Uber India ਵਿਚ 600 ਕਰਮਚਾਰੀਆਂ ਦੀ ਛਾਂਟੀ, TVS ਨੇ ਵੀ ਸੈਲਰੀ 'ਤੇ ਚਲਾਈ ਕੈਂਚੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਓਲਾ ਨੇ 1400 ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਸੀ ਐਲਾਨ

Photo

ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਛਾਂਟੀ ਅਤੇ ਤਨਖਾਹਾਂ ਵਿਚ ਕਟੌਤੀ ਦੀਆਂ ਖਬਰਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ਵਿਚ ਓਲਾ ਇਕ ਆਨਲਾਈਨ ਕੈਬ ਬੁਕਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਨੇ 1400 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ।

ਹੁਣ ਓਲਾ ਦੀ ਮੁਕਾਬਲੇਬਾਜ਼ ਉਬਰ ਇੰਡੀਆ ਨੇ ਵੀ 600 ਲੋਕਾਂ ਨੂੰ ਕੱਢਣ ਦੀ ਗੱਲ ਕਹੀ ਹੈ। ਉਬਰ ਇੰਡੀਆ ਦੇ ਮੁਖੀ ਪ੍ਰਦੀਪ ਪਰਮੇਸ਼ਵਰਨ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਕੰਪਨੀ ਉਬੇਰ ਟੈਕਨੋਲੋਜੀ ਇੰਕ ਦੀ ਭਾਰਤੀ ਸ਼ਾਖਾ ਵਿਚ 600 ਨੌਕਰੀਆਂ ਵਿਚ ਕਟੌਤੀ ਹੋਵੇਗੀ।

ਉਹਨਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਕਾਰੋਬਾਰ ਪ੍ਰਭਾਵਤ ਹੋਇਆ ਹੈ। ਇਹੀ ਕਾਰਨ ਹੈ ਕਿ ਇਹ ਫੈਸਲਾ ਲਿਆ ਜਾ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨੀਂ, ਅਮਰੀਕੀ ਕੰਪਨੀ ਉਬਰ ਨੇ ਦੁਨੀਆ ਭਰ ਵਿਚ 3700 ਕਰਮਚਾਰੀਆਂ ਦੀਆ ਛਾਂਟੀ ਦਾ ਐਲਾਨ ਕੀਤਾ ਸੀ। ਭਾਰਤ ਵਿਚ ਜੋ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ, ਇਹ ਉਸੇ ਦਾ ਹਿੱਸਾ ਹੈ।

ਉੱਥੇ ਹੀ ਟੀਵੀਐਸ ਮੋਟਰ ਕੰਪਨੀ ਨੇ ਛੇ ਮਹੀਨੇ ਦੀ ਮਿਆਦ ਲਈ ਅਪਣੇ ਕਰਮਚਾਰੀਆਂ ਦੀ ਤਨਖ਼ਾਹ ਵਿਚ 20 ਫੀਸਦੀ ਕਟੌਤੀ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਸ ਸਾਲ ਮਈ ਤੋਂ ਅਕਤੂਬਰ ਤੱਕ ਸ਼ੁਰੂਆਤੀ ਪੱਧਰ ਦੇ ਕਰਮਚਾਰੀਆਂ ਨੂੰ ਛੱਡ ਕੇ ਕਾਰਜਕਾਰੀ ਪੱਧਰ 'ਤੇ ਤਨਖ਼ਾਹ ਦੀ ਕਟੌਤੀ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ, 'ਅਚਾਨਕ ਆਏ ਸੰਕਟ ਦੇ ਮੱਦੇਨਜ਼ਰ ਕੰਪਨੀ ਨੇ ਛੇ ਮਹੀਨੇ ਲਈ ਵੱਖ-ਵੱਖ ਪੱਧਰਾਂ 'ਤੇ ਤਨਖ਼ਾਹ ਵਿਚ ਕਟੌਤੀ ਕੀਤੀ ਹੈ'।

ਬੁਲਾਰੇ ਨੇ ਕਿਹਾ ਕਿ ਲੇਬਰ ਪੱਧਰ ‘ਤੇ ਕੰਮ ਕਰਨ ਵਾਲਿਆਂ ਦੀ ਤਨਖਾਹ 'ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਦੱਸ ਦਈਏ ਕਿ ਟੀਵੀਐਸ ਮੋਟਰ ਕੰਪਨੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਦੁਪਹੀਆ ਵਾਹਨ ਕੰਪਨੀ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਆਨਲਾਈਨ ਫੂਡ ਕੰਪਨੀ ਜ਼ੋਮੇਟੋ ਅਤੇ ਸਵਿਗੀ ਨੇ ਵੀ ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ।