਹਾ ਕਿ ਸਰਕਾਰ ਨੂੰ ਛੋਟੇ ਉਦਯੋਗਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਸ ਤਿਮਾਹੀ ਦੇ ਕਰਜ਼ੇ ਦੀ ਅਦਾਇਗੀ ਖਤਮ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤ ਵਿਚ ਇਸ ਸਮੇਂ ਮੰਗ ਦੀ ਸਮੱਸਿਆ ਹੈ ਕਿਉਂਕਿ ਲੋਕਾਂ ਕੋਲ ਪੈਸਾ ਨਹੀਂ ਹੈ ਤੇ ਕੋਈ ਕੁਝ ਖਰੀਦ ਨਹੀਂ ਰਿਹਾ।

ਅਭਿਜੀਤ ਨੇ ਕਿਹਾ ਕਿ ਲੌਕਡਾਊਨ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੈ ਤੇ ਆਰਥਕ ਮਦਦ ਦੀ ਜ਼ਿਆਦਾ ਲੋੜ ਹੈ। ਉਹਨਾ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਸਲਾਹ ਦਿੱਤੀ ਸੀ ਕਿ ਸਰਕਾਰ ਨੂੰ ਰਾਸ਼ਨ ਕਾਰਡ ਜਾਰੀ ਕਰਨੇ ਚਾਹੀਦੇ ਹਨ ਜੋ ਘੱਟ ਤੋਂ ਘੱਟ ਤਿੰਨ ਮਹੀਨਿਆਂ ਲਈ ਕੰਮ ਕਰੇ ਅਤੇ ਹਰ ਕਿਸੇ ਨੂੰ ਮੁਫਤ ਵਿਚ ਰਾਸ਼ਨ ਮਿਲ ਸਕੇ। ਹਰ ਕਿਸੇ ਨੂੰ ਇਸ ਸਮੇਂ ਚਾਵਲ, ਦਾਲ, ਕਣਕ ਅਤੇ ਚੀਨੀ ਦੀ ਲੋੜ ਹੈ।

ਅਭਿਜੀਤ ਨੇ ਕਿਹਾ ਕਿ ਕੇਂਦਰ ਨੂੰ ਗਰੀਬਾਂ ਲਈ ਨਵੀਂ ਯੋਜਨਾ ਲਿਆਉਣ ਦੀ ਲੋੜ ਹੈ, ਉੱਥੇ ਹੀ ਸੂਬਿਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਗਰੀਬਾਂ ਤੱਕ ਲਾਭ ਪਹੁੰਚਾਉਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਅਭਿਜੀਤ ਨੂੰ ਆਰਥਕ ਖੇਤਰ ਵਿਚ ਯੋਗਦਾਨ ਲਈ ਬੀਤੇ ਸਾਲ ਹੀ ਨੋਬਲ ਪੁਰਸਕਾਰ ਦਿੱਤਾ ਗਿਆ ਸੀ।