ਅਮਰੀਕੀ ਰੁਜ਼ਗਾਰ ਕੰਪਨੀ H-1B ਵੀਜ਼ਾ ਧਾਰਕ ਕਰਮਚਾਰੀਆਂ ਦਾ ਬਕਾਇਆ ਚੁੱਕਣ ਲਈ ਰਾਜ਼ੀ

ਏਜੰਸੀ

ਖ਼ਬਰਾਂ, ਵਪਾਰ

ਇਕ ਅਮਰੀਕੀ ਰੁਜ਼ਗਾਰ ਕੰਪਨੀ ਨੇ ਲਗਭਗ 600 ਐਚ-1ਬੀ ਵੀਜ਼ਾ ਧਾਰਕ ਕਰਮਚਾਰੀਆਂ ਦੇ ਕਰੀਬ 1.1 ਮਿਲੀਅਨ ਡਾਲਰ ਦੇ ਬਕਾਏ ਦਾ ਭੁਗਤਾਨ ਕਰਨ ਲਈ ਸਹਿਮਤੀ ਦਿਖਾਈ ਹੈ।

H1B VISA

ਵਾਸ਼ਿੰਗਟਨ: ਇਕ ਅਮਰੀਕੀ ਰੁਜ਼ਗਾਰ ਕੰਪਨੀ ਨੇ ਲਗਭਗ 600 ਐਚ-1ਬੀ ਵੀਜ਼ਾ ਧਾਰਕ ਕਰਮਚਾਰੀਆਂ ਦੇ ਕਰੀਬ 1.1 ਮਿਲੀਅਨ ਡਾਲਰ (11 ਲੱਖ ਡਾਲਰ) ਦੇ ਬਕਾਏ ਦਾ ਭੁਗਤਾਨ ਕਰਨ ਲਈ ਸਹਿਮਤੀ ਦਿਖਾਈ ਹੈ। ਇਹਨਾਂ ਵਿਚ ਵੱਡੀ ਗਿਣਤੀ ‘ਚ ਭਾਰਤੀ ਆਈਟੀ ਪ੍ਰੋਫੈਸ਼ਨਲਜ਼ ਹਨ। ਇਹ ਫੈਸਲਾ ਲੇਬਰਜ਼ ਵੇਜ ਐਂਡ ਆਵਰ ਡਿਵੀਜ਼ਨ ਵਿਭਾਗ ਦੀ ਇਕ ਜਾਂਚ ਤੋਂ ਬਾਅਦ ਲਿਆ ਗਿਆ ਹੈ।

ਇਸ ਜਾਂਚ ਵਿਚ ਪਾਇਆ ਗਿਆ ਸੀ ਕਿ ਛੁੱਟੀ ਦੌਰਾਨ ਕੰਮ ਬੰਦ ਹੋ ਜਾਣ ‘ਤੇ ਪਾਪੁਲਸ ਗਰੁੱਪ ਐਚ-1 ਬੀ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦੇ ਸਕਿਆ ਸੀ।ਬਕਾਏ ਦਾ ਭੁਗਤਾਨ ਕਰਨ ਤੋਂ ਇਲਾਵਾ ਟ੍ਰਾਏ, ਮਿਸ਼ਿਗਨ ਵਿਚ ਸਥਿਤ ਪਾਪੁਲਸ ਗਰੁੱਪ ਪ੍ਰੋਗਰਾਮ ਦੀਆਂ ਜ਼ਰੂਰਤਾਂ ਦੇ ਪਾਲਣਾਂ ਨੂੰ ਨਿਸ਼ਚਿਤ ਕਰਨ ਲਈ ਪਿਛਲੇ ਅਤੇ ਵਰਤਮਾਨ ਪੇਰੋਲ ਰਿਕਾਰਡ ਦੀ ਸਮੀਖਿਆ ਕਰੇਗਾ।

ਇਕ ਅਧਿਕਾਰਿਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ 594 ਐਚ-1 ਬੀ ਕਰਮਚਾਰੀਆਂ ਨੂੰ ਉਹਨਾਂ ਦੀ ਤਨਖ਼ਾਹ ਵਾਪਿਸ ਮਿਲ ਜਾਵੇਗੀ। ਵੇਜ ਐਂਡ ਆਵਰ ਡਿਸਟ੍ਰਿਕਟ ਦੇ ਡਾਇਰੈਕਟਰ ਟਿਮੌਲਿਨ ਮਿਸ਼ੇਲ ਨੇ ਕਿਹਾ ਕਿ ਐਚ-1ਬੀ ਫੌਰੇਨ ਲੇਬਰ ਸਰਟੀਫਿਕੇਸ਼ਨ ਦਾ ਮੁੱਖ ਉਦੇਸ਼ ਅਮਰੀਕੀ ਕੰਪਨੀਆਂ ਨੂੰ ਜ਼ਰੂਰਤ ਪੈਣ ‘ਤੇ ਉੱਚ ਕੁਸ਼ਲ ਪ੍ਰਤਿਭਾ ਨੂੰ ਖੋਜਣ ਵਿਚ ਮਦਦ ਕਰਨਾ ਹੈ, ਉਹ ਵੀ ਉਸ ਸਮੇਂ ਜਦੋਂ ਉਹ ਸਾਬਿਤ ਕਰ ਸਕੇ ਕਿ ਮੌਜੂਦਾ ਅਮਰੀਕੀ ਕਰਮਚਾਰੀਆਂ ਵਿਚ ਅਜਿਹੇ ਲੋਕਾਂ ਦੀ ਕਮੀ ਹੈ।

ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਇਹ ਨਿਸ਼ਚਿਤ ਕਰਨਾ ਹੈ ਕਿ ਕਿਸੇ ਨੂੰ ਘੱਟ ਭੁਗਤਾਨ ਤਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਕਰਮਚਾਰੀਆਂ ਨੂੰ ਕਾਨੂੰਨੀ ਰੂਪ ਨਾਲ ਲਿਆਂਦਾ ਗਿਆ ਹੈ। ਦੱਸ ਦਈਏ ਕਿ ਐਚ-1ਬੀ ਵੀਜ਼ਾ ਭਾਰਤੀ ਆਈਟੀ ਪ੍ਰੋਫੈਸ਼ਨਲਜ਼ ਵਿਚ  ਕਾਫੀ ਚਰਚਿਤ ਹੈ। ਇਹ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਟੈਕਨੀਕਲ ਯੋਗਤਾ ਵਾਲੇ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ।