TikTok ਵਿਚ ਪੈਸਾ ਲਗਾਉਣਗੇ ਮੁਕੇਸ਼ ਅੰਬਾਨੀ ? ਰਿਲਾਇੰਸ ਖਰੀਦ ਸਕਦਾ ਹੈ TikTok ਦਾ ਭਾਰਤੀ ਕਾਰੋਬਾਰ!

ਏਜੰਸੀ

ਖ਼ਬਰਾਂ, ਵਪਾਰ

ਭਾਰਤ ਵਿਚ ਕਾਫ਼ੀ ਮਸ਼ਹੂਰ ਰਹੇ ਚੀਨ ਦੇ ਸ਼ਾਰਟ ਵੀਡੀਓ ਐਪ ਟਿਕਟਾਕ ਵਿਚ ਮੁਕੇਸ਼ ਅੰਬਾਨੀ ਨਿਵੇਸ਼ ਕਰਨ ‘ਤੇ ਵਿਚਾਰ ਕਰ ਰਹੇ ਹਨ।

Mukesh Ambani and TikTok

ਨਵੀਂ ਦਿੱਲੀ: ਭਾਰਤ ਵਿਚ ਕਾਫ਼ੀ ਮਸ਼ਹੂਰ ਰਹੇ ਚੀਨ ਦੇ ਸ਼ਾਰਟ ਵੀਡੀਓ ਐਪ ਟਿਕਟਾਕ ਵਿਚ ਮੁਕੇਸ਼ ਅੰਬਾਨੀ ਨਿਵੇਸ਼ ਕਰਨ ‘ਤੇ ਵਿਚਾਰ ਕਰ ਰਹੇ ਹਨ। ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲਾ ਰਿਲਾਇੰਸ ਗਰੁੱਪ ਟਿਕਟਾਕ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰ ਰਿਹਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 6 ਕਰੀਬੀ ਸੂਤਰਾਂ ਮੁਤਾਬਕ ਰਿਲਾਇੰਸ ਹਾਲੇ ਟਿਕਟਾਕ ਵਿਚ ਨਿਵੇਸ਼ ਨਾਲ ਲਾਭ ਅਤੇ ਹਾਨੀ ਦਾ ਮੁਲਾਂਕਣ ਕਰ ਰਹੀ ਹੈ।

ਦੱਸ ਦਈਏ ਕਿ ਰਿਲਾਇੰਸ ਵੱਲ਼ੋਂ ਨਿਵੇਸ਼ ਕੀਤੇ ਜਾਣ ‘ਤੇ ਵਿਚਾਰ ਕਰਨ ਦੀ ਇਹ ਖ਼ਬਰ ਅਜਿਹੇ ਸਮੇਂ ਆਈ ਹੈ, ਜਦੋਂ ਅਮਰੀਕੀ ਕੰਪਨੀ ਮਾਈਕ੍ਰੋਸਾਫਟ ਟਿਕਟਾਕ ਦੇ ਗਲੋਬਲ ਅਪਰੇਸ਼ਨ ਨੂੰ ਖਰੀਦਣ ‘ਤੇ ਵਿਚਾਰ ਕਰ ਰਹੀ ਹੈ। ਇਸ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 15 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ।

ਟਿਕਟਾਕ ਸੀਈਓ ਕੇਵਿਨ ਮੇਅਰ ਨੇ ਰਿਲਾਇੰਸ ਅਧਿਕਾਰੀਆਂ ਨਾਲ ਕੀਤਾ ਸੰਪਰਕ!

