ਕਰਜ਼ੇ ’ਚ ਡੁੱਬੀ ਇਸ ਕੰਪਨੀ ਦਾ ਸਹਾਰਾ ਬਣੀ ਪਤੰਜਲੀ, 4350 ਕਰੋੜ ਦੀ ਲਾਈ ਬੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਰਜ਼ੇ ਵਿਚ ਡੁੱਬੀ ਦੇਸ਼ ਦੀ ਸਭ ਤੋਂ ਵੱਡੇ ਸੋਇਆਬੀਨ ਉਤਪਾਦਕ ਕੰਪਨੀ ਰੁਚੀ ਸੋਇਆ ਲਈ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਨੇ ਵਧਾਈ 200 ਕਰੋੜ ਰੁਪਏ ਬੋਲੀ

Baba Ram Dev

ਨਵੀਂ ਦਿੱਲੀ : ਕਰਜ਼ੇ ਵਿਚ ਡੁੱਬੀ ਦੇਸ਼ ਦੀ ਸਭ ਤੋਂ ਵੱਡੇ ਸੋਇਆਬੀਨ ਉਤਪਾਦਕ ਕੰਪਨੀ ਰੁਚੀ ਸੋਇਆ ਨੂੰ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਪਿਛਲੇ ਲੰਮੇ ਸਮੇਂ ਤੋਂ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕੰਪਨੀ ਲਈ ਪਤੰਜਲੀ ਨੇ ਅਪਣੀ ਬੋਲੀ 200 ਕਰੋੜ ਰੁਪਏ ਵਧਾ ਦਿਤੀ ਹੈ। ਦੱਸ ਦਈਏ ਕਿ ਰੁਚੀ ਸੋਇਆ ਦੇ ਕੋਲ ਸੋਇਆਬੀਨ ਲਈ ਸਭ ਤੋਂ ਵੱਡਾ ਢਾਂਚਾ ਹੈ। ਇਸ ਕੰਪਨੀ ਦੇ ਪ੍ਰਮੁੱਖ ਬਰਾਂਡਾਂ ਵਿਚ ਨਿਊਟਰੀਲਾ, ਮਹਾਕੋਸ਼, ਸਨਰਿਚ, ਰੁਚੀ ਸਟਾਰ ਅਤੇ ਰੁਚੀ ਗੋਲਡ ਸ਼ਾਮਿਲ ਹਨ।

ਪਤੰਜਲੀ ਦੇ ਬੁਲਾਰੇ ਐਸ.ਕੇ. ਤੀਜਾਰਾਵਾਲਾ ਨੇ ਕਿਹਾ, ‘‘ਅਸੀ ਰੁਚੀ ਸੋਇਆ ਨੂੰ ਸੰਕਟ ਵਿਚੋਂ ਬਾਹਰ ਕੱਢਣ ਲਈ ਵਚਨਬੱਧ ਹਾਂ। ਅਸੀਂ ਕੰਪਨੀ ਲਈ ਅਪਣੀ ਬੋਲੀ 4,160 ਕਰੋੜ ਰੁਪਏ ਤੋਂ ਵਧਾ ਕੇ 4,350 ਕਰੋੜ ਰੁਪਏ ਕਰ ਦਿਤੀ ਹੈ।’’ ਬੁਲਾਰੇ ਨੇ ਕਿਹਾ ਕਿ ਅਸੀਂ ਇਹ ਫ਼ੈਸਲਾ ਕਿਸਾਨਾਂ ਅਤੇ ਖਪਤਕਾਰਾਂ ਸਮੇਤ ਸਾਰੇ ਸ਼ੇਅਰਧਾਰਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖ ਕੇ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਕਰਜ਼ਦਾਤਾਵਾਂ ਦੀ ਕਮੇਟੀ (ਸੀਓਸੀ) ਅਗਲੇ ਹਫ਼ਤੇ ਪਤੰਜਲੀ ਦੀ ਸੋਧ ਕੀਤੀ ਪੇਸ਼ਕਸ਼ ਉਤੇ ਵਿਚਾਰ ਕਰੇਗੀ।

ਪਤੰਜਲੀ ਤੋਂ ਪਹਿਲਾਂ ਅਡਾਨੀ ਵਿਲਮਰ ਨੇ ਬੀਤੇ ਸਾਲ ਰੁਚੀ ਸੋਇਆ ਨੂੰ ਖੁੱਲੀ ਬੋਲੀ ਪ੍ਰਕਿਰਿਆ ਦੇ ਜ਼ਰੀਏ ਖਰੀਦਿਆ ਸੀ। ਅਡਾਨੀ ਵਿਲਮਰ ਨੇ ਇਹ ਡੀਲ ਲਗਭੱਗ 6 ਹਜ਼ਾਰ ਕਰੋੜ ਰੁਪਏ ਵਿਚ ਕੀਤੀ ਸੀ ਪਰ ਬਾਅਦ ਵਿਚ ਕੰਪਨੀ ਨੇ ਖਰੀਦ ਪ੍ਰਕਿਰਿਆ ਵਿਚ ਦੇਰੀ ਦੱਸਦੇ ਹੋਏ ਪਿੱਛੇ ਹੱਟਣ ਦਾ ਫ਼ੈਸਲਾ ਕੀਤਾ। ਅਡਾਨੀ ਵਿਲਮਰ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਅਤੇ ਸਿੰਗਾਪੁਰ ਦੀ ਕੰਪਨੀ ਵਿਲਮਰ ਇੰਟਰਨੈਸ਼ਨਲ ਦਾ ਜੁਆਇੰਟ ਵੈਂਚਰ ਹੈ।

ਰੁਚੀ ਸੋਇਆ ਉਤੇ ਲਗਭੱਗ 12,000 ਕਰੋੜ ਰੁਪਏ ਦਾ ਕਰਜ਼ ਹੈ। ਦਸੰਬਰ, 2017 ਵਿਚ ਇੰਦੌਰ ਦੀ ਇਸ ਕੰਪਨੀ ਨੂੰ ਕਾਰਪੋਰੇਟ ਦਿਵਾਲਾ ਨਿਪਟਾਨ ਪ੍ਰਕਿਰਿਆ ਲਈ ਭੇਜਿਆ ਗਿਆ ਸੀ। ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐਨਸੀਐਲਟੀ) ਨੇ ਕੰਪਨੀ ਦੇ ਕਰਜ਼ਦਾਤਾਵਾਂ ਸਟੈਂਡਰਡ ਚਾਰਟਰਡ ਬੈਂਕ ਅਤੇ ਡੀਬੀਐਸ ਬੈਂਕ ਦੇ ਆਵੇਦਨ ਉਤੇ ਦਿਵਾਲਾ ਅਤੇ ਸ਼ੋਧਨ ਅਸਮਰੱਥਾ ਸੰਹਿਤਾ ਦੇ ਤਹਿਤ ਸ਼ੈਲੇਂਦਰ ਅਜਮੇਰਾ ਨੂੰ ਨਿਪਟਾਨ ਪੇਸ਼ੇਵਰ ਨਿਯੁਕਤ ਕੀਤਾ ਸੀ।

ਦੱਸ ਦਈਏ ਕਿ ਰੁਚੀ ਸੋਇਆ ਉਨ੍ਹਾਂ 40 ਕੰਪਨੀਆਂ ਵਿਚੋਂ ਇਕ ਹੈ, ਜਿਨ੍ਹਾਂ ਦੇ ਵਿਰੁਧ ਭਾਰਤੀ ਰਿਜ਼ਰਵ ਬੈਂਕ ਨੇ ਦਿਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਦਾ ਨਿਰਦੇਸ਼ ਬੈਂਕਾਂ ਨੂੰ ਦਿਤਾ ਹੈ।