ਬਿਨਾਂ ਟੈਕਸ ਤੋਂ ਪਟਰੌਲ ਦੀ ਕੀਮਤ 34 ਰੁਪਏ ਪ੍ਰਤੀ ਲੀਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਖਪਤਕਾਰਾਂ ਨੂੰ ਰਾਹਤ ਮਿਲੀ। ਆਇਲ ਮਾਰਕਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਪਟਰੌਲ ਦੇ ਮੁੱਲ ...

Petrol Diesel

ਨਵੀਂ ਦਿੱਲੀ (ਭਾਸ਼ਾ) :- ਪਟਰੌਲ ਅਤੇ ਡੀਜ਼ਲ ਦੇ ਮੁੱਲ ਵਿਚ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਖਪਤਕਾਰਾਂ ਨੂੰ ਰਾਹਤ ਮਿਲੀ। ਆਇਲ ਮਾਰਕਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਪਟਰੌਲ ਦੇ ਮੁੱਲ ਵਿਚ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ 19 ਪੈਸੇ ਪ੍ਰਤੀ ਲੀਟਰ, ਜਦੋਂ ਕਿ ਚੇਨਈ ਵਿਚ 20 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ। ਰਾਜਧਾਨੀ ਦਿੱਲੀ 'ਚ ਟੈਕਸ ਅਤੇ ਹੋਰ ਡੀਲਰਾਂ ਦੇ ਕਮਿਸ਼ਨਾਂ ਨੂੰ ਹਟਾ ਦਿਤਾ ਜਾਵੇ ਤਾਂ ਪਟਰੌਲ ਦੀ ਕੀਮਤ ਸਿਰਫ 34.04 ਰੁਪਏ ਪ੍ਰਤੀ ਲੀਟਰ ਆਉਦੀ ਹੈ।

ਇਹ ਖੁਲਾਸਾ ਸੰਸਦ 'ਚ ਵਿੱਤ ਰਾਜ ਮੰਤਰੀ ਵੱਲੋਂ ਦਿੱਤੇ ਗਏ ਜਵਾਬ 'ਚ ਹੋਇਆ ਹੈ। ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਸੰਸਦ 'ਚ ਜੋ ਜਾਣਕਾਰੀ ਦਿੱਤੀ ਉਸ ਮੁਤਾਬਕ 19 ਦਸੰਬਰ ਨੂੰ ਪਟਰੌਲ ਦੀ ਖੁਦਰਾ ਕੀਮਤ 70.63 ਰੁਪਏ ਪ੍ਰਤੀ ਲੀਟਰ ਸੀ। ਇਸ 'ਚ ਪ੍ਰਤੀ ਲੀਟਰ 17.98 ਰੁਪਏ ਐਕਸਾਈਜ ਡਿਊਟੀ, 15.02 ਰੁਪਏ ਸਟੇਟ ਵੈਟ ਅਤੇ 3.59 ਰੁਪਏ ਡੀਲਰ ਕਮਿਸ਼ਨ ਸ਼ਾਮਲ ਹੈ।

ਲੋਕ ਸਭਾ 'ਚ ਇਕ ਲਿਖਤੀ ਜਵਾਬ 'ਚ ਉਨ੍ਹਾਂ ਦੱਸਿਆ ਕਿ 19 ਦਸੰਬਰ ਨੂੰ ਡੀਜ਼ਲ ਦੀ ਖੁਦਰਾ ਕੀਮਤ 64.54 ਪ੍ਰਤੀ ਲੀਟਰ ਸੀ, ਜਿਸ 'ਚ 13.83 ਰੁਪਏ ਐਕਸਾਈਜ ਡਿਊਟੀ, 9.51 ਰੁਪਏ ਸਟੇਟ ਵੈਟ ਅਤੇ 2.53 ਰੁਪਏ ਡੀਲਰ ਕਮਿਸ਼ਨ ਸ਼ਾਮਲ ਹਨ। ਫਿਲਹਾਲ ਪਟਰੌਲ ਅਤੇ ਡੀਜਲ ਦੀ ਕੀਮਤ ਹਰ ਰੋਜ ਬਦਲਦੀ ਹੈ। ਇਸ ਨਾਲ ਹੀ ਤੇਲ ਕੀਮਤਾਂ ਦੇਸ਼ ਭਰ 'ਚ ਅਲੱਗ-ਅਲੱਗ ਹੁੰਦੀਆਂ ਹਨ।

ਡੀਜ਼ਲ ਦੇ ਮੁੱਲ ਵਿਚ ਦਿੱਲੀ ਅਤੇ ਕੋਲਕਾਤਾ ਵਿਚ 20 ਪੈਸੇ, ਜਦੋਂ ਕਿ ਮੁੰਬਈ ਵਿਚ 22 ਪੈਸੇ ਅਤੇ ਚੇਨਈ ਵਿਚ 21 ਪੈਸੇ ਪ੍ਰਤੀ ਲੀਟਰ ਕਟੌਤੀ ਕੀਤੀ ਗਈ ਹੈ। ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪਟਰੌਲ ਦੀਆਂ ਕੀਮਤਾਂ 70.27 ਰੁਪਏ, 72.36 ਰੁਪਏ, 75.89 ਰੁਪਏ ਅਤੇ 72.91 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।