ਦੂਜੇ ਦਿਨ ਵੀ Air India ਦਾ ਸਰਵਰ ਰਿਹਾ ਡਾਊਨ, 137 ਉਡਾਣਾਂ ਪ੍ਰਭਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਏਅਰਲਾਈਨ ਦੇ ਪੀਐਸਐਸ ਸਾਫ਼ਟਵੇਅਰ 'ਚ ਤਕਨੀਕੀ ਗੜਬੜੀ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ

137 Air India flights to be delayed due to software shutdown

ਨਵੀਂ ਦਿੱਲੀ : ਏਅਰ ਇੰਡੀਆ ਦੇ ਚੈਕ ਇਨ ਸਾਫ਼ਟਵੇਅਰ 'ਚ ਸ਼ਨਿਚਰਵਾਰ ਸਵੇਰ ਆਈ ਖ਼ਰਾਬੀ ਦਾ ਅਸਰ ਦੂਜੇ ਦਿਨ ਵੀ ਬਰਕਰਾਰ ਰਿਹਾ। ਐਤਵਾਰ ਨੂੰ ਸਰਵਰ ਡਾਊਨ ਕਾਰਨ 137 ਉਡਾਣਾਂ ਪ੍ਰਭਾਵਤ ਰਹੀਆਂ, ਜਿਸ ਕਾਰਨ ਦੁਨੀਆਂ ਭਰ 'ਚ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਪਹਿਲਾਂ ਸ਼ਨਿਚਰਵਾਰ ਸਵੇਰੇ ਯਾਤਰੀ ਸਰਵਿਸ ਸਿਸਟਮ (ਪੀ.ਐਸ.ਐਸ.) 'ਚ ਖਰਾਬੀ ਕਾਰਨ ਕਈ ਉਡਾਣਾਂ ਦਾ ਸੰਚਾਲਨ 5 ਘੰਟੇ ਠੱਪ ਰਿਹਾ ਸੀ। ਇਸ ਕਾਰਨ ਜਿੱਥੇ ਦੁਨੀਆਂ ਭਰ 'ਚ ਏਅਰ ਇੰਡੀਆ ਦੇ ਹਜ਼ਾਰਾਂ ਯਾਤਰੀ ਕਈ ਘੰਟੇ ਹਵਾਈ ਅੱਡਿਆਂ 'ਤੇ ਫਸੇ ਰਹੇ, ਉੱਥੇ ਹੀ ਕੱਲ ਰਾਤ 8:30 ਵਜੇ ਤਕ 155 ਉਡਾਣਾਂ 'ਚ ਲਗਭਗ 2 ਘੰਟੇ ਦੀ ਦੇਰੀ ਹੋਈ। ਦੱਸਣਯੋਗ ਹੈ ਕਿ ਏਅਰ ਇੰਡੀਆ ਅਤੇ ਉਸ ਦੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਕੁੱਲ ਮਿਲਾ ਕੇ ਰੋਜ਼ਾਨਾ ਲਗਭਗ 674 ਉਡਾਣਾਂ ਚਲਾਉਂਦੇ ਹਨ।

ਏਅਰਲਾਈਨ ਦੇ ਪੀਐਸਐਸ ਸਾਫ਼ਟਵੇਅਰ ਨੇ ਤਕਨੀਕੀ ਗੜਬੜੀ ਕਾਰਨ ਸ਼ਨਿਚਰਵਾਰ ਸਵੇਰੇ 3:30 ਤੋਂ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਹ ਸਾਫ਼ਟਵੇਅਰ ਚੈਕ ਇਨ, ਬੈਗੇਜ਼ ਅਤੇ ਰਿਜ਼ਰਵਰੇਸ਼ਨ ਸਬੰਧੀ ਕੰਮਾਂ ਦਾ ਹਿਸਾਬ ਰੱਖਦਾ ਹੈ। ਐਤਰਵਾਰ ਨੂੰ 137 ਉਡਾਣਾਂ ਆਪਣੇ ਮਿੱਥੇ ਸਮੇਂ ਤੋਂ ਲਗਭਗ 3 ਘੰਟੇ ਦੀ ਦੇਰੀ ਨਾਲ ਰਵਾਨਾਂ ਹੋਈਆਂ।