ਪਿਆਜ਼ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਏਜੰਸੀ

ਖ਼ਬਰਾਂ, ਵਪਾਰ

ਘਰੇਲੂ ਬਾਜ਼ਾਰ 'ਚ ਸਪਲਾਈ ਵਧਾਉਣ ਲਈ ਪਿਆਜ਼ ਦੀ ਬਰਾਮਦ 'ਤੇ ਰੋਕ ਲਗਾਈ

Government bans onion exports with immediate effect

ਨਵੀਂ ਦਿੱਲੀ : ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪਿਆਜ਼ ਦੀਆਂ ਕੀਮਤਾਂ ਦੇ 100 ਰੁਪਏ ਪ੍ਰਤੀ ਕਿਲੋ ਦੇ ਨੇੜੇ ਪੁੱਜਣ ਤੋਂ ਪ੍ਰੇਸ਼ਾਨ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਸਾਰੀਆਂ ਕਿਸਮਾਂ ਦੇ ਪਿਆਜ਼ਾਂ ਦੀ ਬਰਾਮਦ 'ਤੇ ਤੁਰੰਤ ਰੋਕ ਲਗਾ ਦਿੱਤੀ ਹੈ ਤਾਂ ਕਿ ਘਰੇਲੂ ਬਾਜ਼ਾਰ 'ਚ ਸਪਲਾਈ ਵਧਾਈ ਜਾ ਸਕੇ ਅਤੇ ਕੀਮਤਾਂ 'ਤੇ ਕਾਬੂ ਕੀਤਾ ਜਾ ਸਕੇ। ਡਾਇਰੈਕਟਰ ਜਨਰਲ ਆਫ਼ ਫ਼ੌਰਨ ਟਰੇਡ (ਡੀਜੀਐਫ਼ਟੀ) ਨੇ ਇਸ ਸਬੰਧ 'ਚ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਦੇਸ਼ 'ਚ ਪਿਆਜ਼ ਦੀਆਂ ਕੀਮਤਾਂ ਪਿਛਲੇ ਮਹੀਨੇ ਤੋਂ ਲਗਾਤਾਰ ਵੱਧ ਰਹੀਆਂ ਹਨ। ਜ਼ਿਆਦਾਤਰ ਬਾਜ਼ਾਰਾਂ 'ਚ 60-80 ਰੁਪਏ ਪ੍ਰਤੀ ਕਿਲੋ ਤਕ ਕੀਮਤਾਂ ਪਹੁੰਚ ਗਈਆਂ ਹਨ। ਕਈ ਥਾਵਾਂ ਤੇ ਇਸ ਦੀ ਕੀਮਤ 100 ਰੁਪਏ ਦੇ ਨੇੜੇ ਪਹੁੰਚਣ ਲੱਗੀ ਹੈ। ਦਿੱਲੀ 'ਚ ਵੀ ਪਿਛਲੇ ਦਿਨੀਂ ਪਿਆਜ਼ 95 ਰੁਪਏ ਤਕ ਵਿਕਿਆ ਸੀ। ਆਮ ਤੌਰ 'ਤੇ ਸਾਲ ਦੇ ਇਨ੍ਹਾਂ ਮਹੀਨਿਆਂ 'ਚ ਪਿਆਜ਼ ਦੀ ਸਪਲਾਈ ਸੀਮਤ ਹੋ ਜਾਂਦੀ ਹੈ। ਜਦੋਂ ਗਰਮੀਆਂ ਦੇ ਫ਼ਸਲ ਦੀ ਪਿਆਜ਼ ਖ਼ਤਮ ਹੋਣ ਲੱਗਦੀ ਹੈ, ਜਦਕਿ ਮੌਸਮ ਦੀ ਮਾਰ ਕਾਰਨ ਸਰਦੀਆਂ ਦੀ ਸਪਲਾਈ ਆਉਣ 'ਚ ਦੇਰੀ ਹੋ ਜਾਂਦੀ ਹੈ ਤਾਂ ਪ੍ਰੇਸ਼ਾਨੀ ਹੁੰਦੀ ਹੈ। ਇਸ ਸਾਲ ਮਹਾਰਾਸ਼ਟਰ ਅਤੇ ਹੋਰ ਪਿਆਜ਼ ਉਤਪਾਦਕ ਸੂਬਿਆਂ 'ਚ ਹੜ੍ਹ ਦੇ ਹਾਲਾਤ ਪੈਦਾ ਹੋਣ ਕਾਰਨ ਪਿਆਜ਼ ਦੀ ਸਪਲਾਈ ਪ੍ਰਭਾਵਤ ਹੋਈ ਹੈ। ਇਸ ਕਾਰਨ ਕੀਮਤਾਂ 'ਚ ਭਾਰੀ ਵਾਧਾ ਹੋ ਰਿਹਾ ਹੈ। 

ਸਰਕਾਰ ਨੇ ਪਿਛਲੇ ਮਹੀਨੇ ਪਿਆਜ਼ ਦੀ ਜਮਾਖੋਰੀ ਕਰਨ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਲਗਭਗ 50 ਹਜ਼ਾਰ ਟਨ ਪਿਆਜ਼ ਦਾ ਸਟਾਕ ਸਰਕਾਰ ਵੱਲੋਂ ਬਾਜ਼ਾਰਾਂ 'ਚ ਭੇਜਿਆ ਜਾ ਰਿਹਾ ਹੈ। ਤਿੰਨ ਦਿਨ ਪਹਿਲਾਂ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸੂਬਿਆਂ ਨੂੰ ਕਿਹਾ ਸੀ ਕਿ ਉਹ ਕੇਂਦਰ ਤੋਂ ਪਿਆਜ਼ ਖ਼ਰੀਦ ਕੇ ਤੁਰੰਤ ਸਪਲਾਈ ਸੁਧਾਰਨ ਲਈ ਕਦਮ ਚੁੱਕਣ।