ਫ਼ੌਜੀ ਅਫ਼ਸਰਾਂ ਤੇ ਜਵਾਨਾਂ ਲਈ ਆਈ ਵੱਡੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਫੇਸਬੁਕ ਤੇ ਸਮਾਰਟਫ਼ੋਨ ਵਰਤਣ 'ਤੇ ਲੱਗੀ ਪਾਬੰਦੀ

file photo

ਨਵੀਂ ਦਿੱਲੀ : ਸੋਸ਼ਲ ਮੀਡੀਆ ਤੇ ਸਮਾਰਟਫ਼ੋਨ ਵਰਤਣ ਵਾਲਿਆਂ ਦੀ ਨਿਜ਼ਤਾ 'ਤੇ ਹਮਲਿਆਂ ਦੀਆਂ ਖ਼ਬਰਾਂ ਅਕਸਰ ਪੜ੍ਹਨ-ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਸੋਸ਼ਲ ਸਾਈਟਾਂ 'ਤੇ ਸ਼ੇਅਰ ਕੀਤੀ ਗਈ ਜਾਣਕਾਰੀ ਦੇ ਅਕਸਰ ਗ਼ਲਤ ਹੱਥਾਂ 'ਚ ਜਾਣ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਚਿਤਾਵਨੀਆਂ ਵੀ ਸਮੇਂ ਸਮੇਂ ਆਉਂਦੀਆਂ ਰਹਿੰਦੀਆਂ ਹਨ ਪਰ ਫਿਰ ਵੀ ਅਜਿਹੀਆਂ ਘਟਨਾਵਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ।

ਇਸੇ ਖ਼ਤਰੇ ਨੂੰ ਭਾਂਪਦਿਆਂ ਭਾਰਤੀ ਜਲ ਸੈਨਾ ਨੇ ਅਪਣੇ ਕਰਮਚਾਰੀਆਂ ਵਲੋਂ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਵਰਤੋਂ ਕਰਨ 'ਤੇ ਪਾਬੰਦੀ ਲਾ ਦਿਤੀ ਹੈ। ਇਸ ਹੁਕਮ ਤੋਂ ਬਾਅਦ ਹੁਣ ਕੋਈ ਵੀ ਜਲ ਸੈਨਾ ਦਾ ਜਵਾਨ ਫੇਸਬੁੱਕ ਦੀ ਵਰਤੋਂ ਨਹੀਂ ਕਰ ਸਕੇਗਾ। ਇੰਨਾ ਹੀ ਨਹੀਂ, ਜਲ ਸੈਨਾ ਦੇ ਟਿਕਾਣਿਆਂ 'ਤੇ ਹੁਣ ਸਮਾਰਟਫ਼ੋਨ ਦਾ ਇਸਤੇਮਾਲ ਕਰਨ 'ਤੇ ਵੀ ਰੋਕ ਲਗਾ ਦਿਤੀ ਗਈ ਹੈ।

ਅੰਦਰ ਦੀਆਂ ਕਨਸੋਆਂ ਅਨੁਸਾਰ ਇਹ ਫ਼ੈਸਲਾ ਜਲ ਸੈਨਾ ਦੇ 7 ਮੁਲਾਜ਼ਮਾਂ ਦੀ ਜਾਣਕਾਰੀ ਲੀਕ ਹੋਣ ਤੋਂ ਬਾਅਦ ਲਿਆ ਗਿਆ ਹੈ। ਇਸ ਲਈ ਜਲ ਸੈਨਾ ਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਹੁਕਮ 27 ਦਸੰਬਰ ਨੂੰ ਜਾਰੀ ਕੀਤੇ ਗਏ ਹਨ। ਪਾਬੰਦੀ ਤੋਂ ਬਾਅਦ ਗ਼ੈਰ ਸੈਨਿਕ ਤੇ ਜਲ ਸੈਨਾ ਡਾਕਯਾਰਡ 'ਚ ਕੰਮ ਕਰਨ ਵਾਲਿਆਂ 'ਤੇ ਇਹ ਹੁਕਮ ਲਾਗੂ ਹੋਣ ਜਾਂ ਨਾ ਹੋਣ ਬਾਰੇ ਭੰਬਲਭੂਸਾ ਪਾਇਆ ਜਾ ਰਿਹਾ ਹੈ। ਕਿਉਂਕਿ ਉਹ ਜਲ ਸੈਨਾ ਦੇ ਨਿਯਮਾਂ ਅਧੀਨ ਨਹੀਂ ਆਉਂਦੇ।

ਜਲ ਸੈਨਾ ਵਲੋਂ ਇਹ ਵੱਡਾ ਫ਼ੈਸਲਾ 20 ਦਸੰਬਰ ਨੂੰ ਵਿਸਾਖਾਪਟਨਮ 'ਚ ਅੱਠ ਵਿਅਕਤੀਆਂ  ਤੇ ਸੱਤ ਜਲ ਸੈਨਿਕਾਂ ਤੇ ਮੁੰਬਈ ਦੇ ਹਵਾਲਾ ਅਪਰੇਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਿਆ ਗਿਆ ਹੈ। ਇਹ ਕਦਮ ਫ਼ੌਜੀ ਜਵਾਨਾਂ ਦੀਆਂ ਜਾਣਕਾਰੀਆਂ ਨੂੰ ਗ਼ਲਤ ਹੱਥਾਂ 'ਚ ਜਾਣ ਤੋਂ ਰੋਕਣ ਦੇ ਮਕਸਦ ਨਾਲ ਚੁਕਿਆ ਗਿਆ ਹੈ।