BSNL ਨੂੰ ਸੰਕਟ ‘ਚੋਂ ਬਾਹਰ ਕੱਢਣ ਲਈ ਸਰਕਾਰ ਨੇ ਬਣਾਈ ਨਵੀਂ ਯੋਜਨਾ

ਏਜੰਸੀ

ਖ਼ਬਰਾਂ, ਵਪਾਰ

ਸਰਕਾਰ ਨੇ ਬੁੱਧਵਾਰ ਨੂੰ ਸਾਫ਼ ਕੀਤਾ ਕਿ ਸਰਕਾਰੀ ਟੈਲੀਕਾਮ ਕੰਪਨੀਆਂ ਬੀਐਸਐਨਐਲ ਅਤੇ ਐਮਟੀਐਨਐਲ਼ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।

BSNL

ਨਵੀਂ ਦਿੱਲੀ: ਭਾਰਤ ਸੰਚਾਰ ਨਿਗਮ ਲਿਮਟਡ ਕੰਪਨੀ ਪਿਛਲੇ ਕੁਝ ਸਮੇਂ ਤੋਂ ਗੰਭੀਰ ਸੰਕਟ ਨਾਲ ਜੂਝ ਰਹੀ ਹੈ। ਸਥਿਤੀ ਇਹ ਹੋ ਗਈ ਹੈ ਕਿ ਸਰਕਾਰੀ ਟੈਲੀਕਾਮ ਆਪਰੇਟਰ ਕੋਲ ਅਪਣੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦੇ ਪੈਸੇ ਵੀ ਨਹੀਂ ਹਨ। ਉਧਰ ਸਰਕਾਰ ਨੇ ਬੁੱਧਵਾਰ ਨੂੰ ਸਾਫ਼ ਕੀਤਾ ਕਿ ਸਰਕਾਰੀ ਟੈਲੀਕਾਮ ਕੰਪਨੀਆਂ ਬੀਐਸਐਨਐਲ ਅਤੇ ਐਮਟੀਐਨਐਲ਼ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਸਰਕਾਰ ਇਹਨਾਂ ਕੰਪਨੀਆਂ ਨੂੰ ਸੰਕਟ ਵਿਚੋਂ ਕੱਢਣ ਲਈ ਵਪਾਰਕ ਤਿਆਰੀਆਂ ਕਰ ਰਹੀ ਹੈ।

ਟੈਲੀਕਾਮ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਲੋਕ ਸਭਾ ਨੂੰ ਦੱਸਿਆ ਕਿ ਐਮਟੀਐਨਐਲ ਨੂੰ ਬੰਦ ਕਰਨ ਦੀ ਕੋਈ ਪੇਸ਼ਕਸ਼ ਨਹੀਂ ਰੱਖੀ ਗਈ। ਇਸੇ ਤਰ੍ਹਾਂ ਬੀਐਸਐਨਐਲ ਨੂੰ ਵੀ ਬੰਦ ਕਰਨ ਲਈ ਕੋਈ ਪੇਸ਼ਕਸ਼ ਨਹੀਂ ਰੱਖੀ ਗਈ ਹੈ। ਰਵਿਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਇੰਡੀਅਨ ਇੰਸਟੀਚਿਊਟ ਆਫ ਮੈਨਜੇਮੈਂਟ, ਅਹਿਮਦਾਬਾਦ ਅਤੇ ਡੇਲਾਈਟ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਸੰਕਟ ਵਿਚੋਂ ਕੱਢਣ ਲਈ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਉਹਨਾਂ ਦੇ ਸੁਝਾਅ ਅਤੇ ਪਲਾਨ ਦੇ ਹਿਸਾਬ ਨਾਲ ਬੀਐਸਐਨਐਲ ਅਤੇ ਐਮਟੀਐਨਐਲ ਲਈ ਇਕ ਵਿਆਪਕ ਪਲਾਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਲੋਕ ਸਭਾ ਵਿਚ ਸ਼ੇਅਰ ਕੀਤੇ ਗਏ ਅੰਕੜਿਆਂ ਮੁਤਾਬਕ ਐਮਟੀਐਨਐਲ ਦੇ ਮਾਰਕਿਟ ਸ਼ੇਅਰ ਵਿਚ ਘਾਟਾ ਹੋਇਆ ਹੈ ਜਦਕਿ ਬੀਐਸਐਨਐਲ ਦਾ ਮਾਰਕਿਟ ਸ਼ੇਅਰ ਪੂਰੇ ਭਾਰਤ ਵਿਚ ਇਸ ਸਮੇਂ 9.63 ਫੀਸਦੀ ਤੋਂ ਵਧ ਕੇ 10.72 ਫੀਸਦੀ ਹੋ ਗਿਆ ਹੈ। ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਫੰਡ ਦੀ ਕਮੀ ਚਲਦਿਆਂ ਐਮਟੀਐਨਐਲ ਵਿਚ ਪਿਛਲੇ ਪੰਜ-ਛੇ ਮਹੀਨਿਆਂ ਵਿਚ ਤਨਖ਼ਾਹ ਦੇਣ ਵਿਚ ਦੇਰੀ ਹੋਈ ਹੈ। ਉਹਨਾਂ ਕਿਹਾ ਕਿ ਬੀਐਸਐਨਐਲ ਦੇ ਕਰਮਚਾਰੀਆਂ ਨੂੰ ਲਗਾਤਾਰ ਸੈਲਰੀ ਦਿੱਤੀ ਜਾ ਰਹੀ ਹੈ। ਅਧਿਕਾਰਕ ਅੰਕੜਿਆਂ ਮੁਤਾਬਕ 31 ਮਾਰਚ 2019 ਤੱਕ ਬੀਐਸਐਨਐਲ ਵਿਚ ਕੁੱਲ 1,63,902 ਕਰਮਚਾਰੀ ਕੰਮ ਕਰ ਰਹੇ ਸਨ। ਉਥੇ ਹੀ ਐਮਟੀਐਨਐਲ ਦੇ ਕਰਮਚਾਰੀਆਂ ਦੀ ਗਿਣਤੀ 21,679 ਹੈ।