ਸ਼ੇਅਰ ਬਾਜ਼ਾਰ 400 ਅੰਕਾਂ ਦੀ ਤੇਜ਼ੀ ਨਾਲ ਰੀਕਾਰਡ ਉਚਾਈ 'ਤੇ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੰਸੈਕਸ 248.57 ਅੰਕ ਦੇ ਵਾਧੇ ਨਾਲ 39,683.29 ਅੰਕ 'ਤੇ ਬੰਦ ਹੋਇਆ

Stock Market

ਮੁੰਬਈ : ਘਰੇਲੂ ਸ਼ੇਅਰ ਬਾਜ਼ਾਰ ਬੀ ਐਸ ਈ ਅਤੇ ਐਨ ਐਸ ਈ ਸੋਮਵਾਰ ਨੂੰ ਫਿਰ ਇਕ ਵਾਰ ਨਵੀਂ ਉਚਾਈ 'ਤੇ ਬੰਦ ਹੋਇਆ। ਨਿਵੇਸ਼ਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਉਤਸਾਹਤ ਹਨ। ਕਰੀਬ 400 ਅੰਕ ਦੀ ਤੇਜ਼ੀ ਤੋਂ ਬਾਅਦ 30 ਸ਼ੇਅਰਾਂ 'ਤੇ ਆਧਾਰਤ ਸੰਸੈਕਸ 248.57 ਅੰਕ ਯਾਨੀ 0.63 ਫ਼ੀ ਸਦੀ ਦੇ ਵਾਧੇ ਨਾਲ 39,683.29 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੀ ਸਮਾਪਤੀ 'ਤੇ ਇਹ ਸੰਸੈਕਸ ਦਾ ਹੁਣ ਤਕ ਦਾ ਸਭ ਤੋਂ ਉੱਚਾ ਪੱਧਰ ਹੈ। ਕਾਰੋਬਾਰ ਦੌਰਾਨ ਸੰਸੈਕਸ ਉੱਚੇ ਵਿਚ 39,821.94 ਅਤੇ ਨੀਚੇ 39,353.16 ਅੰਕ ਤਕ ਗਿਆ।

ਇਸੇ ਤਰ੍ਹਾਂ ਐਨ ਐਸ ਈ ਨਿਫ਼ਟੀ 80.65 ਅੰਕ ਮਤਲਬ 0.68 ਫ਼ੀ ਸਦੀ ਉਛਲ ਕੇ 1,924.75 ਅੰਕ 'ਤੇ ਬੰਦ ਹੋਇਆ। ਨਿਫ਼ਟੀ ਦਾ ਇਹ ਹੁਣ ਤਕ ਦਾ ਸਭ ਤੋਂ ਉੱਚਾ ਪੱਧਰ ਹੈ। ਕਾਰੋਬਾਰ ਦੌਰਾਨ ਇਹ 11,957.15 ਤੋਂ 11,812.40 ਅੰਕ ਦੇ ਦਾਇਰੇ ਵਿਚ ਉੱਪਰ ਨੀਚੇ ਹੋਇਆ। ਸੰਸੈਕਸ ਵਿਚ ਸ਼ਾਮਲ ਸ਼ੇਅਰਾਂ ਵਿਚ ਟਾਟਾ ਸਟੀਲ ਸਭ ਤੋਂ ਲਾਭ ਵਿਚ ਰਿਹਾ ਅਤੇ ਇਸ ਵਿਚ 5.78 ਫ਼ੀ ਸਦੀ ਦੀ ਤੇਜ਼ੀ ਆਈ। ਉਸ ਤੋਂ ਬਾਅਦ ਯੈਸ ਬੈਂਕ, ਐਨ ਟੀ ਪੀ ਸੀ, ਐਲ ਐਂਡ ਟੀ, ਐਕਸਿਸ ਬੈਂਕ, ਐਸ ਬੀ ਆਈ, ਮਹਿੰਦਰਾ ਐਂਡ ਮਹਿੰਦਰਾ ਦੋਵੇਂ ਐਚ ਡੀ ਐਫ਼ ਸੀ, ਵੇਦਾਂਤਾ, ਐਚ ਯੂ ਐਲ, ਪਾਵਰਗਰਿਡ, ਆਈ ਸੀ ਆਈ ਸੀ ਆਈ ਬੈਂਕ, ਕੋਟਕ ਬੈਂਕ, ਐਚ ਸੀ ਐਲ, ਟੀ ਸੀ ਐਸ ਅਤੇ ਆਈ ਟੀ ਸੀ 3.79 ਫ਼ੀ ਸਦੀ ਤਕ ਮਜ਼ਬੂਤ ਹੋਏ।

ਦੂਜੇ ਪਾਸੇ ਇੰਡਸਇੰਡ ਬੈਂਕ, ਆਰ ਆਈ ਐਲ, ਏਸ਼ੀਅਨ ਪੇਂਟਸ, ਭਾਰਤੀ ਏਅਰਟੈਲ, ਓ ਐਨ ਜੀ ਸੀ, ਮਾਰੂਤੀ, ਬਜਾਜ ਆਟੋ, ਟਾਟਾ ਮੋਟਰਜ਼, ਬਜਾਜ ਫ਼ਾਈਨੈਸ, ਕੋਲ ਇੰਡੀਆ, ਹੀਰੋ ਮੋਟੋ ਕਾਰਪ, ਸਨ ਫ਼ਾਰਮਾ ਅਤੇ ਇੰਨਫ਼ੋਸਿਸ ਨੁਕਸਾਨ ਵਿਚ ਰਹੇ। ਇਨ੍ਹਾਂ ਵਿਚ 2.37 ਫ਼ੀ ਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਮੋਦੀ ਦੀ ਅਗਵਾਈ ਵਿਚ ਰਾਜਗ ਦੀ ਲੋਕ ਸਭਾ ਚੋਣਾਂ ਵਿਚ ਸ਼ਾਨਦਾਰਜ ਜਿੱਤ ਤੋਂ ਬਾਅਦ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕ ਉਤਸਾਹਤ ਹਨ।

ਸ਼ੇਅਰ ਬਾਜ਼ਾਰਾਂ ਕੋਲ ਮੌਜੂਦ ਅਸਥਾਈ ਅੰਕੜੇਆਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੁਕਰਵਾਰ ਨੂੰ 2,026.33 ਕਰੋੜ ਰੁਪਏ ਮੁੱਲ ਦੇ ਸ਼ੇਅਰ ਖ਼ਰੀਦੇ ਜਦੋਂਕਿ ਘਰੇਲੂ ਨਿਵੇਸ਼ਕਾਂ ਨੇ 195.35 ਕਰੋੜ ਰੁਪਏ ਮੁੰਲ ਦੇ ਸ਼ੇਅਰ ਵੇਚੇ। ਆਲਮੀ ਪੱਧਰ 'ਤੇ ਏਸ਼ੀਆ ਦੇ ਹੋਰ ਬਾਜ਼ਾਰਾਂ ਵਿਚ ਮਿਲਿਆ ਜੁਲਿਆ ਰੁਖ਼ ਰਿਹਾ ਜਦੋਂਕਿ ਯੂਰੋਪ ਦੇ ਪ੍ਰਮੁਖ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਰਹੀ।