ਗੂਗਲ Play Store ਤੋਂ ਗਾਇਬ ਹੋਇਆ Paytm, ਜਾਣੋ ਕੀ ਹੈ ਕਾਰਨ

ਏਜੰਸੀ

ਖ਼ਬਰਾਂ, ਵਪਾਰ

ਕੰਪਨੀ ‘ਤੇ ਨਿਯਮਾਂ ਦਾ ਉਲੰਘਣ ਕਰਨ ਦਾ ਅਰੋਪ

Paytm app removed from Google Play Store

ਨਵੀਂ ਦਿੱਲੀ: ਭਾਰਤ ਦੀ ਡਿਜੀਟਲ ਪੇਮੈਂਟ ਕੰਪਨੀ ਪੇਟੀਐਮ ਨੂੰ ਗੂਗਲ ਨੇ ਝਟਕਾ ਦਿੱਤਾ ਹੈ। ਕੰਪਨੀ ਦੀ ਐਪਲੀਕੇਸ਼ਨ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ‘ਤੇ ਨਿਯਮਾਂ ਦਾ ਉਲੰਘਣ ਕਰਨ ਦਾ ਅਰੋਪ ਲੱਗਿਆ ਹੈ। ਪੀਟੀਐਮ ਨੇ ਟਵੀਟ ਕਰਕੇ ਦੱਸਿਆ ਕਿ ਇਹ ਐਪ ਕੁਝ ਸਮੇਂ ਲਈ ਉਪਲਬਧ ਨਹੀਂ ਰਹੇਗਾ।

ਇਸ ਤੋਂ ਇਲਾਵਾ ਪੇਟੀਐਮ ਦਾ Paytm First Games ਐਪ ਵੀ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਪੇਟੀਐਮ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕਰ ਕੇ ਲਿਖਿਆ, ‘ਪਿਆਰੇ ਪੇਟੀਐਮਰਸ, ਪੇਟੀਐਮ ਐਂਡਰਾਇਡ ਐਪ ਨਵੇਂ ਡਾਊਨਲੋਡ ਅਤੇ ਅਪਡੇਟਸ ਲਈ ਉਪਲਬਧ ਨਹੀਂ ਹੈ। ਅਸੀਂ ਜਲਦ ਹੀ ਵਾਪਸ ਆਵਾਂਗੇ। ਤੁਹਾਡਾ ਪੂਰਾ ਪੈਸਾ ਸੁਰੱਖਿਅਤ ਹੈ ਅਤੇ ਤੁਸੀਂ ਆਮ ਦੀ ਤਰ੍ਹਾਂ ਹੀ ਪੇਟੀਐਮ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ।‘

ਦਰਅਸਲ ਪੇਟੀਐਮ ਵੱਲੋਂ ਹਾਲ ਹੀ ਵਿਚ ਫੈਂਟੇਸੀ ਕ੍ਰਿਕਟ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹਨਾਂ ਦੋਵੇਂ ਹੀ ਐਪਸ ਨੂੰ ਹਟਾ ਦਿੱਤਾ ਗਿਆ। ਹਾਲਾਂਕਿ ਇਹ ਐਪ ਹਾਲੇ ਵੀ ਆਈਓਐਸ ਯੂਜ਼ਰਸ ਲਈ ਐਪਲ ਦੇ ਐਪ ਸਟੋਰ ‘ਤੇ ਉਪਲਬਧ ਰਹੇਗਾ। ਉੱਥੇ ਹੀ ਜਿਨ੍ਹਾਂ ਦੇ ਫੋਨ ਵਿਚ ਪਹਿਲਾਂ ਤੋਂ ਹੀ ਪੇਟੀਐਮ ਹੈ, ਉਹ ਅਪਣਾ ਐਪ ਅਤੇ ਮੋਬਾਈਲ ਵਾਲੇਟ ਪਹਿਲਾਂ ਦੀ ਤਰ੍ਹਾਂ ਵਰਤ ਸਕਣਗੇ।

ਇਸ ਤੋਂ ਇਲਾਵਾ ਹੋਰ ਐਪਸ ਜਿਵੇਂ ਕਿ ਪੇਟੀਐਮ ਫ਼ਾਰ ਬਿਜ਼ਨਸ, ਪੇਟੀਐਮ ਮਾਲ, ਪੇਟੀਐਮ ਮਨੀ ਅਤੇ ਕੁਝ ਹੋਰ ਐਪਸ ਹਾਲੇ ਵੀ ਡਾਊਨਲੋਡ ਲਈ ਗੂਗਲ ਪਲੇ ਸਟੋਰ 'ਤੇ ਉਪਲਬਧ ਹਨ। ਦਰਅਸਲ ਗੂਗਲ ਨੇ ਕਿਹਾ ਸੀ ਕਿ ਖੇਡਾਂ ਵਿਚ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਨ ਵਾਲੇ ਐਪਸ ਨੂੰ ਪਲੇ ਸਟੋਰ ਤੋਂ ਹਟਾਇਆ ਜਾਵੇਗਾ।

ਐਪ ਨੂੰ ਹਟਾਉਣ ਤੋਂ ਬਾਅਦ ਗੂਗਲ ਨੇ ਕਿਹਾ ਕਿ ਪਲੇ ਸਟੋਰ ‘ਤੇ ਭਾਰਤ ਵਿਚ ਆਨਲਾਈਨ ਕੈਸੀਨੋ ਅਤੇ ਖੇਡਾਂ ‘ਤੇ ਸੱਟੇਬਾਜ਼ੀ ਕਰਨ ਵਾਲੀਆਂ ਐਪਸ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧ ਵਿਚ ਪੇਟੀਐਮ ਨਿਯਮਾਂ ਦਾ ਉਲੰਘਣ ਕਰ ਰਹੀ ਹੈ। ਦੱਸ ਦਈਏ ਕਿ ਪੇਟੀਐਮ ਭਾਰਤ ਦਾ ਸਭ ਤੋਂ ਕੀਮਤੀ ਸਟਾਰਟਅਪ ਹੈ ਅਤੇ ਪੇਟੀਐਮ ਦਾ ਦਾਅਵਾ ਹੈ ਕਿ ਉਸ ਕੋਲ 5 ਕਰੋੜ ਮਾਸਿਕ ਐਕਟਿਵ ਯੂਜ਼ਰ ਹਨ।