ਵਿਰੋਧੀ ਧਿਰਾਂ ਨੇ ਬਜਟ ਨੂੰ ਜ਼ਮੀਨੀ ਹਕੀਕਤ ਤੋਂ ਦੂਰ ਕਰਾਰ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬਜਟ ਬਾਰੇ ਆਮ ਚਰਚਾ

Photo

ਬਜਟ 'ਚ ਪੰਜਾਬ ਦੀ ਅਣਦੇਖੀ ਕੀਤੀ ਗਈ : ਪਰਨੀਤ ਕੌਰ
ਸਰਕਾਰ ਸਿਰਫ਼ ਸੁਪਨੇ ਵਿਖਾ ਰਹੀ ਹੈ : ਸੁਪ੍ਰਿਯਾ
ਬਜਟ ਕਮਜ਼ੋਰ ਵਰਗਾਂ ਨੂੰ ਸਮਰਪਿਤ : ਭਾਜਪਾ

ਨਵੀਂ ਦਿੱਲੀ : ਕਾਂਗਰਸ ਸਣੇ ਵਿਰੋਧੀ ਧਿਰਾਂ ਨੇ 2020-21 ਦੇ ਆਮ ਬਜਟ ਨੂੰ ਅਸਲੀਅਤ ਤੋਂ ਦੂਰ ਕਰਾਰ ਦਿੰਦਿਆਂ ਕਿਹਾ ਕਿ ਬਜਟ ਵਿਚ ਆਰਥਕ ਮੰਦੀ ਅਤੇ ਬੇਰੁਜ਼ਗਾਰੀ ਨਾਲ ਸਿੱਝਣ ਲਈ ਕੋਈ ਰੂਪਰੇਖਾ ਪੇਸ਼ ਨਹੀਂ ਕੀਤੀ ਗਈ ਜਦਕਿ ਭਾਜਪਾ ਨੇ ਬਜਟ ਨੂੰ 'ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ' ਅਤੇ ਕਮਜ਼ੋਰ ਵਰਗਾਂ ਨੂੰ ਸਮਰਪਿਤ ਕਰਾਰ ਦਿਤਾ।

ਲੋਕ ਸਭਾ ਵਿਚ ਸਾਲ 2020-21 ਦੇ ਬਜਟ ਬਾਰੇ ਆਮ ਚਰਚਾ ਵਿਚ ਹਿੱਸਾ ਲੈਂਦਿਆਂ ਕਾਂਗਰਸ ਦੀ ਪਰਨੀਤ ਕੌਰ ਨੇ ਕਿਹਾ, 'ਇਹ ਬਜਟ ਨਿਰਾਸ਼ਾਜਨਕ ਹੈ ਅਤੇ ਇਸ ਵਿਚ ਮਨਰੇਗਾ ਜਿਹੀਆਂ ਯੋਜਨਾਵਾਂ ਦੇ ਫ਼ੰਡ ਵਿਚ ਕਟੌਤੀ ਕੀਤੀ ਗਈ ਹੈ।' ਉਨ੍ਹਾਂ ਦਾਅਵਾ ਕੀਤਾ ਕਿ ਪੇਂਡੂ ਭਾਰਤ ਦੀ ਅਰਥਵਿਵਸਥਾ, ਬੇਰੁਜ਼ਗਾਰੀ ਦੀ ਸਮੱਸਿਆ ਅਤੇ ਪੰਜਾਬ ਦੀ ਵੀ ਅਣਦੇਖੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਮਨਰੇਗਾ ਅਤੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਲਈ ਫ਼ੰਡ ਵਧਾਇਆ ਜਾਣਾ ਚਾਹੀਦਾ ਹੈ। ਚਰਚਾ ਵਿਚ ਹਿੱਸਾ ਲੈਂਦਿਆਂ ਭਾਜਪਾ ਦੇ ਬ੍ਰਜਭੂਸ਼ਨ ਸ਼ਰਨ ਸਿੰਘ ਨੇ ਕਿਹਾ, '32 ਸਾਲ ਤਕ ਮਿਲੀਆਂ ਜੁਲੀਆਂ ਸਰਕਾਰਾਂ ਦੇ ਦੌਰ ਮਗਰੋਂ 2014 ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਮੁਕੰਮਲ ਬਹੁਮਤ ਦੀ ਸਰਕਾਰ ਆਈ। ਮੋਦੀ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪੂਰਾ ਜ਼ੋਰ ਲਾਇਆ ਹੈ।'

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੁਪਰਿਯਾ ਸੁਲੇ ਨੇ ਦੋਸ਼ ਲਾਇਆ ਕਿ ਢਾਏ ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਪੜ੍ਹਿਆ ਗਿਆ ਬਜਟ ਅਸਲੀਅਤ ਤੋਂ ਦੂਰ ਹੈ। ਉਨ੍ਹਾਂ ਕਿਹਾ, 'ਸਰਕਾਰ ਸਿਰਫ਼ ਸੁਪਨੇ ਵਿਖਾ ਰਹੀ ਹੈ ਪਰ ਇਹ ਨਹੀਂ ਦੱਸ ਰਹੀ ਕਿ ਇਹ ਸੁਪਨੇ ਕਿਵੇਂ ਪੂਰੇ ਹੋਣਗੇ। ਇਸ ਬਜਟ ਵਿਚ ਮੰਦੀ ਅਤੇ ਬੇਰੁਜ਼ਗਾਰੀ ਨਾਲ ਸਿੱਝਦ ਦੀ ਕੋਈ ਰੂਪਰੇਖਾ ਪੇਸ਼ ਨਹੀਂ ਕੀਤੀ ਗਈ।'

ਡੀਐਮਕੇ ਦੇ ਦਯਾਨਿਧੀ ਮਾਰਨ ਨੇ ਕਿਹਾ ਕਿ ਬੱਚਤ ਸਾਡੀ ਰਵਾਇਤ ਦਾ ਅਭਿੰਨ ਹਿੱਸਾ ਰਹੀ ਹੈ ਪਰ ਸਰਕਾਰ ਬੱਚਤ ਨੂੰ ਖ਼ਤਮ ਕਰ ਰਹੀ ਹੈ। ਕਰ ਵਰਗੀਕਰਨ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਲੋਕਾਂ ਨੂੰ ਸਮਝਣ ਵਿਚ ਮੁਸ਼ਕਲ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਸਰਕਾਰ ਏਅਰ ਇੰਡੀਆ, ਐਲਆਈਸੀ, ਬੀਐਸਐਨਐਲ ਜਿਹੇ ਅਦਾਰਿਆਂ ਨੂੰ ਵੇਚਣ ਵਿਚ ਲੱਗੀ ਹੋਈ ਹੈ। ਬਸਪਾ ਦੇ ਗਿਰੀਸ਼ ਚੰਦਰ ਨੇ ਬਜਟ ਨੂੰ ਕਿਸਾਨ, ਨੌਜਵਾਨ ਅਤੇ ਦਲਿਤ ਵਿਰੋਧੀ ਕਰਾਰ ਦਿਤਾ ਅਤੇ ਦਾਅਵਾ ਕੀਤਾ ਕਿ ਅਨਸੂਚਿਤ ਜਾਤੀ ਅਤੇ ਜਨਜਾਤੀ ਲਈ ਫ਼ੰਡ ਵਿਚ ਕਟੌਤੀ ਕੀਤੀ ਗਈ ਹੈ।