ਜਾਣੋ ਬਜਟ 'ਚ ਕੀ-ਕੀ ਹੋਇਆ ਮਹਿੰਗਾ ਅਤੇ ਕੀ-ਕੀ ਹੋਇਆ ਸਸਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬਜਟ ਦੌਰਾਨ ਨਿਰਮਲਾ ਸੀਤਾਰਮਨ ਵੱਲੋਂ ਟੈਕਸ ਦਰਾਂ ਵਿਚ ਕੀਤੇ ਗਏ ਵਾਧੇ ਕਾਰਨ ਕਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ।

Budget 2019

ਨਵੀਂ ਦਿੱਲੀ: ਗਰੀਬ, ਕਿਸਾਨ ਅਤੇ ਹਰੇਕ ਨਾਗਰਿਕ ਦੇ ਜੀਵਨ ਨੂੰ ਸਾਦਾ ਅਤੇ ਅਸਾਨ ਬਣਾਉਣ ਦੇ ਟੀਚੇ ਨਾਲ ਪੇਸ਼ ਕੀਤੇ ਗਏ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਆਮ ਬਜਟ ਵਿਚ ਅਰਥ ਵਿਵਸਥਾ ਨੂੰ ਗਤੀ ਦੇਣ ਲਈ ਮੀਡੀਆ, ਹਵਾਈ ਆਵਾਜਾਈ ਅਤੇ ਬੀਮਾ ਆਦਿ ਖੇਤਰ ਵਿਚ ਐਫਡੀਆਈ ਦੇ ਨਿਯਮਾਂ ਨੂੰ ਅਸਾਨ ਕਰਨ ਦੀ ਤਜਵੀਜ਼ ਕੀਤੀ ਗਈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਗਏ ਵਿੱਤੀ ਸਾਲ 2019-20 ਦੇ ਬਜਟ ਭਾਸ਼ਣ ਵਿਚ ਕਿਹਾ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਇਕ ਆਕਰਸ਼ਕ ਅਤੇ ਮਜ਼ਬੂਤ ਭਾਰਤ ਦੀ ਉਮੀਦ ਲਹਿਰਾ ਰਹੀ ਸੀ ਅਤੇ ਲੋਕਾਂ ਨੇ ਅਜਿਹੀ ਸਰਕਾਰ ਨੂੰ ਚੁਣਿਆ ਹੈ, ਜਿਸ ਨੇ ਕੰਮ ਕਰ ਕੇ ਦਿਖਾਇਆ ਹੈ।

ਬਜਟ ਦੌਰਾਨ ਨਿਰਮਲਾ ਸੀਤਾਰਮਨ ਵੱਲੋਂ ਟੈਕਸ ਦਰਾਂ ਵਿਚ ਕੀਤੇ ਗਏ ਵਾਧੇ ਕਾਰਨ ਕਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਜਿਨ੍ਹਾਂ ਵਿਚ ਸੋਨਾ, ਚਾਂਦੀ, ਪੈਟਰੌਲ, ਡੀਜ਼ਲ, ਪੀਵੀਸੀ ਪਾਈਪ, ਦਰਾਮਦਸ਼ੁਦਾ ਕਿਤਾਬਾਂ, ਆਟੋ ਪਾਰਟਸ, ਸਿੰਥੈਟਿਕ ਰਬੜ੍ਹ, ਮਾਰਬਲ ਟਾਈਲਾਂ, ਵਿਨਾਇਲ ਫਲੋਰਿੰਗ, ਬੈਂਕਿੰਗ ਸੇਵਾਵਾਂ, ਵੀਡੀਓ ਰਿਕਾਰਡਰ, ਸੀਸੀਟੀਵੀ ਕੈਮਰੇ, ਮੈਟਲ ਫਿਟਿੰਗ ਆਦਿ ਸ਼ਾਮਲ ਹਨ। ਇਸੇ ਦੌਰਾਨ ਬੀਮਾ, ਬਿਜਲਈ ਕਾਰਾਂ, ਮਕਾਨ ਅਤੇ ਰੱਖਿਆ ਉਪਕਰਨ ਆਦਿ ਚੀਜ਼ਾਂ ਸਸਤੀਆਂ ਹੋਈਆਂ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਬਜਟ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸੋਨੇ ‘ਤੇ ਕਸਟਮ ਡਿਊਟੀ ਨੂੰ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਦੋ ਕਰੋੜ ਤੋਂ ਪੰਜ ਕਰੋੜ ਅਤੇ ਪੰਜ ਕਰੋੜ ਤੋਂ ਜ਼ਿਆਦਾ ਟੈਕਸ ਆਮਦਨ ਵਾਲੇ ਕਰਦਾਤਾਵਾਂ ‘ਤੇ ਵੀ ਭਾਰ ਵਧਾਇਆ ਗਿਆ ਹੈ।