ਆਧਾਰ ਡੈਟਾ ਦੀ ਸੁਰੱਖਿਆ ਪੂਰੀ ਤਰ੍ਹਾਂ ਮਜ਼ਬੂਤ : ਯੂ.ਆਈ.ਡੀ.ਏ.ਆਈ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਵਿਲੱਖਣ ਪਛਾਣ ਪ੍ਰਮਾਣੀਕਰਨ (ਯੂ.ਆਈ.ਡੀ.ਏ.ਆਈ.) ਨੇ 'ਆਧਾਰ ਡੈਟਾ' ਦੀ ਸੁਰੱਖਿਆ ਨੂੰ ਮਜ਼ਬੂਤ ਦਸਦੇ ਹੋਏ ਕਿਹਾ ਕਿ ਇਸ ਦੇ ਡੈਟਾਬੇਸ ਲਈ ਕਈ ਪੱਧਰੀ ਪ੍ਰਮਾਣਨ ...

Satya Narayan

ਭਾਰਤੀ ਵਿਲੱਖਣ ਪਛਾਣ ਪ੍ਰਮਾਣੀਕਰਨ (ਯੂ.ਆਈ.ਡੀ.ਏ.ਆਈ.) ਨੇ 'ਆਧਾਰ ਡੈਟਾ' ਦੀ ਸੁਰੱਖਿਆ ਨੂੰ ਮਜ਼ਬੂਤ ਦਸਦੇ ਹੋਏ ਕਿਹਾ ਕਿ ਇਸ ਦੇ ਡੈਟਾਬੇਸ ਲਈ ਕਈ ਪੱਧਰੀ ਪ੍ਰਮਾਣਨ ਦਾ ਪ੍ਰਬੰਧ ਕੀਤਾ ਹੈ। ਯੂ.ਆਈ.ਡੀ.ਏ.ਆਈ. ਦੇ ਚੇਅਰਮੈਨ ਜੇ ਸੱਤਿਆ ਨਰਾਇਣ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਆਧਾਰ ਡੈਟਾਬੇਸ ਲਈ ਮਜ਼ਬੂਤ ਸੁਰਖਿਆ, ਅਤਿਆਧੁਨਿਕ ਇਨਕ੍ਰਿਪਸ਼ਨ ਅਤੇ ਬਹੁ ਪਧਰੀ ਪ੍ਰਮਾਣਨ ਦਾ ਮਜ਼ਬੂਤ ਪ੍ਰਬੰਧ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਆਧਾਰ ਦੇ ਡੈਟਾ ਸੈਂਟਰਾਂ ਲਈ ਸੁਰਖਿਆ ਦੀਆਂ ਉੱਚ ਪੱਧਰੀ ਪ੍ਰਣਾਲੀਆਂ ਅਪਣਾਈਆਂ ਗਈਆਂ ਹਨ। ਹੁਣ ਤਕ 121.17 ਕਰੋੜ ਨਾਗਰਿਕਾਂ ਦੀ ਆਧਾਰ ਲਈ ਨਾਮਜ਼ਦਗੀ ਕੀਤੀ ਗਈ ਹੈ। ਅਜੇ ਹਾਲ ਹੀ ਵਿਚ ਭਾਰਤੀ ਵਿਲੱਖਣ ਪਛਾਣ ਪ੍ਰਮਾਣੀਕਰਨ (ਯੂ.ਆਈ.ਡੀ.ਏ.ਆਈ.) ਨੇ ਆਧਾਰ ਦੇ ਰਜਿਸਟ੍ਰੇਸ਼ਨ ਸਾਫ਼ਟਵੇਅਰ ਵਿਚ ਛੇੜਛਾੜ ਦੀ ਰਿਪੋਰਟ ਵਿਚਕਾਰ ਕਿਹਾ ਕਿ ਉਹ ਆਧਾਰ ਜਾਰੀ ਕਰਨ ਲਈ ਸਖ਼ਤ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਪਾਲਣ ਕਰਦਾ ਹੈ। 

ਬੋਰਡ ਨੇ ਵੱਖ-ਵੱਖ ਉਲੰਘਣਾਂ ਲਈ 50 ਹਜ਼ਾਰ ਤੋਂ ਜ਼ਿਆਦਾ ਅਪਰੇਟਰਾਂ ਨੂੰ ਕਾਲੀ ਸੂਚੀ ਵਿਚ ਪਾਇਆ ਹੈ। ਛੇੜਛਾੜ ਨਾਲ ਸਬੰਧਤ ਦਾਅਵਿਆਂ ਨੂੰ ਆਧਾਰਹੀਣ ਅਤੇ ਗ਼ਲਤ ਕਰਾਰ ਦਿੰਦੇ ਹੋਏ ਬੋਰਡ ਨੇ ਕਿਹਾ ਕਿ ਸਾਫ਼ਟਵੇਅਰ ਜ਼ਰੂਰੀ ਸੁਰੱਖਿਆ ਯਤਨਾਂ ਨਾਲ ਲੈਸ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਸਮੇਂ-ਸਮੇਂ 'ਤੇ ਜਾਂਚ ਕਰਦਾ ਹੈ। 

ਯੂ.ਆਈ.ਡੀ.ਏ.ਆਈ. ਦਾ ਇਹ ਬਿਆਨ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਨ੍ਹਾਂ ਵਿਚ ਆਧਾਰ ਰਜਿਸਟ੍ਰੇਸ਼ਨ ਸਾਫ਼ਟਵੇਅਰ ਵਿਚ ਕਥਿਤ ਛੇੜਛਾੜ ਅਤੇ ਉਨ੍ਹਾਂ ਤੋਂ ਪ੍ਰਾਪਤ ਡੈਟਾ ਦੀ ਕਾਲਾ ਬਾਜ਼ਾਰੀ ਦੀਆਂ ਗੱਲਾਂ ਸਾਹਮਣੇ ਆਈਆਂ ਸਨ।   (ਏਜੰਸੀ)