ਸਰਕਾਰੀ ਬੈਂਕਾਂ ਨੇ 6 ਮਹੀਨੇ 'ਚ ਵਸੂਲੇ 60 ਹਜ਼ਾਰ ਕਰੋੜ ਰੁਪਏ
ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਇਕ ਰਿਕਾਰਡ ਹੈ।
ਨਵੀਂ ਦਿੱਲੀ, (ਭਾਸ਼ਾ) : ਜਨਤਕ ਖੇਤਰ ਦੇ ਬੈਂਕਾਂ ਨੇ ਅਪਰੈਲ-ਸਤੰਬਰ ਦੀ ਮਿਆਦ ਵਿਚ 60,370 ਕਰੋੜ ਰੁਪਏ ਬਕਾਇਆ ਬੈਡ ਲੋਨ ਵਸੂਲ ਕੀਤੇ। ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਇਕ ਰਿਕਾਰਡ ਹੈ। ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਸਰਕਾਰ ਅਪਣੇ ਵਿੱਤੀ ਨਤੀਜਿਆਂ ਤੇ ਵਿਚਾਰ ਕਰਨ ਤੋਂ ਬਾਅਦ ਤੁਰਤ ਸੁਧਾਰ ਕਾਰਜ ਯੋਜਨਾ ਅਧੀਨ 4 ਤੋਂ 5 ਬੈਂਕਾਂ ਨੂੰ ਰਕਮ ਦੇਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਿੱਤੀ ਸਾਲ ਵਿਚ ਬਜ਼ਾਰ ਵਿਚ 244.4 ਅਰਬ ਰੁਪਏ ਇਕੱਠੇ ਕੀਤੇ ਹਨ।
ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਤਿੰਨ ਬੈਂਕ ਪੀਸੀਏ ਦੇ ਥ੍ਰੇਸਹੋਲਡ 1 ਦੇ ਘੇਰੇ ਵਿਚ ਹੈ ਅਤੇ 4-5 ਬੈਂਕਾਂ ਨੂੰ ਇਸ ਸਾਲ ਵਾਧੂ ਰਕਮ ਦਿਤੀ ਜਾਵੇਗੀ। ਇਸ ਨਾਲ 4-5 ਬੈਂਕਾਂ ਦੇ ਪੀਸੀਏ ਦੇ ਘੇਰੇ ਤੋਂ ਬਾਹਰ ਨਿਕਲਣ ਦੀ ਆਸ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਸਬੰਧੀ ਕਿਹਾ ਕਿ ਸਰਕਾਰ ਚਾਲੂ ਵਿੱਤੀ ਸਾਲ ਦੇ ਬਾਕੀ ਮਹੀਨਿਆਂ ਵਿਚ ਜਨਤਕ ਖੇਤਰ ਦੇ ਬੈਂਕਾਂ ਵਿਚ 83,000 ਕਰੋੜ ਪਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਐਨਪੀਏ ਦੀ ਪਛਾਣ ਲਗਭਗ ਪੂਰੀ ਹੋ ਚੁੱਕੀ ਹੈ।
ਗ਼ੈਰ ਪਛਾਣ ਵਾਲੇ ਹੁਣ 0.59 ਫ਼ੀ ਸਦੀ ਹਨ ਜੋ ਮਾਰਚ 2015 ਵਿਚ 0.7 ਫ਼ੀ ਸਦੀ ਸਨ। ਪਿਛਲੀ ਤਿਮਾਹੀ ਵਿਚ ਇਹ ਦੇਖਿਆ ਗਿਆ ਹੈ ਕਿ ਇਸ ਦੇ ਪ੍ਰਦਰਸ਼ਨ ਵਿਚ ਸੁਧਾਰ ਹੋ ਰਿਹਾ ਹੈ। ਐਨਪੀਏ ਵਿਚ ਗਿਰਾਵਟ ਸ਼ੁਰੂ ਹੋ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਵਿਚ ਰਕਮ ਪਾਉਣ 'ਤੇ ਜਨਤਕ ਖੇਤਰ ਦੇ ਬੈਂਕਾਂ ਨੂੰ ਕਰਜ ਦੇਣ ਦੀ ਸਮਰਥਾ ਵਿਚ ਵਾਧਾ ਹੋਵੇਗਾ ਅਤੇ ਇਹ ਆਰਬੀਆਈ ਦੀ ਤੱਤਕਾਲ ਸੁਧਾਰਾਤਮਕ ਕਾਰਵਾਈ ਤੋਂ ਬਾਹਰ ਨਿਕਲਣ ਵਿਚ ਵੀ ਸਹਾਈ ਹੋਵੇਗਾ।