ਮੁਕੇਸ਼ ਅੰਬਾਨੀ ਨੇ 3 ਸਾਲ ਵਿਚ 30 ਕੰਪਨੀਆਂ ਵਿਚ ਲਗਾਏ 23,000 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਵਪਾਰ ਵਿਚ ਅਪਣੀ ਪਕੜ ਮਜ਼ਬੂਤ ਕਰਦੇ ਜਾ ਰਹੇ ਹਨ।

Mukesh Ambani

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਵਪਾਰ ਵਿਚ ਅਪਣੀ ਪਕੜ ਮਜ਼ਬੂਤ ਕਰਦੇ ਜਾ ਰਹੇ ਹਨ। ਆਨਲਾਈਨ ਫਾਰਮੇਸੀ ਕੰਪਨੀ ਨੈੱਟਮੇਡਸ ਵਿਚ 620 ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ ਨਾਲ ਹੀ ਰਿਟੇਲ ਮਾਰਕਿਟ ਵਿਚ ਉਹਨਾਂ ਨੇ ਇਕ ਨਵੀਂ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਡ ਨੇ ਨਵੀਆਂ ਕੰਪਨੀਆਂ ਦੀ ਜ਼ਿਆਦਾਤਰ ਹਿੱਸੇਦਾਰੀ ਖਰੀਦ ਕੇ ਅਪਣਾ ਪ੍ਰਬੰਧ ਸਥਾਪਤ ਕੀਤਾ ਹੈ, ਜਦਕਿ ਕੁਝ ਕੰਪਨੀਆਂ ਵਿਚ ਘੱਟ ਹਿੱਸੇਦਾਰੀ ਖਰੀਦੀ ਹੈ ਅਤੇ ਪ੍ਰਬੰਧ ਪੁਰਾਣੇ ਲੋਕਾਂ ਦੇ ਹੱਥ ਵਿਚ ਹੀ ਹੈ।

ਮੀਡੀਆ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਬੀਤੇ ਤਿੰਨ ਸਾਲਾਂ ਵਿਚ ਕਰੀਬ 30 ਕੰਪਨੀਆਂ ਵਿਚ 3.1 ਅਰਬ ਡਾਲਰ ਯਾਨੀ 23,200 ਕਰੋੜ ਰੁਪਏ ਦਾ ਭਾਰੀ ਨਿਵੇਸ਼ ਕਰ ਚੁੱਕੇ ਹਨ। ਕੰਪਨੀ ਵੱਲੋਂ ਇਹ ਨਿਵੇਸ਼ ਅਜਿਹੀਆਂ ਕੰਪਨੀਆਂ ਵਿਚ ਕੀਤੇ ਗਏ ਹਨ, ਜੋ ਰਿਲਾਇੰਸ ਦੇ ਮੁੱਖ ਕਾਰੋਬਾਰ ਨਾਲ ਕੁਝ ਹੱਦ ਤੱਕ ਜੁੜੀਆਂ ਹੋਈਆਂ ਹਨ- ਜਿਵੇਂ ਟੈਲੀਕਾਮ, ਇੰਟਰਨੈੱਟ, ਰਿਟੇਲ, ਡਿਜ਼ੀਟਲ, ਮੀਡੀਆ, ਸਿੱਖਿਆ, ਕੈਮੀਕਲ ਅਤੇ ਐਨਰਜੀ।

ਇਹੀ ਨਹੀਂ ਮੁਕੇਸ਼ ਅੰਬਾਨੀ ਵੱਲੋਂ ਕੀਤੇ ਗਏ ਇਹਨਾਂ ਸਮਝੌਤਿਆਂ ਦਾ ਅੰਕੜਾ ਵੱਖਰਾ-ਵੱਖਰਾ ਹੈ। ਇਕ ਪਾਸੇ ਕੰਪਨੀ ਨੇ Genesis Colors ਵਿਚ 50 ਲੱਖ ਡਾਲਰ ਯਾਨੀ 37.47 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਤਾਂ ਹੈਥਵੇ ਆਦਿ ਕੰਪਨੀ ਵਿਚ ਰਿਲਾਇੰਸ ਨੇ 603 ਮਿਲੀਅਨ ਡਾਲਰ ਦੀ ਪੂੰਜੀ ਲਗਾਈ ਹੈ। ਇਕ ਵਿਸ਼ਲੇਸ਼ਣ ਮੁਤਾਬਕ ਰਿਲਾਇੰਸ ਨੇ 80 ਫੀਸਦੀ ਨਿਵੇਸ਼ ਤਕਨਾਲੋਜੀ, ਮੀਡੀਆ ਅਤੇ ਮਨੋਰੰਜਨ ਦੇ ਸੈਕਟਰ ਵਿਚ ਕੀਤਾ ਹੈ, ਜਦਕਿ 13 ਫੀਸਦੀ ਨਿਵੇਸ਼ ਰਿਟੇਲ ਵਿਚ ਕੀਤਾ ਹੈ ਤੇ 6 ਫੀਸਦੀ ਦੇ ਕਰੀਬ ਪੂੰਜੀ ਐਨਰਜੀ ਸੈਕਟਰ ਵਿਚ ਲਗਾਈ ਹੈ।

ਰਿਲਾਇੰਸ ਸੈਕਟਰ ਦੇ ਨਿਵੇਸ਼ ਨੂੰ ਵੱਖ-ਵੱਖ ਖੇਤਰਾਂ ਅਨੁਸਾਰ ਦੇਖਿਆ ਜਾਵੇ ਤਾਂ ਗਰੁੱਪ ਨੇ ਟੈਲੀਕਾਮ ਅਤੇ ਇੰਟਰਨੈੱਟ ਵਿਚ 1,742 ਮਿਲੀਅਨ ਡਾਲਰ ਦੀ ਪੂੰਜੀ ਲਗਾਈ ਹੈ। ਇਸ ਤੋਂ ਇਲਾਵਾ ਮੀਡੀਆ ਅਤੇ ਸਿੱਖਿਆ ਖੇਤਰ ਵਿਚ 688 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਰਿਟੇਲ ਵਿਚ 404 ਮਿਲੀਅਨ ਡਾਲਰ ਅਤੇ ਡਿਜ਼ੀਟਲ ਵਿਚ 111 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।

ਉੱਥੇ ਹੀ ਕੈਮੀਕਲ, ਐਨਰਜੀ ਅਤੇ ਮੈਟੀਰੀਅਲਸ ਵਿਚ ਕੰਪਨੀ ਨੇ 187 ਮਿਲੀਅਨ ਡਾਲਰ ਦੀ ਪੂੰਜੀ ਲਗਾਈ ਹੈ। ਰਿਲਾਇੰਸ ਵੱਲੋਂ ਸਭ ਤੋਂ ਜ਼ਿਆਦਾ 1.7 ਬਿਲੀਅਨ ਡਾਲਰ ਦੀ ਪੂੰਜੀ ਟੈਲੀਕਾਮ ਅਤੇ ਇੰਟਰਨੈੱਟ ਖੇਤਰ ਵਿਚ ਲਗਾਈ ਗਈ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ 25,000 ਕਰੋੜ ਰੁਪਏ ਵਿਚ ਫਿਊਚਰ ਗਰੁੱਪ ਖਰੀਦਣ ਦੀ ਤਿਆਰੀ ਵਿਚ ਹੈ।