ਕੋਰੋਨਾ ਸੰਕਟ! ਹਵਾਬਾਜ਼ੀ ਉਦਯੋਗ ਦੀ ਇਸ ਵੱਡੀ ਕੰਪਨੀ ਨੇ ਕੀਤਾ 12000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ
ਜਹਾਜ਼ ਬਣਾਉਣ ਵਾਲੀ ਗਲੋਬਲ ਕੰਪਨੀ ਬੋਇੰਗ 12,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ।
ਨਵੀਂ ਦਿੱਲੀ: ਜਹਾਜ਼ ਬਣਾਉਣ ਵਾਲੀ ਗਲੋਬਲ ਕੰਪਨੀ ਬੋਇੰਗ 12,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਕੋਵਿਡ-19 ਸੰਕਟ ਕਾਰਨ ਯਾਤਰਾ 'ਤੇ ਲਗਾਈਆਂ ਗਈਆਂ ਪਾਬੰਧੀਆਂ ਦੇ ਚਲਦਿਆਂ ਹਵਾਬਾਜ਼ੀ ਉਦਯੋਗ ਨੂੰ ਵੱਡਾ ਝਟਕਾ ਲੱਗਿਆ ਹੈ।ਕੰਪਨੀ ਆਉਣ ਵਾਲੇ ਦਿਨਾਂ ਵਿਚ ਹੋਰ ਲੋਕਾਂ ਨੂੰ ਵੀ ਨੌਕਰੀ ਤੋਂ ਕੱਢ ਸਕਦੀ ਹੈ।
ਅਮਰੀਕਾ ਦੀ ਸਭ ਤੋਂ ਵੱਡੀ ਜਹਾਜ਼ ਨਿਰਮਾਤਾ ਕੰਪਨੀ ਇਸ ਹਫ਼ਤੇ 6770 ਅਮਰੀਕੀ ਕਰਮਚਾਰੀਆਂ ਨੂੰ ਕੱਢੇਗੀ। ਇਸ ਤੋਂ ਇਲਾਵਾ 5,520 ਕਰਮਚਾਰੀਆਂ ਨੇ ਸਵੈਇੱਛੁਕ ਰਿਟਾਇਰਮੈਂਟ ਦਾ ਵਿਕਲਪ ਚੁਣਿਆ ਹੈ। ਬੋਇੰਗ ਨੇ ਐਲਾਨ ਕੀਤਾ ਸੀ ਕਿ ਉਹ ਅਪਣੇ ਕਰਮਚਾਰੀਆਂ ਦੀ ਗਿਣਤੀ ਵਿਚ 10 ਫੀਸਦੀ ਦੀ ਕਟੌਤੀ ਕਰੇਗੀ।
ਕੰਪਨੀ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 1,60,000 ਹੈ। ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਦੀ ਰੋਕਥਾਮ ਲਈ ਲਗਾਏ ਗਏ ਲੌਕਡਾਊਨ ਕਾਰਨ ਕਾਰੋਬਾਰ ਪ੍ਰਭਾਵਿਤ ਹੋਏ ਹਨ। ਇਸ ਤੋਂ ਬਾਅਦ ਕੰਪਨੀਆਂ ਨੇ ਅਪਣੇ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਬੰਗਲੁਰੂ ਦੇ ਸਟਾਰਟਅਪ ਲਿਵਸਪੇਸ ਨੇ 15 ਫੀਸਦੀ ਕਰਮਚਾਰੀਆਂ ਯਾਨੀ 450 ਲੋਕਾਂ ਦੀ ਛਾਂਟੀ ਕੀਤੀ ਹੈ। ਕੰਪਨੀ ਨੇ ਇਹ ਫੈਸਲਾ ਪਿਛਲੇ ਹਫ਼ਤੇ ਹੀ ਲਿਆ ਸੀ। ਉੱਥੇ ਹੀ ਵਾਹਨਾਂ ਦੇ ਪੁਰਜ਼ੇ ਬਣਾਉਣ ਵਾਲੀ ਰਿਕੋ ਆਟੋ ਇੰਡਸਟਰੀਜ਼ ਨੇ ਹਰਿਆਣਾ ਦੇ ਧਾਰੂਹੇਡਾ ਦੇ 119 ਕਰਮਚਾਰੀਆਂ ਨੂੰ 22 ਮਈ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਹਵਾਈ ਯਾਤਰਾ ਵਿਚ ਭਾਰੀ ਗਿਰਾਵਟ ਦੇ ਚਲਦਿਆਂ ਐਰੋ ਸਪੇਸ ਇੰਜਣ ਬਣਾਉਣ ਵਾਲੀ ਕੰਪਨੀ ਰੋਲਸ-ਰਾਇਸ ਨੇ ਦੁਨੀਆ ਭਰ ਵਿਚ ਕਰੀਬ 9000 ਨੌਕਰੀਆਂ ਦੀ ਕਟੌਤੀ ਕੀਤੀ ਹੈ। ਕੰਪਨੀ ਵਿਚ ਕੁੱਲ 52,000 ਕਰਮਚਾਰੀ ਹਨ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਕਟੌਤੀ ਕਿੱਥੇ ਕੀਤੀ ਜਾਵੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਕੰਪਨੀ ਨੂੰ ਸੰਭਾਲਣ ਲਈ ਔਖੇ ਫੈਸਲੇ ਲੈਣੇ ਪੈਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।