ਮੰਨਿਆ ਜਾ ਰਿਹਾ ਹੈ ਕਿ ਟਿਕਟਾਕ ਦੇ ਸੀਈਓ ਕੇਵਿਨ ਮੇਅਰ ਨੇ ਰਿਲਾਇੰਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਰਿਲਾਇੰਸ ਨੂੰ ਟਿਕਟਾਕ ਦੀ ਭਾਰਤੀ ਯੂਨਿਟ ਵਿਚ ਨਿਵੇਸ਼ ਦੀ ਪੇਸ਼ਕਸ਼ ਦਿੱਤੀ ਸੀ। ਮੀਡੀਆ ਰਿਪੋਰਟ ਮੁਤਾਬਕ ਇਸ ਪੇਸ਼ਕਸ਼ ਤੋਂ ਬਾਅਦ ਹੀ ਰਿਲਾਇੰਸ ਦੀ ਟੈਲੀਕਾਮ ਯੂਨਿਟ ਰਿਲਾਇੰਸ ਜੀਓ ਦੀ ਟੀਮ ਇਸ ‘ਤੇ ਵਿਚਾਰ ਕਰ ਰਹੀ ਹੈ। ਇਹੀ ਨਹੀਂ ਰਿਲਾਇੰਸ ਵੱਲੋਂ ਕੁਝ ਬਾਹਰੀ ਮਾਹਰਾਂ ਨੇ ਇਸ ਬਾਰੇ ਸਲਾਹ ਦਿੱਤੀ ਹੈ। ਸੂਤਰਾਂ ਮੁਤਾਬਕ ਸੰਭਾਵਤ ਸਮਝੌਤੇ ਨੂੰ ਲੈ ਕੇ ਦੋਵੇਂ ਹੀ ਪੱਖ ਸਿੱਧੇ ਤੌਰ ‘ਤੇ ਜੁੜੇ ਹਨ ਅਤੇ ਗੱਲਬਾਤ ਜਾਰੀ ਹੈ।

ਰਿਲਾਇੰਸ ਨੇ ਦੱਸਿਆ ਅਫਵਾਹ

ਹਾਲਾਂਕਿ ਰਿਲਾਇੰਸ ਇੰਡਸਟਰੀਜ਼ ਲਿਮਟਡ ਨੇ ਇਸ ਸਬੰਧੀ ਪੁੱਛੇ ਜਾਣ ‘ਤੇ ਕਿਹਾ ਹੈ ਕਿ ਇਹ ਖ਼ਬਰ ਪੂਰੀ ਤਰ੍ਹਾਂ ਕਲਪਨਾ ‘ਤੇ ਅਧਾਰਤ ਅਤੇ ਅਫਵਾਹ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਿਲਾਇੰਸ ਅਤੇ ਟਿਕਟਾਕ ਵਿਚ ਗੱਲਬਾਤ ਹਾਲੇ ਸ਼ੁਰੂਆਤੀ ਦੌਰ ਵਿਚ ਹੈ। ਹਾਲਾਂਕਿ ਇਸ ਸਮਝੌਤੇ ਵਿਚ ਕਈ ਰੁਕਾਵਟਾਂ ਵੀ ਹਨ। ਟਿਕਟਾਕ ਲਈ ਭਾਰਤ ਇਕ ਵੱਡਾ ਬਜ਼ਾਰ ਹੈ, ਜਿੱਥੇ ਉਸ ਦੇ 650 ਮਿਲੀਅਨ ਤੋਂ ਜ਼ਿਆਦਾ ਡਾਊਨਲੋਡਸ ਰਹੇ ਹਨ।

ਤੇਜ਼ੀ ਨਾਲ ਵਧੀ ਸੀ TikTok ਦੀ ਪ੍ਰਸਿੱਧੀ

ਬੀਤੇ ਕੁਝ ਸਾਲਾਂ ਵਿਚ ਸ਼ਾਰਟ ਵੀਡੀਓ ਐਪ ਟਿਕਟਾਕ ਭਾਰਤ ਵਿਚ ਤੇਜ਼ੀ ਨਾਲ ਮਸ਼ਹੂਰ ਹੋਈ ਸੀ। ਦੱਸ ਦਈਏ ਕਿ ਪਿਛਲੇ ਦਿਨਾਂ ਲਦਾਖ ਸੀਮਾ ‘ਤੇ ਭਾਰਤ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਹੇਠਲੇ ਪੱਧਰ ‘ਤੇ ਹਨ। ਸਰਹੱਦ ‘ਤੇ ਤਣਾਅ ਤੋਂ ਬਾਅਦ ਭਾਰਤ ਨੇ ਐਕਸ਼ਨ ਲੈਂਦੇ ਹੋਏ ਚੀਨੀ ਕੰਪਨੀਆਂ ਦੇ 59 ਐਪਸ ਨੂੰ ਬੈਨ ਕਰ ਦਿੱਤਾ ਸੀ, ਜਿਨ੍ਹਾਂ ਵਿਚ ਟਿਕਟਾਕ ਵੀ ਸ਼ਾਮਲ ਹੈ।