ਜਲਦ ਜਾਰੀ ਹੋਵੇਗਾ 20 ਰੁਪਏ ਦਾ ਨਵਾਂ ਨੋਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਮਹਾਤਮਾ ਗਾਂਧੀ ਸੀਰੀਜ਼ ਵਿਚ 20 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ।

New Rs 20 Note

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਮਹਾਤਮਾ ਗਾਂਧੀ ਸੀਰੀਜ਼ ਵਿਚ 20 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ। ਆਰਬੀਆਈ ਨੇ ਸ਼ੁੱਕਰਵਾਰ ਨੂੰ ਨਵੇਂ ਨੋਟੀਫੀਕੇਸ਼ਨ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਆਰਬੀਆਈ ਇਸ ਤੋਂ ਪਹਿਲਾਂ ਹੀ 10, 50, 100 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰ ਚੁੱਕਾ ਹੈ। ਨੋਟੀਫੀਕੇਸ਼ਨ  ਮੁਤਾਬਕ 20 ਰੁਪਏ ਦੇ ਨਵੇਂ ਨੋਟ ਜਾਰੀ ਹੋਣ ਦੇ ਬਾਵਜੂਦ ਵੀ ਪੁਰਾਣੇ ਨੋਟ ਚੱਲਦੇ ਰਹਿਣਗੇ। 

ਇਹਨਾਂ ਨੋਟਾਂ ‘ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖਤ ਹੋਣਗੇ। ਇਹ ਨੋਟ ਹਲਕੇ ਪੀਲੇ ਰੰਗ ਦੇ ਹੋਣਗੇ। ਇਸ ਨੋਟ ‘ਤੇ ਯੂਨੇਸਕੋ ਦੀ ਲਿਸਟ ਵਿਚ ਵਰਲਡ ਹੈਰੀਟੇਜ ਦੇ ਰੂਪ ਵਿਚ ਸ਼ਾਮਿਲ ਐਲੋਰਾ ਦੀ ਗੁਫਾ ਛਪੀ ਹੋਵੇਗੀ। ਸੂਚਨਾ ਵਿਚ ਦਿੱਤੇ ਗਏ ਨਵੇਂ ਨੋਟ ਦੇ ਡਿਜ਼ਾਇਨ ਅਨੁਸਾਰ ਨੋਟ ਦੇ ਅਗਲੇ ਹਿੱਸੇ ‘ਤੇ ਮਹਾਤਮਾ ਗਾਂਧੀ ਦੀ ਫੋਟੋ ਹੋਵੇਗੀ ਅਤੇ ਨੋਟ ਦਾ ਮੁੱਲ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖਿਆ ਹੋਵੇਗਾ।

ਨੋਟ ਦੇ ਅਗਲੇ ਹਿੱਸੇ ‘ਤੇ ਹੀ ਗਰੰਟੀ ਕਾਲਜ, ਗਵਰਨਰ ਦੇ ਦਸਤਖਤ, ਆਰਬੀਆਈ ਦਾ ਲੋਗੋ ਹੋਵੇਗਾ। ਨੋਟ ਦੇ ਸੱਜੇ ਪਾਸੇ ਅਸ਼ੋਕ ਸਤੰਭ ਹੋਵੇਗਾ। ਨੋਟ ਦੇ ਪਿਛਲੇ ਹਿੱਸੇ ‘ਤੇ ਖੱਬੇ ਪਾਸੇ ਸਾਲ, ਸਵੱਛ ਭਾਰਤ ਦਾ ਲੋਗੋ ਅਤੇ ਸਲੋਗਨ ਦੇ ਨਾਲ ਨਾਲ ਭਾਸ਼ਾ ਦੀ ਪੱਟੀ ਹੋਵੇਗੀ। ਇਸ ਨਵੇਂ ਨੋਟ ਦੀ ਲੰਬਾਈ 129 ਮਿਲੀਮੀਟਰ ਅਤੇ ਚੌੜਾਈ 63 ਮਿਲੀਮੀਟਰ ਹੋਵੇਗੀ। ਕੇਂਦਰੀ ਬੈਂਕ ਦੇ ਆਂਕੜਿਆਂ ਮੁਤਾਬਕ 31 ਮਾਰਚ 2016 ਤੱਕ 20 ਰੁਪਏ ਦੇ 4.92 ਅਰਬ ਨੋਟ ਸਨ। ਮਾਰਚ 2018 ਵਿਚ ਨੋਟਾਂ ਦੀ ਗਿਣਤੀ ਵਧ ਕੇ ਕਰੀਬ 10 ਅਰਬ ਹੋ ਗਈ ਹੈ।