ਕੀ ਬੰਦ ਹੋਣਗੇ 2000 ਰੁਪਏ ਦੇ ਨੋਟ? ਰਿਪੋਰਟ ਵਿਚ ਖੁਲਾਸਾ...

ਏਜੰਸੀ

ਖ਼ਬਰਾਂ, ਵਪਾਰ

ਬਿਜ਼ਨੈਸ ਸਟੈਂਡਰਡ ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਦੇਸ਼ ਦੇ 2.40 ਲੱਖ...

ATMs in India Being Recalibrated to Replace Rs 2,000 Notes With Rs 500 Notes: Report

ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਚਲਾਏ ਗਏ 2000 ਦੇ ਨੋਟਾਂ ਦੇ ਭਵਿੱਖ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਛਿੜ ਗਈ ਹੈ। ਅਸਲ ਵਿਚ ਬੈਂਕਾਂ ਦੁਆਰਾ ਅਪਣੇ ਆਟੋਮੇਟੇਡ ਟੇਲਰ ਮਸ਼ੀਨਾਂ ਵਿਚ ਬਦਲਾਅ ਕਰ ਕੇ ਇਸ ਵਿਚ ਅਜਿਹੇ ਨੋਟਾਂ ਦੀ ਥਾਂ 500 ਦੇ ਨੋਟਾਂ ਨੂੰ ਰੱਖਣ ਦੀ ਵੱਡੇ ਪੈਮਾਨੇ ਤੇ ਕਵਾਇਦ ਚਲ ਰਹੀ ਹੈ। ਹੁਣ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ 2000 ਰੁਪਏ ਦੇ ਨੋਟ ਬੰਦ ਹੋ ਜਾਣਗੇ।

ਬਿਜ਼ਨੈਸ ਸਟੈਂਡਰਡ ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਦੇਸ਼ ਦੇ 2.40 ਲੱਖ ਏਟੀਐਮ ਮਸ਼ੀਨਾਂ ਨੂੰ ਵੱਡੇ ਪੱਧਰ ਤੇ ਰੀਕੈਲਿਬ੍ਰੇਟ ਕਰ ਕੇ ਉਹਨਾਂ ਵਿਚ 2000 ਰੁਪਏ ਦੇ ਨੋਟਾਂ ਵਾਲੀ ਜਗ੍ਹਾ ਨੂੰ ਹਟਾ ਕੇ ਉਹਨਾਂ ਦੀ ਥਾਂ 500 ਦੇ ਨੋਟ ਰੱਖਣ ਦੀ ਕਵਾਇਦ ਚਲ ਰਹੀ ਹੈ। ਦਰਅਸਲ, ਏਟੀਐਮ ਦੀਆਂ ਚਾਰ ਕੈਸਿਟਾਂ ਹਨ ਜਿਨ੍ਹਾਂ ਵਿਚ 2000, 500, 200 ਅਤੇ 100 ਰੁਪਏ ਦੇ ਨੋਟ ਰੱਖੇ ਗਏ ਹਨ।

ਨਵੀਂ ਵਿਵਸਥਾ ਦੇ ਅਨੁਸਾਰ 500 ਰੁਪਏ ਦੇ ਨੋਟ ਪਹਿਲੀਆਂ ਤਿੰਨ ਕੈਸਿਟਾਂ ਵਿਚ ਅਤੇ 200 ਜਾਂ 100 ਰੁਪਏ ਦੇ ਨੋਟ ਚੌਥੇ ਵਿਚ ਰੱਖੇ ਜਾਣਗੇ। ਖ਼ਬਰਾਂ ਅਨੁਸਾਰ 2000 ਏਸੀਐਮਜ਼ ਵਿਚ ਕਈ ਕੈਸਿਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਇੱਕ ਸਾਲ ਦੇ ਅੰਦਰ ਬਾਕੀ ਵਿਚੋਂ ਹਟਾ ਦਿੱਤਾ ਜਾ ਸਕਦਾ ਹੈ। ਹੁਣ ਜੋ 2000 ਦੇ ਨੋਟ ਆ ਰਹੇ ਹਨ, ਉਨ੍ਹਾਂ ਨੂੰ ਬੈਂਕਾਂ ਦੇ ਕਰੰਸੀ ਚੈਸਟ ਵਿਚ ਰੱਖਿਆ ਜਾ ਰਿਹਾ ਹੈ, ਯਾਨੀ ਉਨ੍ਹਾਂ ਨੂੰ ਰਿਜ਼ਰਵ ਬੈਂਕ ਵਾਲਟ ਵਿਚ ਵਾਪਸ ਭੇਜਿਆ ਜਾ ਸਕਦਾ ਹੈ।

