ਭਾਰਤੀ ਮੂਲ ਦੇ ਅਰਵਿੰਦ ਕ੍ਰਿਸ਼ਨਾ ਹੋਣਗੇ ਆਈਬੀਐਮ ਦੇ ਅਗਲੇ CEO

ਏਜੰਸੀ

ਖ਼ਬਰਾਂ, ਵਪਾਰ

ਅਮਰੀਕਾ ਦੀ ਵੱਡੀ ਕੰਪਨੀ ਇੰਟਰਨੈਸ਼ਨਲ ਬਿਜ਼ਨੇਸ ਮਸ਼ੀਨਸ (IBM) ਵਿਚ ਭਾਰਤੀ ਮੂਲ ਦੇ ਅਰਵਿੰਦ ਕ੍ਰਿਸ਼ਨਾ ਨਵੇਂ ਸੀਈਓ ਹੋਣਗੇ।

Photo

ਨਵੀਂ ਦਿੱਲੀ: ਅਮਰੀਕਾ ਦੀ ਵੱਡੀ ਕੰਪਨੀ ਇੰਟਰਨੈਸ਼ਨਲ ਬਿਜ਼ਨੇਸ ਮਸ਼ੀਨਸ (IBM) ਵਿਚ ਭਾਰਤੀ ਮੂਲ ਦੇ ਅਰਵਿੰਦ ਕ੍ਰਿਸ਼ਨਾ ਨਵੇਂ ਸੀਈਓ ਹੋਣਗੇ। ਉਹ ਆਈਬੀਐਮ ਦੇ ਸੀਈਓ ਦੇ ਤੌਰ ‘ਤੇ ਵਰਜੀਨੀਆ ਰੋਮਟੀ ਦੀ ਥਾਂ ਲੈਣਗੇ। 57 ਸਾਲਾਂ ਦੇ ਅਰਵਿੰਦ ਕ੍ਰਿਸ਼ਨਾ 6 ਅਪ੍ਰੈਲ ਨੂੰ ਅਪਣੀ ਨਵੀਂ ਜ਼ਿੰਮੇਵਾਰੀ ਸੰਭਾਲਣਗੇ।

ਦੱਸ ਦਈਏ ਕਿ ਅਰਵਿੰਦ ਕ੍ਰਿਸ਼ਨਾ ਫਿਲਹਾਲ ਕਲਾਊਡ ਅਤੇ ਕਾਗਨਿਟਿਵ ਸਾਫਟਵੇਅਰ ਲਈ ਆਈਬੀਐਮ ਵਿਚ ਸੀਨੀਅਰ ਵਾਇਸ ਪ੍ਰੈਸੀਡੈਂਟ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਉਹਨਾਂ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਵਿਚ ਆਈਬੀਐਮ ਕਲਾਊਡ, ਆਈਬੀਐਮ ਸਕਿਓਰਿਟੀ ਅਤੇ ਕਾਗਨੇਟਿਵ ਐਪਲੀਕੇਸ਼ਨ ਬਿਜ਼ਨੇਸ ਅਤੇ ਆਈਬੀਐਮ ਰਿਸਰਚ ਵੀ ਸ਼ਾਮਲ ਹਨ।

ਅਰਵਿੰਦ ਆਈਬੀਐਮ ਸਿਸਟਮ ਅਤੇ ਤਕਨਾਲੋਜੀ ਗਰੁੱਪ ਦੀ ਡਿਵੈਲਪਮੈਂਟ ਅਤੇ ਮੈਨੂਫੈਕਚਰਿੰਗ ਸੰਸਥਾ ਦੇ ਜਨਰਲ ਮੈਨੇਜਰ ਵੀ ਰਹੇ ਸੀ। ਉਹਨਾਂ ਨੇ ਆਈਬੀਐਮ ਦੇ ਡਾਟੇ ਨਾਲ ਸਬੰਧਤ ਕਈ ਵਪਾਰਾਂ ਦੀ ਅਗਵਾਈ ਕੀਤੀ ਹੈ। ਉਹਨਾਂ ਨੇ ਸਾਲ 1990 ਵਿਚ ਆਈਬੀਐਮ ਨੂੰ ਜੁਆਇਨ ਕੀਤਾ ਸੀ।

