ਖਪਤਕਾਰ ਸੁਰੱਖਿਆ ਹਫ਼ਤਾ 24 ਦਸੰਬਰ ਤੋਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਖਪਤਕਾਰਾਂ ਨੂੰ ਉਹਨਾਂ ਦੇ ਅਧਿਕਾਰਾਂ ਸਬੰਧੀ ਜਾਗਰੂਕ ਕਰਵਾਉਣ ਲਈ ਸੂਬੇ ਭਰ ਵਿਚ 24 ਦਸੰਬਰ, 2018 ਤੋਂ ਰਾਸ਼ਟਰੀ ਖਪਤਕਾਰ ਸੁਰੱਖਿਆ...

Consumer Protection Week from December 24

ਚੰਡੀਗੜ੍ਹ (ਸਸਸ) : ਖਪਤਕਾਰਾਂ ਨੂੰ ਉਹਨਾਂ ਦੇ ਅਧਿਕਾਰਾਂ ਸਬੰਧੀ ਜਾਗਰੂਕ ਕਰਵਾਉਣ ਲਈ ਸੂਬੇ ਭਰ ਵਿਚ 24 ਦਸੰਬਰ, 2018 ਤੋਂ ਰਾਸ਼ਟਰੀ ਖਪਤਕਾਰ ਸੁਰੱਖਿਆ ਹਫ਼ਤਾ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਦੇ ਰਾਸ਼ਟਰੀ ਖਪਤਕਾਰ ਸੁਰੱਖਿਆ ਹਫ਼ਤੇ ਦਾ ਮਜਮੂਨ “ਖਪਤਕਾਰ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ“ ਹੈ।

ਉਹਨਾਂ ਅੱਗੇ ਦੱਸਿਆ ਕਿ 24 ਦਸੰਬਰ ਤੋਂ 30 ਦਸੰਬਰ ਤੱਕ ਹਫ਼ਤਾ ਭਰ ਚਲਣ ਵਾਲੇ ਇਸ ਸਮਾਗਮ ਵਿਚ ਜ਼ਿਲ੍ਹਾ ਪੱਧਰ 'ਤੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਹਨਾਂ ਵਿਚ ਖਪਤਕਾਰ ਮਾਮਲਿਆਂ ਵਿਚ ਦਿਲਚਸਪੀ ਰੱਖਣ ਵਾਲੇ ਉੱਘੇ ਵਿਅਕਤੀ ਅਤੇ ਖਪਤਕਾਰ ਮਾਮਲੇ ਸਬੰਧੀ ਸੰਗਠਨਾਂ ਦੇ ਨੁਮਾਇੰਦੇ ਸ਼ਮੂਲੀਅਤ ਕਰਨਗੇ।

ਖਪਤਕਾਰਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਹੱਕਾਂ ਦੀ ਰੱਖਿਆ ਨਾਲ ਸਬੰਧਤ ਕਾਨੂੰਨ ਬਾਰੇ ਜਾਗਰੂਕ ਕਰਨ ਲਈ ਇਸ ਹਫ਼ਤੇ ਦੌਰਾਨ ਸਮਾਗਮਾਂ, ਮੀਟਿੰਗਾਂ, ਰੈਲੀਆਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ  ਵਿਚ ਇਸ ਸਬੰਧੀ ਸਾਹਿਤ ਵੰਡਿਆ ਜਾਵੇਗਾ। ਇਸ ਦੌਰਾਨ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਐਲਾਨੇ ਇਤਿਹਾਸਕ ਫੈਸਲਿਆਂ ਨੂੰ ਉਜਾਗਰ ਕੀਤਾ ਜਾਵੇਗਾ ਅਤੇ ਖਪਤਕਾਰ ਮਾਮਲਿਆਂ ਦੇ ਸੰਗਠਨਾਂ ਵਲੋਂ ਦਰਸਾਈਆਂ ਗਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਡਿਵੀਜ਼ਨਲ ਕਮਿਸ਼ਨਰਾਂ/ਡਿਪਟੀ ਕਮਿਸ਼ਨਰਾਂ ਦੇ ਪੱਧਰ 'ਤੇ ਉਪਰਾਲੇ ਕੀਤੇ ਜਾਣਗੇ।

ਵੱਡੇ ਪੱਧਰ 'ਤੇ ਜਨਤਕ ਸੰਪਰਕ ਕਰਨ ਵਾਲੇ ਵਿਭਾਗ, ਸ਼ਿਕਾਇਤ ਨਿਵਾਰਨ ਪ੍ਰੋਗਰਾਮਾਂ ਦਾ ਆਯੋਜਨ ਕਰਨਗੇ ਅਤੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਵਲੋਂ ਖਪਤਕਾਰ ਸੁਰੱਖਿਆ ਵਿਸ਼ੇ 'ਤੇ ਪੋਸਟਰ-ਮੇਕਿੰਗ, ਨਿਬੰਧ ਲਿਖਣ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।