ਇੰਟਰਨੈੱਟ ਸੇਵਾਵਾਂ ਬਗੈਰ ਕੰਮ ਚਲਾ ਰਹੇ ਨੇ ਘਾਟੀ ਵਿਚਲੇ ਹਸਪਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਅਦੇ ਮੁਤਾਬਕ ਬਹਾਲ ਨਹੀਂ ਹੋਈਆਂ ਸੇਵਾਵਾਂ

file photo

ਸ੍ਰੀਨਗਰ : ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ ਬਾਅਦ ਇੰਟਰਨੈੱਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਸਨ। ਹੁਣ ਵਾਦੀ 'ਚ ਸ਼ਾਂਤੀ ਪਰਤਣ ਬਾਅਦ ਸਰਕਾਰ ਵਲੋਂ ਇੰਟਰਨੈਂਟ ਸੇਵਾਵਾਂ ਮੁੜ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਵਾਅਦੇ ਮੁਤਾਬਕ ਨਵੇਂ ਸਾਲ ਮੌਕੇ ਇੰਟਰਨੈਂਟ ਸੇਵਾਵਾਂ ਚਾਲੂ ਹੋਣ ਦੀ ਉਮੀਦ ਸੀ ਪਰ ਵਾਅਦੇ ਦੇ ਬਾਵਜੂਦ ਵੀ ਬੁੱਧਵਾਰ ਨੂੰ ਘਾਟੀ ਦੇ ਹਸਪਤਾਲਾਂ ਅੰਦਰ ਬ੍ਰਾਡਬੈਂਡ ਇੰਟਰਨੈੱਟ ਸੇਵਾਵਾਂ ਅਜੇ ਤਕ ਬਹਾਲ ਨਹੀਂ ਹੋ ਸਕੀਆਂ।

ਦੱਸ ਦਈਏ ਕਿ ਬੀਤੇ ਮੰਗਲਵਾਰ ਨੂੰ ਸਰਕਾਰੀ ਦੇ ਬੁਲਾਰੇ ਰੋਹਿਤ ਕਾਂਸਲ ਨੇ ਹਸਪਤਾਲਾਂ ਅੰਦਰ ਬ੍ਰਾਡਬੈਂਡ ਸੇਵਾ ਅਤੇ ਪੋਸਟਪੇਡ ਮੋਬਾਈਲ ਫੋਨਾਂ 'ਤੇ ਐਸਐਮਐਸ ਸੇਵਾ ਅੱਧੀ ਰਾਤ ਤੋਂ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਸੀ। ਵਾਅਦੇ ਮੁਤਾਬਕ ਐਸਐਮਐਸ ਸੇਵਾ ਤਾਂ ਕੁੱਝ ਹਦ ਤਕ ਬਹਾਲ ਹੋ ਗਈ ਹੈ ਪਰ  ਇੰਟਰਨੈਂਟ ਅਜੇ ਤਕ ਦੁਬਾਰਾ ਸ਼ੁਰੂ ਨਹੀਂ ਹੋਈਆਂ। ਕਾਬਲੇਗੌਰ ਹੈ ਕਿ ਘਾਟੀ ਦੇ ਪ੍ਰਮੁੱਖ ਸਰਕਾਰੀ ਐਸਐਮਐਚਐਸ ਹਸਪਤਾਲ ਵਿਚ ਤਕਰੀਬਨ ਪੰਜ ਮਹੀਨਿਆਂ ਤੋਂ ਇੰਟਰਨੈਟ ਦੀ ਸਹੂਲਤ ਨਹੀਂ ਹੈ।

ਐਸਐਮਐਚਐਸ ਹਸਪਤਾਲ ਪ੍ਰਸ਼ਾਸਨ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਮੈਡੀਕਲ ਸੰਸਥਾ ਵਿਚ ਬੁੱਧਵਾਰ ਨੂੰ ਇੰਟਰਨੈਟ ਸੇਵਾ ਮੁੜ ਬਹਾਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇੰਟਰਨੈੱਟ ਕੰਮ ਨਹੀਂ ਕਰ ਰਿਹਾ ਹੈ। ਸੇਵਾਵਾਂ ਹਾਲੇ ਬਹਾਲ ਨਹੀਂ ਕੀਤੀਆਂ ਗਈਆਂ ਹਨ।

ਘਾਟੀ ਵਿਚਲੇ ਬੱਚਿਆਂ ਦੇ ਇਕਲੌਤੇ ਜੀਬੀ ਪੰਤ ਹਸਪਤਾਲ ਵਿਚ ਵੀ ਸੇਵਾਵਾਂ ਬਹਾਲ ਨਹੀ ਹੋ ਸਕੀਆਂ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੰਵਲਜੀਤ ਸਿੰਘ ਨੇ ਕਿਹਾ ਕਿ ਇੰਟਰਨੈੱਟ ਹਾਲੇ ਕੰਮ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅੱਜ ਸੇਵਾਵਾਂ ਬਹਾਲ ਹੋਣ ਦੀ ਉਮੀਦ ਸੀ ਜੋ ਨਹੀਂ ਹੋਈਆਂ।

ਰੈਨਵਾਰੀ ਦੇ ਜਵਾਹਰ ਲਾਲ ਨਹਿਰੂ ਹਸਪਤਾਲ ਦੇ ਇਕ ਅਧਿਕਾਰੀ ਨੇ ਵੀ ਕਿਹਾ ਕਿ ਹਸਪਤਾਲ ਵਿਚ ਇੰਟਰਨੈਟ ਸੇਵਾ ਮੁੜ ਬਹਾਲ ਨਹੀਂ ਹੋਈ ਹੈ। ਸ਼ਹਿਰ ਦੇ ਡਲਗੇਟ ਇਲਾਕੇ ਵਿਚ ਛਾਤੀ ਰੋਗ ਹਸਪਤਾਲ ਦੀ ਵੀ ਇਹੋ ਸਥਿਤੀ ਹੈ।