ਸੰਸਦ ਵਿਚ ਫਿਰ ਲਟਕਿਆ 'ਤਿੰਨ ਤਲਾਕ' ਬਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਵਿਚ ਤਿੰਨ ਤਲਾਕ ਸਬੰਧੀ ਚਰਚਿਤ ਬਿਲ 'ਤੇ ਚਰਚਾ ਨਹੀਂ ਹੋ ਸਕੀ......

Leader of Opposition in the Rajya Sabha

ਨਵੀਂ ਦਿੱਲੀ : ਰਾਜ ਸਭਾ ਵਿਚ ਤਿੰਨ ਤਲਾਕ ਸਬੰਧੀ ਚਰਚਿਤ ਬਿਲ 'ਤੇ ਚਰਚਾ ਨਹੀਂ ਹੋ ਸਕੀ। ਕਾਂਗਰਸ ਦੀ ਅਗਵਾਈ ਵਿਚ ਲਗਭਗ ਸਮੁੱਚੀ ਵਿਰੋਧੀ ਧਿਰ ਨੇ ਇਕੋ ਸੁਰ ਵਿਚ ਕਿਹਾ ਕਿ ਬਿੱਲ ਨੂੰ ਸੀਲੈਕਟ ਕਮੇਟੀ ਕੋਲ ਭੇਜਿਆ ਜਾਵੇ। ਉਧਰ, ਸਰਕਾਰ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਮੁਸਲਿਮ ਔਰਤਾਂ ਦੇ ਅਧਿਕਾਰ ਨਾਲ ਜੁੜੇ ਇਸ ਬਿਲ ਨੂੰ ਜਾਣ-ਬੁਝ ਕੇ ਲਟਕਾਉਣਾ ਚਾਹੁੰਦੀ ਹੈ। ਦੋਹਾਂ ਧਿਰਾਂ ਦੇ ਆਪੋ-ਅਪਣੇ ਰੁਖ਼ 'ਤੇ ਕਾਇਮ ਰਹਿਣ ਕਾਰਨ ਬਿਲ 'ਤੇ ਚਰਚਾ ਨਹੀਂ ਹੋ ਸਕੀ ਅਤੇ ਰੌਲੇ ਕਾਰਨ ਕਾਰਵਾਈ ਦੋ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਦੁਪਹਿਰ ਕਰੀਬ ਢਾਈ ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ।

ਇਕ ਵਾਰ ਮੁਲਤਵੀ ਹੋਣ ਮਗਰੋਂ ਦੁਪਹਿਰ ਦੋ ਵਜੇ ਬੈਠਕ ਸ਼ੁਰੂ ਹੋਣ 'ਤੇ ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ 2018 ਨੂੰ ਚਰਚਾ ਲਈ ਲਿਆਂਦਾ ਗਿਆ। ਇਸੇ ਦੌਰਾਨ ਅੰਨਾਡੀਐਮਕੇ ਦੇ ਮੈਂਬਰ ਕਾਵੇਰੀ ਨਦੀ 'ਤੇ ਬੰਨ੍ਹਾਂ ਦੇ ਨਿਰਮਾਣ ਦਾ ਵਿਰੋਧ ਕਰਦਿਆਂ ਸਪੀਕਰ ਕੋਲ ਆ ਗਏ। ਉਪ ਸਭਾਪਤੀ ਹਰਿਵੰਸ਼ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਸ਼ਾਂਤ ਹੋਣ ਅਤੇ ਅਪਣੀਆਂ ਥਾਵਾਂ 'ਤੇ ਮੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਸਭਾ ਚੱਲ ਰਹੀ ਹੇ ਅਤੇ ਉਥੇ ਚਰਚਾ ਹੋ ਰਹੀ ਹੈ ਪਰ ਰਾਜ ਸਭਾ ਵਿਚ ਕੰਮਕਾਜ ਨਹੀਂ ਹੋ ਰਿਹਾ। 

ਹੰਗਾਮੇ ਵਿਚ ਹੀ ਕਾਂਗਰਸ ਦੇ ਡੇਰੇਕ ਓ ਬ੍ਰਾਇਨ ਨੇ ਬਿੱਲ ਨੂੰ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਅਤੇ ਕਿਹਾ ਕਿ ਬਹੁਤੇ ਵਿਰੋਧੀ ਮੈਂਬਰ ਇਸ ਬਿਲ ਨੂੰ 
ਕਮੇਟੀ ਕੋਲ ਭੇਜਣਾ ਚਾਹੁੰਦੇ ਹਨ ਤਾਂ ਸਰਕਾਰ ਇਸ ਨੂੰ ਕਿਉਂ ਨਹੀਂ ਭੇਜ ਰਹੀ? ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਹ ਅਜਿਹਾ ਬਿੱਲ ਹੈ ਜਿਹੜਾ ਕਈ ਲੋਕਾਂ ਦੇ ਜੀਵਨ ਨੂੰ ਹਾਂਪੱਖੀ ਤੇ ਨਾਂਹਪੱਖੀ ਢੰਗ ਨਾਲ ਪ੍ਰਭਾਵਤ ਕਰੇਗਾ, ਇਸ ਲਈ ਬਿੱਲ ਨੂੰ ਸਲੈਕਟ ਕਮੇਟੀ ਵਿਚ ਭੇਜਿਆ ਜਾਵੇ।

ਵਿਰੋਧੀ ਧਿਰ ਚਰਚਾ ਤੋਂ ਭੱਜ ਰਹੀ ਹੈ : ਸਰਕਾਰ

ਸੰਸਦੀ ਕਾਰਜ ਰਾਜ ਮੰਤਰੀ ਵਿਜੇ ਗੋਇਲ ਨੇ ਕਿਹਾ ਕਿ ਇਹ ਮੁਸਲਿਮ ਔਰਤਾਂ ਦੇ ਅਧਿਕਾਰਾਂ ਨਾਲ ਜੁੜਿਆ ਅਹਿਮ ਬਿਲ ਹੈ ਅਤੇ ਵਿਰੋਧੀ ਧਿਰ ਜਾਣ-ਬੁਝ ਕੇ ਇਸ ਨੂੰ ਅਟਕਾਉਣਾ ਚਾਹੁੰਦੀ ਹੈ। ਇਸ ਲਈ ਉਹ ਇਸ ਨੂੰ ਕਮੇਟੀ ਕੋਲ ਭੇਜਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿਚ ਪਹਿਲੀ ਵਾਰ ਕਾਂਗਰਸ ਨੇ ਇਸ ਬਿਲ ਦਾ ਸਮਰਥਨ ਕੀਤਾ ਸੀ। ਦੂਜੀ ਵਾਰ ਚਰਚਾ ਵਿਚ ਹਿੱਸਾ ਲਿਆ।