ਇਹ ਹਨ ਦੁਨੀਆਂ ਦੀਆਂ ਸਭ ਤੋਂ ਅਮੀਰ ਔਰਤਾਂ, ਜੈਫ ਬੇਜੋਸ ਦੀ ਸਾਬਕਾ ਪਤਨੀ ਵੀ ਲਿਸਟ 'ਚ ਸ਼ਾਮਲ
ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਔਰਤਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਦੁਨੀਆਂ ਵਿਚ ਸਭ ਤੋਂ ਅਮੀਰ ਹਨ।
ਨਵੀਂ ਦਿੱਲੀ: ਅੱਜ ਦੇ ਦੌਰ ਵਿਚ ਔਰਤਾਂ ਕਿਸੇ ਵੀ ਕੰਮ ਵਿਚ ਮਰਦਾਂ ਨਾਲੋਂ ਪਿੱਛੇ ਨਹੀਂ ਹਨ। ਅੱਜ ਦੀ ਮਹਿਲਾ ਹਰ ਖੇਤਰ ਵਿਚ ਮਰਦਾਂ ਦੇ ਬਰਾਬਰ ਕੰਮ ਕਰ ਰਹੀ ਹੈ। ਇਸ ਦੌਰਾਨ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਔਰਤਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਦੁਨੀਆਂ ਵਿਚ ਸਭ ਤੋਂ ਅਮੀਰ ਹਨ।
ਫ੍ਰੈਂਕੋਇਸ ਬੇਟਨਕੋਰਟ ਮੇਅਰਜ਼ (Françoise Bettencourt Meyers)
ਫੋਰਬਸ ਵੱਲੋਂ ਇਸ ਸਾਲ ਜਾਰੀ ਕੀਤੀ ਗਈ ਦੁਨੀਆਂ ਭਰ ਦੇ ਅਰਬਪਤੀਆਂ ਦੀ ਸੂਚੀ ਅਨੁਸਾਰ ਫਰਾਂਸ ਦੀ ਫ੍ਰੈਂਕੋਇਸ ਬੇਟਨਕੋਰਟ ਮੇਅਰਜ਼ 73.6 ਅਰਬ ਡਾਲ ਦੀ ਸੰਪਤੀ ਨਾਲ ਦੁਨੀਆਂ ਦੀ ਸਭ ਤੋਂ ਅਮੀਰ ਮਹਿਲਾ ਹੈ। ਉਹ ਕਾਸਮੈਟਿਕਸ ਬ੍ਰਾਂਡ L’Oreal ਦੀ ਵਾਰਸ ਹੈ। L’Oreal ਵਿਚ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ 33 ਫੀਸਦੀ ਹਿੱਸੇਦਾਰੀ ਹੈ। L’Oreal ਦੇ ਸ਼ੇਅਰ ਦੀ ਕੀਮਤ ਪਿਛਲੇ ਸਾਲ ਮਾਰਚ ਤੋਂ ਲਗਭਗ 40 ਫੀਸਦੀ ਵਧ ਚੁੱਕੀ ਹੈ। ਫ੍ਰੈਂਕੋਇਸ ਬੇਟਨਕੋਰਟ ਨੂੰ ਇਹ ਜਾਇਦਾਦ ਅਪਣੀ ਮਾਂ ਕੋਲੋਂ ਵਿਰਾਸਤ ਵਿਚ ਮਿਲੀ ਹੈ। ਉਹਨਾਂ ਦੀ ਮਾਂ Liliane Bettencourt ਦੇ ਪਿਤਾ Eugene Schueller ਨੇ L’Oreal ਦੀ ਸ਼ੁਰੂਆਤ ਕੀਤੀ ਸੀ। ਬੇਟਨਕੋਰਟ ਸਾਲ 1997 ਤੋਂ L’Oreal ਦੇ ਬੋਰਡ ਵਿਚ ਹੈ।
ਐਲਿਸ ਵਾਲਟਨ (Alice Walton)
ਅਮਰੀਕਾ ਦੀ ਐਲਿਸ 61.8 ਅਰਬ ਡਾਲਰ ਦੀ ਸੰਪਤੀ ਨਾਲ ਦੁਨੀਆਂ ਦੀ ਦੂਜੀ ਸਭ ਤੋਂ ਅਮੀਰ ਔਰਤ ਹੈ। ਉਹਨਾਂ ਦੀ ਸੰਪਤੀ ਦਾ ਸਰੋਤ ਵਾਲਮਾਰਟ ਹੈ। ਉਹ ਵਾਲਮਾਰਟ ਦੇ ਸੰਸਥਾਪਕ ਸੈਮ ਵਾਲਟਨ ਦੀ ਧੀ ਹੈ। ਪਿਛਲੇ ਸਾਲ ਮਾਰਚ ਤੋਂ ਵਾਲਮਾਰਟ ਦੇ ਸ਼ੇਅਰ ਵਿਚ 5 ਪ੍ਰਤੀਸ਼ਤ ਤੋਂ ਜ਼ਿਆਦਾ ਤੇਜ਼ੀ ਕਾਰਨ ਐਲਿਸ ਦੀ ਸੰਪਤੀ ਇਕ ਸਾਲ ਵਿਚ 7.4 ਅਰਬ ਡਾਲਰ ਵਧੀ ਹੈ।
