ਜੀਓ ਸਿਮ ਵਰਤਣ ਵਾਲਿਆਂ ਲਈ ਵੱਡਾ ਝਟਕਾ

ਏਜੰਸੀ

ਖ਼ਬਰਾਂ, ਵਪਾਰ

ਅੱਜ ਰਾਤ 12 ਵਜੇ ਤੋਂ ਬਾਅਦ JIO ਤੋਂ ਕਾਲ ਕਰਨ ਲਈ ਦੇਣੇ ਪੈਣਗੇ 6 ਪੈਸੇ ਪ੍ਰਤੀ ਮਿੰਟ

Now Jio customers will have to pay 6 paisa/min for calling other companies

ਨਵੀਂ ਦਿੱਲੀ : ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦਿਆਂ ਕਾਲਿੰਗ ਲਈ ਪੈਸੇ ਲੈਣ ਦਾ ਐਲਾਨ ਕੀਤਾ ਹੈ। ਜੀਓ ਦੇ ਗਾਹਕਾਂ ਨੂੰ ਹੁਣ ਫ਼ੋਨ 'ਤੇ ਗੱਲ ਕਰਨ ਲਈ ਪੈਸੇ ਦੇਣੇ ਪੈਣਗੇ। ਜੀਓ ਦੇ ਇਕ ਬਿਆਨ ਮੁਤਾਬਕ ਜੀਓ ਦੇ ਗਾਹਕਾਂ ਨੂੰ ਕਿਸੇ ਦੂਜੀ ਕੰਪਨੀ ਦੇ ਨੈਟਵਰਕ 'ਤੇ ਕਾਲ ਕਰਨ ਲਈ ਪ੍ਰਤੀ ਮਿੰਟ 6 ਪੈਸੇ ਦੇਣੇ ਪੈਣਗੇ। ਹਾਲਾਂਕਿ ਜੀਓ ਤੋਂ ਜੀਓ ਦੇ ਨੈਟਵਰਕ 'ਤੇ ਕਾਲਿੰਗ ਪਹਿਲਾਂ ਦੀ ਤਰ੍ਹਾਂ ਮੁਫ਼ਤ ਹੀ ਰਹੇਗੀ। ਇਹ ਨਿਯਮ 10 ਅਕਤੂਬਰ ਤੋਂ ਲਾਗੂ ਹੋ ਜਾਵੇਗਾ।

ਜੀਓ ਨੇ ਕਿਹਾ ਕਿ ਉਹ ਆਪਣੇ 35 ਕਰੋੜ ਗਾਹਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹੈ ਕਿ ਆਊਟਗੋਇੰਗ ਆਫ਼-ਨੈਟ ਮੋਬਾਈਲ ਕਾਲ 'ਤੇ 6 ਪੈਸੇ ਪ੍ਰਤੀ ਮਿੰਟ ਦਾ ਚਾਰਜ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ TRAI ਆਪਣੇ ਮੌਜੂਦਾ ਰੈਗੁਲੇਸ਼ਨ ਮੁਤਾਬਕ IUC ਨੂੰ ਖ਼ਤਮ ਨਹੀਂ ਕਰ ਦਿੰਦਾ। ਅਸੀ TRAI ਨਾਲ ਸਾਰੇ ਡਾਟਾ ਨੂੰ ਸਾਂਝਾ ਕਰਾਂਗੇ ਤਾਂ ਕਿ ਉਹ ਸਮਝ ਸਕੇ ਕਿ ਸਿਫ਼ਰ IUC ਯੂਜਰਾਂ ਦੇ ਹਿੱਤ 'ਚ ਹੈ।

ਜ਼ਿਕਰਯੋਗ ਹੈ ਕਿ ਇਹ ਪੂਰਾ ਮਾਮਲਾ ਇੰਟਰਕਨੈਕਟ ਯੂਜਿਸ ਚਾਰਜਿਸ ਨਾਲ ਜੁੜਿਆ ਹੈ। IUC ਇਕ ਮੋਬਾਈਲ ਟੈਲੀਕਾਮ ਆਪ੍ਰੇਟਰ ਤੋਂ ਦੂਜੇ ਨੂੰ ਭੁਗਤਾਨ ਕੀਤੀ ਜਾਣ ਵਾਲੀ ਰਕਮ ਹੈ। ਜਦੋਂ ਇਕ ਟੈਲੀਕਾਮ ਆਪ੍ਰੇਟਰ ਦੇ ਗਾਹਕ ਦੂਜੇ ਆਪ੍ਰੇਟਰ ਦੇ ਗਾਹਕਾਂ ਨੂੰ ਆਊਟਗੋਇੰਗ ਮੋਬਾਈਲ ਕਾਲ ਕਰਦੇ ਹਨ ਤਾਂ IUC ਦਾ ਭੁਗਤਾਨ ਕਾਲ ਕਰਨ ਵਾਲੇ ਆਪ੍ਰੇਟਰ ਨੂੰ ਕਰਨਾ ਪੈਂਦਾ ਹੈ। ਦੋ ਵੱਖ-ਵੱਖ ਨੈਟਵਰਕਾਂ ਵਿਚਕਾਰ ਇਹ ਕਾਲ ਮੋਬਾਈਲ ਆਫ਼-ਨੈਟ ਕਾਲ ਵਜੋਂ ਮੰਨੀ ਜਾਂਦੀ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਵਲੋਂ IUC ਚਾਰਜ ਤੈਅ ਕੀਤੇ ਜਾਂਦੇ ਹਨ ਅਤੇ ਮੌਜੂਦਾ ਸਮੇਂ 'ਚ ਇਹ 6 ਪੈਸੇ ਪ੍ਰਤੀ ਮਿੰਟ ਹੈ।

ਜੀਓ ਨੇ ਦੱਸਿਆ ਕਿ ਸਾਰੀਆਂ ਇੰਟਰਨੈਟ ਕਾਲਾਂ, ਇਨਕਮਿੰਗ ਕਾਲ, ਜੀਓ ਤੋਂ ਜੀਓ 'ਤੇ ਕਾਲ ਅਤੇ ਲੈਂਡਲਾਈਨ 'ਤੇ ਕਾਲ ਪਹਿਲਾਂ ਦੀ ਤਰ੍ਹਾਂ ਮੁਫ਼ਤ ਰਹਿਣਗੇ। TRAI ਨੇ 1 ਅਕਤੂਬਰ 2017 ਨੂੰ IUC ਚਾਰਜ 14 ਪੈਸੇ ਤੋਂ ਘਟਾ ਕੇ 6 ਪੈਸੇ ਕੀਤੇ ਸਨ। 1 ਜਨਵਰੀ 2020 ਤੋਂ ਇਸ ਨੂੰ ਪੀਰੀ ਤਰ੍ਹਾਂ ਖ਼ਤਮ ਕਰਨ ਦਾ ਪ੍ਰਸਤਾਵ ਸੀ ਪਰ TRAI ਇਸ 'ਤੇ ਫਿਰ ਤੋਂ ਕੰਸਲਟੇਸ਼ਨ ਪੇਪਰ ਲਿਆਇਆ ਹੈ। ਇਸ ਲਈ ਇਹ ਚਾਰਜ ਅੱਗੇ ਵੀ ਜਾਰੀ ਰਹਿ ਸਕਦਾ ਹੈ।

ਜੀਓ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਤਾਲਾਂ 'ਚ ਉਹ IUC ਚਾਰਜ ਵਜੋਂ 13,500 ਕਰੋੜ ਰੁਪਏ ਦਾ ਭੁਗਤਾਨ ਦੂਜੇ ਆਪ੍ਰੇਟਰਾਂ ਨੂੰ ਕਰ ਚੁੱਕੀ ਹੈ। ਹੁਣ ਤਕ ਇਸ ਦਾ ਬੋਝ ਗਾਹਕਾਂ 'ਤੇ ਨਹੀਂ ਪਾਇਆ ਜਾ ਰਿਹਾ ਸੀ ਪਰ ਇਹ ਚਾਰਜ 31 ਦਸੰਬਰ ਤੋਂ ਬਾਅਦ ਵੀ ਜਾਰੀ ਰਹਿਣ ਦੀ ਸੰਭਾਵਨਾ ਕਾਰਨ ਮਜਬੂਰਨ ਚਾਰਜ ਲੈਣ ਦਾ ਫ਼ੈਸਲਾ ਲੈਣਾ ਪਿਆ। ਜੀਓ ਦੇ ਨੈਟਵਰਕ 'ਤੇ ਰੋਜ਼ਾਨਾ 25-30 ਕਰੋੜ ਮਿਸ ਕਾਲਾਂ ਆਉਂਦੀਆਂ ਹਨ। ਮਤਲਬ ਅਸੀ ਆਪਣਾ ਗਾਹਕਾਂ ਦੇ ਨਾਲ-ਨਾਲ ਦੂਜੇ ਆਪ੍ਰੇਟਰਾਂ ਦੇ ਗਾਹਕਾਂ ਨੂੰ ਵੀ ਸਹੂਲਤ ਦੇ ਰਹੇ ਸੀ।