ਗੌਰਤਲਬ ਹੈ ਕਿ ਨਵੰਬਰ 2016 ਵਿਚ ਮੋਦੀ ਸਰਕਾਰ ਦੁਆਰਾ ਕੀਤੀ ਗਈ ਨੋਟਬੰਦੀ ਤੋਂ ਬਾਅਦ 2017 ਦੀ ਸ਼ੁਰੂਆਤ ਵਿਚ 2000 ਰੁਪਏ ਦੇ ਨੋਟ ਚਲਾਏ ਗਏ ਸਨ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2017 ਦੀ ਸ਼ੁਰੂਆਤ ਵਿਚ ਕੁੱਲ ਸਰਕੂਲੇਟੇਡ ਬੈਂਕ ਨੋਟ ਦਾ ਕਰੀਬ 50 ਫੀਸਦੀ ਹਿੱਸਾ 2000 ਦੇ ਨੋਟਾਂ ਦਾ ਸੀ। ਪਰ ਵਿੱਤੀ ਸਾਲ 2019 ਵਿਚ ਸਰਕੂਲੇਟੇਡ ਨੋਟਾਂ ਵਿਚ 51 ਫ਼ੀਸਦੀ ਹਿੱਸਾ 500 ਰੁਪਏ ਦੇ ਨੋਟ ਦਾ ਹੋ ਗਿਆ।

ਸੂਤਰਾਂ ਮੁਤਾਬਕ 2000 ਰੁਪਏ ਦੇ ਨੋਟ ਕਾਨੂੰਨੀ ਤੌਰ ਤੇ ਬੰਦ ਨਹੀਂ ਹੋਣਗੇ ਬਲਕਿ ਇਹਨਾਂ ਨੂੰ ਸਰਕੂਲੇਸ਼ਨ ਚੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਏਟੀਐਮ ਦੇ ਕੈਸੇਟ ਦਾ ਬਦਲਾਅ ਹੌਲੀ-ਹੌਲੀ ਹੋ ਰਿਹਾ ਹੈ। ਇਸ ਲਈ ਬੈਂਕਾਂ ਦੇ ਕਸਟਮਰਸ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਮਹੀਨੇ ਪਬਲਿਕ ਸੈਕਟਰ ਦੇ ਇੰਡੀਅਨ ਬੈਂਕ ਨੇ ਅਪਣੇ ਗਾਹਕਾਂ ਨੂੰ ਸੂਚਨਾ ਦਿੱਤੀ ਹੈ ਕਿ ਉਸ ਦੇ ਏਟੀਐਮ ਮਸ਼ੀਨਾਂ ਚੋਂ ਹੁਣ 2 ਹਜ਼ਾਰ ਰੁਪਏ ਦੇ ਨੋਟ ਨਹੀਂ ਨਿਕਲਣਗੇ।

ਬੈਂਕ ਨੇ ਇਕ ਸਰਕੂਲਰ ਵਿਚ ਦਸਿਆ ਹੈ ਕਿ ਆਗਾਮੀ 1 ਮਾਰਚ ਤੋਂ ਇੰਡੀਅਨ ਬੈਂਕ ਦੇ ਏਟੀਐਮ ਵਿਚ 2000 ਦੇ ਨੋਟ ਰੱਖਣ ਵਾਲੇ ਕੈਸੇਟਸ ਨੂੰ ਹਟਾ ਦਿੱਤਾ ਜਾਵੇਗਾ। ਬੈਂਕ ਨੇ ਇਹ ਫ਼ੈਸਲਾ ਅਪਣੇ ਗਾਹਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ। ਇੰਡੀਅਨ ਬੈਂਕ ਦਾ ਇਲਾਹਾਬਾਦ ਬੈਂਕ ਨਾਲ ਰਲੇਵਾਂ ਹੋਣ ਵਾਲਾ ਹੈ। ਇਹ ਰਲੇਵਾਂ 1 ਅਪ੍ਰੈਲ ਤੋਂ ਅਸਤਿਤਵ ਵਿਚ ਆਵੇਗਾ। ਰਲੇਵੇਂ ਤੋਂ ਬਾਅਦ ਇਹ ਸੱਤਵਾਂ ਸਭ ਤੋਂ ਵੱਡਾ ਬੈਂਕ ਹੋ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।