ਬਜਟ ਨੂੰ ਲੈ ਕੇ ਯੋਗੇਂਦਰ ਯਾਦਵ ਦਾ ਮੋਦੀ ਸਰਕਾਰ ‘ਤੇ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਜਨੀਤੀ

ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਸੰਸਦ ਵਿਚ ਪੇਸ਼ ਕੀਤਾ।

Yogendra Yadav

ਨਵੀਂ ਦਿੱਲੀ: ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਸੰਸਦ ਵਿਚ ਪੇਸ਼ ਕੀਤਾ। ਨਿਰਮਲਾ ਸੀਤਾਰਮਨ ਨੇ ਕਰੀਬ 2 ਘੰਟੇ 15 ਮਿੰਟ ਦਾ ਭਾਸ਼ਣ ਦਿੱਤਾ। ਬਜਟ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੇ ਇਕ ਰਵਾਇਤ ਨੂੰ ਤੋੜਦੇ ਹੋਏ ਬਜਟ ਦਸਤਾਵੇਜ਼ ਨੂੰ ਬ੍ਰੀਫਕੇਸ ਵਿਚ ਨਾ ਲਿਆ ਕੇ ਇਕ ਲਾਲ ਰੰਗ ਦੇ ਕੱਪੜੇ ਵਿਚ ਰੱਖਿਆ ਅਤੇ ਉਸ ਦੇ ਉੱਤੇ ਅਸ਼ੋਕ ਚਿੰਨ੍ਹ ਲੱਗਿਆ ਹੋਇਆ ਸੀ।

ਇਸ ‘ਤੇ ਕੇਂਦਰ ਦੇ ਮੁੱਖ ਆਰਥਕ ਸਲਾਹਕਾਰ ਕੇ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਨੇ ਲਾਲ ਰੰਗ ਦੇ ਕੱਪੜੇ ਵਿਚ ਬਜਟ ਦਸਤਾਵੇਜ਼ ਨੂੰ ਰੱਖਿਆ ਹੈ। ਇਹ ਇਕ ਭਾਰਤੀ ਰਵਾਇਤ ਹੈ। ਉਹਨਾਂ ਕਿਹਾ ਕਿ ਇਹ ਪੱਛਮੀ ਗੁਲਾਮੀ ਤੋਂ ਨਿਕਲਣ ਦਾ ਪ੍ਰਤੀਕ ਹੈ। ਇਹ ਬਜਟ ਨਹੀਂ ‘ਬਹੀ ਖਾਤਾ’ ਹੈ। ਇਸ ਬਜਟ ਨੂੰ ਲੈ ਕੇ ਸਵਰਾਜ ਇੰਡੀਆ ਦੇ ਸੰਸਥਾਪਕ ਅਤੇ ਚੋਣ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਯੋਗੇਂਦਰ ਯਾਦਵ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਇਸ ਸਪੀਚ ‘ਤੇ ਹੈਰਾਨ ਹਨ।

ਉਹਨਾਂ ਨੇ ਸੁਬਰੀਮਨੀਅਮ ਦੇ ‘ਬਹੀ ਖਾਤਾ’ ਵਾਲੇ ਬਿਆਨ ‘ਤੇ ਕਿਹਾ ਕਿ ‘ਬਜਟ ਵਿਚ ਨਾ ਖਾਤਾ ਨਾ ਬਹੀ ਜੋ ਨਿਰਮਲਾ ਕਹੇ ਓਹੀ ਸਹੀ’। ਉਹਨਾਂ ਕਿਹਾ ਕਿ ਜ਼ੀਰੋ ਬਜਟ ਫਾਰਮਿੰਗ ਦੀ ਗੱਲ ਕੀਤੀ ਗਈ ਪਰ ਇਹ ਜ਼ੀਰੋ ਬਜਟ ਸਪੀਚ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਸ ਸੀ ਪਰ ਸੋਕੇ ਦਾ ਕਿਤੇ ਜ਼ਿਕਰ ਨਹੀਂ ਹੋਇਆ। ਦੇਸ਼ ਦੀ ਪਹਿਲੀ ਪੂਰਣ ਕਾਲ ਮਹਿਲਾ ਵਿੱਤ ਮੰਤਰੀ ਦੇ ਰੂਪ ਵਿਚ ਅਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਸਰਕਾਰ ਦਾ ਮਕਸਦ ਨਾਗਰਕ ਦੇ ਜੀਵਨ ਨੂੰ ਸਾਦਾ ਬਣਾਉਣਾ ਹੈ।