ਆਈਸੀਆਈਸੀਆਈ : ਵੇਣੁਗੋਪਾਲ ਧੂਤ, ਦੀਪਕ ਕੋਚਰ ਦੇ ਟਿਕਾਣਿਆਂ 'ਤੇ ਸੀਬੀਆਈ ਵਲੋਂ ਛਾਪਾ, ਐਫਆਈਆਰ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਈਸੀਆਈਸੀਆਈ ਬੈਂਕ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਨਾਲ ਜੁਡ਼ੇ ਕਰਜ਼ ਮਾਮਲੇ ਵਿਚ ਸੀਬੀਆਈ ਨੇ ਐਫ਼ਆਈਆਰ...

FIR in ICICI Bank-Videocon loan case

ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਨਾਲ ਜੁਡ਼ੇ ਕਰਜ਼ ਮਾਮਲੇ ਵਿਚ ਸੀਬੀਆਈ ਨੇ ਐਫ਼ਆਈਆਰ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਮੁੰਬਈ ਅਤੇ ਔਰੰਗਾਬਾਦ ਵਿਚ ਵੀਡੀਓਕਾਨ ਦੇ ਮੁੱਖ ਦਫ਼ਤਰਾਂ 'ਤੇ ਛਾਪੇ ਵੀ ਮਾਰੇ ਹਨ। ਇਸ ਪੂਰੇ ਮਾਮਲੇ ਵਿਚ ਚੰਦਾ ਕੋਚਰ ਦੀ ਭੂਮਿਕਾ ਵੀ ਸ਼ੱਕ ਦੇ ਦਾਇਰੇ ਵਿਚ ਹੈ। ਸੀਬੀਆਈ ਨੇ ਇਹ ਐਫ਼ਆਈਆਰ ਵੇਣੁਗੋਪਾਲ ਧੂਤ ਦੇ ਵੀਡੀਓਕਾਨ ਗਰੁਪ ਅਤੇ ਦੀਪਕ ਕੋਚਰ ਦੀ ਕੰਪਨੀ ਨੂਪਾਵਰ ਵਿਰੁਧ ਕੀਤੀ ਗਈ ਹੈ।

ਐਫ਼ਆਈਆਰ ਦਰਜ ਕਰਨ ਦੇ ਨਾਲ ਸੀਬੀਆਈ ਦੀ ਟੀਮ ਨੇ ਕੁੱਲ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹਨਾਂ ਵਿਚ ਨਰੀਮਨ ਪੁਆਇੰਟ ਸਥਿਤ ਵੀਡੀਓਕਾਨ ਦਫ਼ਤਰ ਅਤੇ ਨੂਪਾਵਰ ਦੇ ਦਫ਼ਤਰਾਂ ਵਿਚ ਸੀਬੀਆਈ ਦੀ ਟੀਮ ਨੇ ਜਾਂਚ ਕੀਤੀ।ਆਈਸੀਆਈਸੀਆਈ ਬੈਂਕ ਅਤੇ ਵੀਡੀਓਕਾਨ ਦੇ ਸ਼ੇਅਰ ਹੋਲਡਰ ਅਰਵਿੰਦ ਗੁਪਤਾ ਨੇ ਪ੍ਰਧਾਨ ਮੰਤਰੀ, ਰਿਜ਼ਰਵ ਬੈਂਕ ਅਤੇ ਸੇਬੀ ਨੂੰ ਇਕ ਖ਼ਤ ਲਿਖ ਕੇ ਵੀਡੀਓਕਾਨ ਦੀ ਪ੍ਰਧਾਨ ਵੇਣੁਗੋਪਾਲ ਧੂਤ ਅਤੇ ਆਈਸੀਆਈਸੀਆਈ ਦੀ ਸੀਈਓ ਅਤੇ ਐਮਡੀ ਚੰਦਾ ਕੋਚਰ  ਉਤੇ ਇਕ - ਦੂਜੇ ਨੂੰ ਫ਼ਾਇਦਾ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਸੀ।

ਦਾਅਵਾ ਹੈ ਕਿ ਧੂਤ ਦੀ ਕੰਪਨੀ ਵੀਡੀਓਕਾਨ ਨੂੰ ਆਈਸੀਆਈਸੀਆਈ ਬੈਂਕ ਤੋਂ 3250 ਕਰੋਡ਼ ਰੁਪਏ ਦਾ ਕਰਜ਼ ਦਿਤਾ ਗਿਆ ਅਤੇ ਇਸ ਦੇ ਬਦਲੇ ਧੂਤ ਨੇ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੀ ਵਿਕਲਪਿਕ ਊਰਜਾ ਕੰਪਨੀ ਨੂਪਾਵਰ ਵਿਚ ਅਪਣਾ ਪੈਸਾ ਨਿਵੇਸ਼ ਕੀਤਾ ਸੀ। ਇਲਜ਼ਾਮ ਹੈ ਕਿ ਇਸ ਤਰ੍ਹਾਂ ਚੰਦਾ ਕੋਚਰ ਨੇ ਅਪਣੇ ਪਤੀ ਦੀ ਕੰਪਨੀ ਲਈ ਵੇਣੁਗੋਪਾਲ ਧੂਤ ਨੂੰ ਫ਼ਾਇਦਾ ਪਹੁੰਚਾਇਆ। ਸਾਲ 2018 ਵਿਚ ਇਹ ਖੁਲਾਸਾ ਹੋਣ ਤੋਂ ਬਾਅਦ ਚੰਦਾ ਕੋਚਰ ਨੂੰ ਬੈਂਕ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਸੀਬੀਆਈ ਨੇ ਪਹਿਲਾਂ ਫ਼ਰਵਰੀ 2018 ਵਿਚ ਇਸ ਮਾਮਲੇ ਵਿਚ ਸ਼ੁਰੂਆਤੀ ਜਾਂਚ (ਪੀਈ) ਦਰਜ ਕੀਤੀ ਸੀ। ਜਿਸ ਤੋਂ ਬਾਅਦ ਹੁਣ ਜਾਂਚ ਏਜੰਸੀ ਨੇ ਐਫ਼ਆਈਆਰ ਦਰਜ ਕਰ ਤਫ਼ਤੀਸ਼ ਜਾਰੀ ਕਰ ਦਿਤੀ ਹੈ। ਵੀਡੀਓਕਾਨ ਨੂੰ ਕਰਜ਼ ਦੇਣ ਦੇ ਮਾਮਲੇ ਵਿਚ ਚੰਦਾ ਕੋਚਰ ਦੀ ਭੂਮਿਕਾ 'ਤੇ ਵੀ ਸਵਾਲ ਹਨ, ਅਜਿਹੇ ਵਿਚ ਐਫ਼ਆਈਆਰ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੀ ਅਤੇ ਪਰਵਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।