ਈ-ਵਣਜ ਕਾਰੋਬਾਰ 'ਚ ਉਤਰੇਗਾ ਬੈਂਕ ਆਫ਼ ਬੜੌਦਾ
ਬੈਂਕ 'ਡਿਜੀਟਲ ਕਾਮਰਸ ਪਲੇਟਫ਼ਾਰਮ' ਲਈ ਇਕ ਸਾਂਝੇਦਾਰ ਦੀ ਤਲਾਸ਼ 'ਚ ਹੈ, ਜਿਸ ਲਈ ਉਸ ਨੇ ਬੋਲੀ ਮੰਗੀ ਹੈ।
ਨਵੀਂ ਦਿੱਲੀ : ਜਨਤਕ ਖੇਤਰ ਦੇ ਬੜੌਦਾ ਬੈਂਕ ਜਲਦ ਹੀ ਇਕ ਆਨਲਾਈਨ ਬਾਜ਼ਾਰ ਖੋਲ੍ਹਣ ਜਾ ਰਿਹਾ ਹੈ, ਜਿੱਥੇ ਗਾਹਕਾਂ ਨੂੰ ਬੈਂਕਿੰਗ ਸੇਵਾਵਾਂ ਅਤੇ ਖੇਤੀ ਨਾਲ ਸਬੰਧਤ ਕਈ ਉਤਪਾਦ ਪੇਸ਼ ਕੀਤੇ ਜਾਣਗੇ। ਬੜੌਦਾ ਬੈਂਕ ਦੀ ਯੋਜਨਾ ਗਾਹਕਾਂ ਦੀਆਂ ਰੋਜ਼ਾਨਾ ਲੋੜਾਂ ਤੇ ਲਾਈਫ ਸਟਾਈਲ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸੇਵਾਵਾਂ ਨੂੰ ਪੂਰਾ ਕਰਨ ਲਈ ਇਕ ਆਨਲਾਈਨ ਮਾਰਕੀਟ ਖੋਲ੍ਹਣ ਦੀ ਹੈ।
ਬੈਂਕ 'ਡਿਜੀਟਲ ਕਾਮਰਸ ਪਲੇਟਫ਼ਾਰਮ' ਲਈ ਇਕ ਸਾਂਝੇਦਾਰ ਦੀ ਤਲਾਸ਼ 'ਚ ਹੈ, ਜਿਸ ਲਈ ਉਸ ਨੇ ਬੋਲੀ ਮੰਗੀ ਹੈ। ਬੈਂਕ ਨੇ ਕਿਹਾ ਕਿ ਉਹ ਅਪਣੇ ਈ-ਕਾਮਰਸ ਪਲੇਟਫ਼ਾਰਮ 'ਤੇ ਵੱਖ-ਵੱਖ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਅਤੇ ਖੇਤੀ-ਸਬੰਧੀ ਉਤਪਾਦ ਪੇਸ਼ ਕਰੇਗਾ। ਸਾਥੀ ਦਾ ਕੰਮ ਖ਼ਰੀਦ, ਪ੍ਰਮੋਸ਼ਨ ਅਤੇ ਹੋਰ ਸੇਵਾਵਾਂ ਦਾ ਪ੍ਰਬੰਧਨ ਕਰਨਾ ਹੋਵੇਗਾ।
ਉੱਥੇ ਹੀ ਬੜੌਦਾ ਬੈਂਕ ਖੇਤੀ ਨਾਲ ਸਬੰਧਤ ਉਤਪਾਦਾਂ 'ਚ ਫ਼ਸਲੀ ਕਰਜ਼ਾ, ਖੇਤੀ ਮਸ਼ੀਨਰੀ ਤੇ ਖਾਦਾਂ ਆਦਿ ਨਾਲ ਸਬੰਧਤ ਕਰਜ਼ਾ ਇਸ ਪਲੇਟਫ਼ਾਰਮ 'ਤੇ ਲੋਕਾਂ ਨੂੰ ਪੇਸ਼ ਕਰੇਗਾ। ਸੋਨੇ ਦੇ ਬਦਲੇ ਕਰਜ਼ਾ ਤੋਂ ਲੈ ਕੇ ਬੀਮਾ ਪ੍ਰਾਡਕਟਸ ਵੀ ਇਸ ਪਲੇਟਫ਼ਾਰਮ 'ਤੇ ਉਪਲਬਧ ਹੋਣਗੇ। ਇਨ੍ਹਾਂ ਸੱਭ ਤੋਂ ਇਲਾਵਾ ਸਰਕਾਰੀ ਗੋਲਡ ਬਾਂਡ ਤੇ ਹੋਰ ਨਿਵੇਸ਼ ਸਬੰਧੀ ਸਕੀਮਾਂ ਵੀ ਗਾਹਕ ਖ਼ਰੀਦ ਸਕਣਗੇ। ਅਰਜ਼ੀਆਂ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 26 ਜੁਲਾਈ 2019 ਹੈ।