ਅਰਵਿੰਦ ਕ੍ਰਿਸ਼ਨਾ ਦੀ ਨਿਯੁਕਤੀ ਨੂੰ ਲੈ ਕੇ ਮੌਜੂਦਾ ਸੀਈਓ ਵਰਜੀਨੀਆ ਰੋਮਟੀ ਨੇ ਕਿਹਾ ਹੈ ਕਿ ਆਈਬੀਐਮ ਦੇ ਅਗਲੇ ਦੌਰ ਲਈ ਅਰਵਿੰਦ ਬੈਸਟ ਸੀਈਓ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ, ਉਹ ਕਾਫੀ ਵਧੀਆ ਟੈਕਨੋਲੋਜਿਸਟ ਹਨ, ਜਿਨ੍ਹਾਂ ਨੇ ਆਰਟੀਫੀਸ਼ਲ ਇੰਟੈਲੀਜੈਂਸ, ਕਲਾਊਡ, ਕੁਆਂਟਮ ਕੰਪਿਊਟਿੰਗ ਅਤੇ ਬਲਾਕਚੇਨ ਆਦਿ ਅਹਿਮ ਤਕਨੀਕਾਂ ਨੂੰ ਵਿਕਸਿਤ ਕੀਤਾ ਹੈ।

ਅਰਵਿੰਦ ਕ੍ਰਿਸ਼ਨਾ ਨੇ ਆਈਆਈਟੀ ਕਾਨਪੁਰ ਤੋਂ ਅੰਡਰ ਗ੍ਰੇਜੂਏਟ ਡਿਗਰੀ ਪ੍ਰਾਪਤ ਕੀਤੀ ਹੈ। ਉਹਨਾਂ ਨੇ ਯੂਨੀਵਰਸਿਟੀ ਆਫ ਇਲਨਾਇਜ਼, ਅਰਬਨਾ ਸ਼ੈਂਪੇਨ ਤੋਂ ਪੀਐਚਡੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬਿਗ ਬਲੂ ਦੇ ਨਾਂਅ ਨਾਲ ਦੁਨੀਆ ਵਿਚ ਮਸ਼ਹੂਰ ਆਈਟੀ ਕੰਪਨੀ ਨੇ 20ਵੀਂ ਸ਼ਤਾਬਦੀ ਵਿਚ ਅਪਣੇ ਟੈਕਨੋਲੋਜੀ ਦੇ ਵਿਕਾਸ ਲਈ ਅਪਣਾ ਖ਼ਾਸ ਯੋਗਦਾਨ ਦਿੱਤਾ ਹੈ।

ਆਈਬੀਐਮ ਦੀ ਸਥਾਪਨਾ 16 ਜੂਨ 1911 ਨੂੰ ਕੀਤੀ ਗਈ ਹੈ। ਕੰਪਿਊਟਿੰਗ ਕੰਪਨੀਆਂ ਵਿਚ ਆਈਬੀਐਮ ਇਕਲੌਤੀ ਅਜਿਹੀ ਕੰਪਨੀ ਹੈ, ਜਿਸ ਨੇ ਹੁਣ ਤੱਕ ਤਿੰਨ ਨੋਬਲ ਪੁਰਸਕਾਰ, ਚਾਰ ਟੂਰਿੰਗ ਪੁਰਸਕਾਰ, ਪੰਜ ਰਾਸ਼ਟਰੀ ਤਕਨਾਲੋਜੀ ਮੈਡਲ ਅਤੇ ਪੰਜ ਨੈਸ਼ਨਲ ਸਾਇੰਸ ਮੈਡਲ ਜਿੱਤੇ ਹਨ। ਇਹੀ ਨਹੀਂ ਕੰਪਨੀ ਦੇ ਨਾਂਅ ਦੁਨੀਆ ਦੇ ਸਭ ਤੋਂ ਜ਼ਿਆਦਾ ਪੇਟੈਂਟ ਹੋਣ ਦਾ ਵੀ ਗੌਰਵਮਈ ਇਤਿਹਾਸ ਜੁੜਿਆ ਹੈ।