ਲਓ ਕਰਵਾ ਲੋ ਸਰਕਾਰ ਤੋਂ ਮੰਦੀ ਦਾ ਹੱਲ, ਅਖੇ ਆਟੋਮੋਬਾਈਲ ਸੈਕਟਰ ’ਚ ਮੰਦੀ ਲਈ ਲੋਕ ਖ਼ੁਦ ਹੀ ਜ਼ਿੰਮੇਵਾਰ

ਏਜੰਸੀ

ਖ਼ਬਰਾਂ, ਵਪਾਰ

‘‘ਖ਼ੁਦ ਦੀ ਕਾਰ ਖ਼ਰੀਦਣ ਦੀ ਬਜਾਏ ਕਰ ਰਹੇ ਓਲਾ-ਉਬੇਰ ਦੀ ਵਰਤੋਂ’’

Nirmala Sitharaman

ਦੇਸ਼ ਦਾ ਆਟੋਮੋਬਾਈਲ ਸੈਕਟਰ ਇਸ ਸਮੇਂ ਮੰਦੀ ਦੀ ਮਾਰ ਝੱਲ ਰਿਹਾ ਹੈ। ਕਈ ਕੰਪਨੀਆਂ ਨੇ ਪ੍ਰੋਡਕਸ਼ਨ ਤਕ ਰੋਕ ਦਿੱਤੀ ਹੈ। ਇਸ ਖੇਤਰ ਨਾਲ ਜੁੜੀਆਂ ਲੱਖਾਂ ਨੌਕਰੀਆਂ ਖ਼ਤਰੇ ’ਚ ਪਈਆਂ ਹੋਈਆਂ ਹਨ। ਦੇਸ਼ ਦੇ ਵੱਡੇ-ਵੱਡੇ ਅਰਥ ਸਾਸ਼ਤਰੀ ਇਸ ਮੰਦੀ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਪਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਪਣੇ ਇਕ ਬਿਆਨ ਵਿਚ ਲੋਕਾਂ ਨੂੰ ਹੀ ਇਸ ਮੰਦੀ ਲਈ ਜ਼ਿੰਮੇਵਾਰ ਠਹਿਰਾ ਦਿੱਤਾ।  

ਵਿੱਤ ਮੰਤਰੀ ਦਾ ਕਹਿਣਾ ਹੈ ਕਿ ਆਟੋ ਮੋਬਾਈਲ ਸੈਕਟਰ ਵਿਚ ਆਈ ਮੰਦੀ ਦਾ ਕਾਰਨ ਇਹ ਹੈ ਕਿ ਲੋਕ ਨਵੀਆਂ ਕਾਰਾਂ ਖ਼ਰੀਦਣ ਦੀ ਬਜਾਏ ਓਲਾ ਅਤੇ ਉਬੇਰ ਵਿਚ ਜਾਣਾ ਪਸੰਦ ਕਰਨ ਲੱਗੇ ਹਨ, ਜਿਸ ਕਾਰਨ ਕਾਰਾਂ ਵਿਕਣੀਆਂ ਘੱਟ ਹੋ ਗਈਆਂ ਹਨ।  ਵਿੱਤ ਮੰਤਰੀ ਮੁਤਾਬਕ ਯਾਨੀ ਕਿ ਇਸ ਮੰਦੀ ਦੇ ਪਿੱਛੇ ਓਲਾ ਅਤੇ ਉਬੇਰ ਦਾ ਵੀ ਹੱਥ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੜੀ ਸਫ਼ਾਈ ਨਾਲ ਇਸ ਮੰਦੀ ਲਈ ਲੋਕਾਂ ਨੂੰ ਅਤੇ ਓਲਾ-ਉਬੇਰ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ। ਜਦਕਿ ਆਟੋ ਮੋਬਾਈਲ ਕੰਪਨੀ ਮਾਲਕਾਂ ਮੁਤਾਬਕ ਸਾਫ਼ ਤੌਰ ’ਤੇ ਇਸ ਮੰਦੀ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ।

ਮਾਰੂਤੀ ਦੇ ਚੇਅਰਮੈਨ ਆਰ.ਸੀ. ਭਾਰਗਵ ਨੇ ਵਿੱਤ ਮੰਤਰੀ ਦੀ ਓਲਾ-ਉਬੇਰ ਦੀ ਗੱਲ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੰਦੀ ਲਈ ਸਿੱਧੇ ਤੌਰ ’ਤੇ ਮੋਦੀ ਸਰਕਾਰ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੈਟਰੌਲ-ਡੀਜ਼ਲ ਦੀ ਉਚੀ ਟੈਕਸ ਦਰ ਅਤੇ ਰੋਡ ਟੈਕਸ ਦੀ ਵਜ੍ਹਾ ਕਾਰਨ ਲੋਕ ਕਾਰਾਂ ਖ਼ਰੀਦਣ ਤੋਂ ਕਤਰਾਉਣ ਲੱਗੇ ਹਨ ਜਦਕਿ ਇੰਡਸਟਰੀ ਵੱਲੋਂ ਵਾਹਨਾਂ ’ਤੇ ਲੱਗੀ ਮੋਟੀ ਜੀਐਸਟੀ ਦਰ ਨੂੰ ਵੀ ਇਸ ਮੰਦੀ ਦਾ ਕਾਰਨ ਮੰਨਿਆ ਜਾ ਰਿਹਾ ਹੈ।

ਭਾਰਗਵ ਅਨੁਸਾਰ ਸਖ਼ਤ ਸੇਫ਼ਟੀ ਅਤੇ ਇਮੀਗ੍ਰੇਸ਼ਨ ਨਿਯਮ, ਬੀਤੇ ਦੀ ਜ਼ਿਆਦਾ ਲਾਗਤ ਅਤੇ ਵਾਧੂ ਰੋਡ ਟੈਕਸ ਵੀ ਇਸ ਮੰਦੀ ਦਾ ਵੱਡਾ ਕਾਰਨ ਹਨ, ਇਸ ਤੋਂ ਇਲਾਵਾ ਕਾਰਾਂ ਦੀ ਵਧੀਆਂ ਕੀਮਤਾਂ ਨੂੰ ਵੀ ਉਨ੍ਹਾਂ ਨੇ ਮੰਦੀ ਦਾ ਕਾਰਨ ਦੱਸਿਆ ਹੈ, ਜੋ ਕਾਰਾਂ ਵਿਚ ਏਅਰਬੈਗਸ ਅਤੇ ਏਬੀਐਸ ਵਰਗੇ ਸੇਫਟੀ ਫੀਚਜ਼ਰ ਜੋੜਨ ਕਾਰਨ ਵਧ ਗਈਆਂ ਹਨ। ਰਜਿਸਟ੍ਰੇਸ਼ਨ ਫੀਸ ਦਾ ਮਹਿੰਗਾ ਹੋਣਾ ਵੀ ਮੰਦੀ ਦੀ ਵਜ੍ਹਾ ਵਿਚ ਸ਼ਾਮਲ ਹੈ। ਜੋ ਸਾਰਾ ਕੁੱਝ ਸਰਕਾਰ ਵੱਲੋਂ ਕੀਤਾ ਗਿਆ ਹੈ। ਫਿਰ ਸਰਕਾਰ ਕਿਹੜੇ ਮੂੰਹ ਨਾਲ ਲੋਕਾਂ ਜਾਂ ਦੂਜੇ ਕਾਰਨਾਂ ਨੂੰ ਮੰਦੀ ਲਈ ਜ਼ਿੰਮੇਵਾਰ ਠਹਿਰਾ ਰਹੀ ਹੈ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।