ਮੈਕੇਂਜੀ ਸਕਾਟ (MacKenzie Scott)
ਪਿਛਲੇ ਇਕ ਸਾਲ ਵਿਚ ਕਈ ਦਾਨ ਕਰਨ ਦੇ ਬਾਵਜੂਦ ਵੀ ਐਮਾਜ਼ਾਨ ਦੇ ਸਾਬਕਾ ਸੀਈਓ ਜੈਫ ਬੇਜੋਸ ਦੀ ਸਾਬਕਾ ਪਤਨੀ ਮੈਕੇਂਜੀ ਦੀ ਜਾਇਦਾਦ ਵਧੀ ਹੈ। 2020 ਵਿਚ ਮੈਕੇਂਜੀ ਅਮਰੀਕਾ ਵਿਚ ਲਗਭਗ 6 ਅਰਬ ਡਾਲਰ ਦਾਨ ਕਰ ਚੁੱਕੀ ਹੈ। ਉਹ 53 ਅਰਬ ਡਾਲਰ ਦੀ ਸੰਪਤੀ ਨਾਲ ਦੁਨੀਆਂ ਦੀ ਤੀਜੀ ਸਭ ਤੋਂ ਅਮੀਰ ਔਰਤ ਹੈ। ਬੇਜੋਸ ਨਾਲ ਉਹਨਾਂ ਦਾ ਤਲਾਕ 2019 ਵਿਚ ਹੋਇਆ ਸੀ। ਮੈਕੇਂਜੀ ਨੇ ਹਾਲ ਹੀ ਵਿਚ ਸਾਇੰਸ ਅਧਿਆਪਕ ਡੈਨ ਜਵੇਟ ਨਾਲ ਵਿਆਹ ਕਰਵਾਇਆ ਹੈ।
ਜੂਲੀਆ ਕੋਚ (Julia Koch)
ਅਮਰੀਕਾ ਦੇ ਮਰਹੂਮ ਡੇਵਿਡ ਕੋਚ ਦੀ ਪਤਨੀ ਜੂਲੀਆ ਕੋਚ ਅਤੇ ਉਹਨਾਂ ਦੇ ਪਰਿਵਾਰ ਦੀ ਕੁੱਲ ਸੰਪਤੀ 46.4 ਅਰਬ ਡਾਲਰ ਹੈ। ਜੂਲੀਆ ਅਤੇ ਉਸ ਦੇ ਬੱਚਿਆਂ ਦੀ ਪਰਿਵਾਰਕ ਕਾਰੋਬਾਰ ਕੋਚ ਇੰਡਸਟਰੀਜ਼ ਵਿਚ 42 ਫੀਸਦੀ ਹਿੱਸੇਦਾਰੀ ਹੈ। ਕੋਚ ਇੰਡਸਟਰੀਜ਼ 2020 ਵਿਚ ਆਮਦਨੀ ਦੇ ਮਾਮਲੇ ਵਿਚ ਅਮਰੀਕਾ ਦੀ ਸਭ ਤੋਂ ਵੱਡੀ ਪ੍ਰਾਈਵੇਟ ਕੰਪਨੀ ਬਣ ਚੁੱਕੀ ਹੈ। ਜੂਲੀਆ ਕੰਪਨੀ ਦੇ ਨਿਰਦੇਸ਼ਕ ਮੰਡਲ ਵਿਚ ਸ਼ਾਮਲ ਹੈ। ਕੰਪਨੀ ਦੇ ਚੇਅਰਮੈਨ ਡੇਵਿਡ ਕੋਚ ਦੇ ਵੱਡੇ ਭਰਾ ਚਾਰਲਸ ਹਨ। ਉਹਨਾਂ ਦੀ ਵੀ ਕੰਪਨੀ 'ਚ 42 ਫੀਸਦੀ ਹਿੱਸੇਦਾਰੀ ਹੈ।
ਮਰੀਅਮ ਐਡੇਲਸਨ (Miriam Adelson)
ਅਮਰੀਕਾ ਦੀ ਮਰੀਅਮ ਐਡੇਲਸਨ 38.2 ਅਰਬ ਡਾਲਰ ਦੀ ਸੰਪਤੀ ਨਾਲ ਦੁਨੀਆ ਦੀ 5ਵੀਂ ਸਭ ਤੋਂ ਅਮੀਰ ਔਰਤ ਹੈ। ਉਹਨਾਂ ਦੀ ਜਾਇਦਾਦ ਦੇ ਸਰੋਤ ਕੈਸੀਨੋ ਹਨ। ਕੈਸੀਨੋ ਚਲਾਉਣ ਵਾਲੀ ਲਾਸ ਵੇਗਾਸ ਸੈਂਡਸ ਵਿਚ ਐਡੇਲਸਨ ਦੀ ਹਿੱਸੇਦਾਰੀ 56 ਫੀਸਦੀ ਹੈ। ਇਸ ਕੰਪਨੀ ਦੇ ਮਾਲਕ ਪਹਿਲਾਂ ਮਰੀਅਮ ਦੇ ਪਤੀ ਸ਼ੈਲਡਨ ਐਡਲਸਨ ਸੀ। ਸ਼ੈਲਡਨ ਦੀ ਇਸ ਸਾਲ ਜਨਵਰੀ ਵਿਚ 87 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ।