ਸੁਪਰੀਮ ਕੋਰਟ ਦੀ ਡੈੱਡਲਾਈਨ ਤੋਂ ਪਹਿਲਾਂ ਅਨਿਲ ਅੰਬਾਨੀ ਨੇ ਏਰਿਕਸਨ ਦਾ ਮੋੜਿਆ ਬਕਾਇਆ : ਸੂਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਰਕਾਮ ਨੇ ਏਰਿਕਸਨ ਨੂੰ 458.77 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਕੀਤਾ ਭੁਗਤਾਨ

Anil Ambani

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਡੈਡਲਾਈਨ ਤੋਂ ਪਹਿਲਾਂ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੰਮਿਊਨੀਕੇਸ਼ੰਸ (Rcom) ਨੇ ਏਰਿਕਸਨ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦਿਤਾ ਹੈ। ਨਿਊਜ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਆਰਕਾਮ ਨੇ ਏਰਿਕਸਨ ਨੂੰ 458.77 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦਿਤਾ ਹੈ।

ਇਸ ਤੋਂ ਪਹਿਲਾਂ ਰਿਲਾਇੰਸ ਕੰਮਿਊਨੀਕੇਸ਼ੰਸ ਦੀ ਮੰਗ ਉਤੇ ਫ਼ੈਸਲਾ ਸੁਣਾਉਂਦੇ ਹੋਏ ਐਨਸੀਐਲਏਟੀ ਨੇ ਭਾਰਤੀ ਸਟੇਟ ਬੈਂਕ (ਐਸਬੀਆਈ) ਨੂੰ 260 ਕਰੋੜ ਰੁਪਏ ਦੀ ਟੈਕਸ ਰਿਫੰਡ ਦੀ ਰਾਸ਼ੀ ਨੂੰ ਏਰਿਕਸਨ ਨੂੰ ਦਿਤੇ ਜਾਣ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦੇ ਨਿਰਦੇਸ਼ ਦਿਤੇ ਜਾਣ ਤੋਂ ਇਨਕਾਰ ਕਰ ਦਿਤਾ ਸੀ। ਸੁਪ੍ਰੀਮ ਕੋਰਟ ਵਲੋਂ ਚਾਰ ਹਫ਼ਤਿਆਂ ਦੇ ਅੰਦਰ ਕਰਜ਼ਾ ਚੁਕਾਉਣ ਦੇ ਹੁਕਮ ਤੋਂ ਬਾਅਦ ਰਿਲਾਇੰਸ ਕੰਮਿਊਨੀਕੇਸ਼ੰਸ ਨੇ ਬੈਂਕਾਂ ਨੂੰ ਕੰਪਨੀ ਦੇ ਟੈਕਸ ਰਿਫੰਡ ਦੀ 260 ਕਰੋੜ ਰੁਪਏ ਦੀ ਰਕਮ ਸਿੱਧਾ ਏਰਿਕਸਨ ਨੂੰ ਜਾਰੀ ਕੀਤੇ ਜਾਣ ਦੀ ਅਪੀਲ ਕੀਤੀ ਸੀ।

ਸੁਪ੍ਰੀਮ ਕੋਰਟ ਨੇ ਰਿਲਾਇੰਸ ਕੰਮਿਊਨੀਕੇਸ਼ੰਸ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਉਲੰਘਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਚਾਰ ਹਫ਼ਤਿਆਂ ਦੇ ਅੰਦਰ ਏਰਿਕਸਨ ਦੀ 453 ਕਰੋੜ ਰੁਪਏ ਦੀ ਬਾਕੀ ਰਾਸ਼ੀ ਦਾ ਭੁਗਤਾਨ ਕਰਨ ਦਾ ਹੁਕਮ ਦਿਤਾ ਸੀ। ਕੋਰਟ ਨੇ ਕਿਹਾ ਸੀ ਕਿ ਜੇਕਰ ਉਹ ਅਜਿਹਾ ਕਰਨ ਵਿਚ ਨਾਕਾਮ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਤਿੰਨ ਮਹੀਨੇ ਲਈ ਜੇਲ੍ਹ ਜਾਣਾ ਪੈ ਸਕਦਾ ਹੈ।

ਏਰਿਕਸਨ ਨੇ 550 ਕਰੋੜ ਰੁਪਏ ਬਕਾਇਆ ਨਹੀਂ ਚੁਕਾਉਣ ਦੇ ਮਾਮਲੇ ਵਿਚ ਅਨਿਲ ਅੰਬਾਨੀ, ਰਿਲਾਇੰਸ ਟੈਲੀਕਾਮ  ਦੇ ਚੇਅਰਮੈਨ ਸਤੀਸ਼ ਸੇਠ ਅਤੇ ਰਿਲਾਇੰਸ ਇੰਫਰਾਟੇਲ ਦੀ ਚੇਅਰਪਰਸਨ ਛਾਇਆ ਵਿਰਾਨੀ ਅਤੇ ਐਸਬੀਆਈ ਦੇ ਚੇਅਰਮੈਨ ਦੇ ਵਿਰੁਧ ਸੁਪ੍ਰੀਮ ਕੋਰਟ ਵਿਚ ਉਲੰਘਣਾ ਦੀ ਪਟੀਸ਼ਨ ਦਾਇਰ ਕੀਤੀ ਸੀ।