ਸਭੇ ਸਾਝੀਵਾਲ ਸਦਾਇਨਿ : ਸਰਬ ਸਾਂਝੀਵਾਲਤਾ ਦਾ ਪ੍ਰਤੀਕ ਬਣਿਆ ਕਿਸਾਨੀ ਸੰਘਰਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੇਂ ਸਾਲ ਮੌਕੇ ਸਜਾਏ ਨਗਰ ਕੀਰਤਨ ਵਿਚ ਸਭ ਧਰਮਾਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ

Nagar Kirtan

ਨਵੀਂ ਦਿੱਲੀ : ਪੰਜਾਬੀਆਂ ਬਾਰੇ ਆਮ ਹੀ ਕਿਹਾ ਜਾਂਦਾ ਹੈ ਕਿ ਇਹ ਜਿੱਥੇ ਵੀ ਜਾਂਦੇ ਹਨ, ਅਪਣੀ ਵਿਲੱਖਣਤਾ ਦਾ ਅਹਿਸਾਸ ਕਰਵਾਉਣ ਦੇ ਨਾਲ-ਨਾਲ ਸਭ ਨੂੰ ਨਾਲ ਚੱਲਣ ’ਚ ਕਾਮਯਾਬ ਹੋ ਜਾਂਦੇ ਹਨ। ਪੰਜਾਬੀਆਂ ਕੋਲ ਕਿਹੜੀ ਖਾਸੀਅਤ ਜਾਂ ਗ਼ੈਬੀ ਸ਼ਕਤੀ ਹੈ, ਜਿਹੜੀ ਇਨ੍ਹਾਂ ਨੂੰ ਇਸ ਕਾਬਲ ਬਣਾਉਂਦੀ ਹੈ ਕਿ ਉਹ ਔਖੇ ਤੇ ਚੁਨੌਤੀਭਰਪੂਰ ਹਲਾਤਾਂ ਦੇ ਬਾਵਜੂਦ ਸਫਲ ਹੋ ਜਾਂਦੇ ਹਨ। ਅਸਲ ਵਿਚ ਪੰਜਾਬੀਆਂ ਦੀ ਇਸ ਸਫ਼ਲਤਾ ਪਿੱਛੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਸੰਗਤ ਅਤੇ ਪੰਗਤ ਦੀ ਪ੍ਰਥਾ ਹੈ ਜਿਸ ਜ਼ਰੀਏ ਪੰਜਾਬੀ ਔਖੇ ਅਤੇ ਨਾਮੁਮਕਿਨ ਦਿਸਦੇ ਹਾਲਾਤਾਂ ਵਿਚ ਵੀ ਆਪਣੇ ਟੀਚੇ ਸਰ ਕਰ ਲੈਂਦੇ ਹਨ।

ਗੁਰੂ ਨਾਨਕ ਸਾਹਿਬ ਨੇ ਸਭੇ ਸਾਝੀਵਾਲ ਸਦਾਇਨਿ ਤਹਿਤ ਸਾਂਝੀਵਾਲਤਾ ਦਾ ਉਪਦੇਸ਼ ਦਿਤਾ ਜੋ ਸਿੱਖਾਂ ਨੂੰ ਜੰਗਲ ਵਿਚ ਮੰਗਲ ਲਾਉਣ ਦੇ ਸਮਰੱਥ ਬਣਾਉਂਦਾ ਹੈ। ਇਹ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਪੰਜਾਬੀ ਦੁਨੀਆਂ ਦੇ ਜਿਸ ਵੀ ਕੋਨੇ ਵਿਚ ਗਏ ਹਨ, ਉਨ੍ਹਾਂ ਨੇ ਉਥੇ ਹੀ ਅਪਣੀ ਵਿਲੱਖਣਤਾ ਦਾ ਲੋਹਾ ਮਨਵਾਉਂਦਿਆਂ ਵੱਖਰੀਆਂ ਪੈੜਾਂ ਪਾਈਆਂ ਹਨ।

ਅੱਜ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਅੰਦਰ ਵੱਡੇ ਵੱਡੇ ਗੁਰ-ਅਸਥਾਨ ਹਨ ਜੋ ਬਾਬੇ ਨਾਨਕ ਦੇ ਸਾਂਝੀਵਾਲਤਾ ਦਾ ਉਪਦੇਸ਼ ਨੂੰ ਲੋਕਾਈ ਤਕ ਪਹੁੰਚਾ ਰਹੇ ਹਨ। ਕੈਨੇਡਾ ਵਿਚ ਤਾਂ ਬਹੁਤ ਸਾਰੇ ਅਜਿਹੇ ਇਲਾਕੇ ਹਨ ਜੋ ਪੂਰੀ ਤਰ੍ਹਾਂ ਪੰਜਾਬ ਨਾਲ ਮੇਲ ਖਾਂਦੇ ਹਨ। ਇੱਥੇ ਵਿਚਰਦਿਆਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਤੁਸੀਂ ਪੰਜਾਬ ਵਿਚ ਘੁੰਮ ਰਹੇ ਹੋਵੇ। 

ਪੰਜਾਬੀਆਂ ਦੀ ਇਸ ਵਿਲੱਖਣਤਾ ਦਾ ਪ੍ਰਗਟਾਵਾ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵੀ ਵੇਖਣ ਨੂੰ ਮਿਲ ਰਿਹਾ ਹੈ। ਪੋਹ ਦੇ ਮਹੀਨੇ ਦੀ ਪੰਜਾਬ ਅੰਦਰ ਖਾਸ ਮਹੱਤਤਾ ਹੈ। ਇਸ ਮਹੀਨੇ ਗੁਰੂ ਸਾਹਿਬ ਦੇ ਪਰਿਵਾਰ ਅਤੇ ਵੱਡੀ ਗਿਣਤੀ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਨਮਨ ਕੀਤਾ ਜਾਂਦਾ ਹੈ। ਪਰ ਇਸ ਵਾਰ ਵੱਡੀ ਗਿਣਤੀ ਪੰਜਾਬੀਆਂ ਨੂੁੰ ਕਿਸਾਨੀ ਸੰਘਰਸ਼ ਕਾਰਨ ਦਿੱਲੀ ਦੀਆਂ ਬਰੂਹਾਂ 'ਤੇ ਡਟਣਾ ਪਿਆ ਹੈ। ਪਰ ਪੰਜਾਬੀਆਂ ਨੇ ਪੰਜਾਬ ਵਿਚਲੇ ਦ੍ਰਿਸ਼ਾਂ ਨੂੰ ਦਿੱਲੀ ਦੀਆਂ ਬਰੂਹਾਂ 'ਤੇ ਵੀ ਦਿ੍ਸ਼ਟੀਮਾਨ ਕਰ ਵਿਖਾਇਆ ਹੈ। 

ਫਿਰ ਭਾਵੇਂ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦਾ ਦਿਹਾੜਾ ਹੋਵੇ ਜਾਂ ਨਵੇਂ ਸਾਲ ਦੀ ਆਮਦ, ਹਰ ਅਵਸਰ ’ਤੇ ਵਿਲੱਖਣ ਦ੍ਰਿਸ਼ ਨਜ਼ਰ ਆ ਰਹੇ ਹਨ। ਨਵੇਂ ਸਾਲ ਮੌਕੇ ਦਿੱਲੀ ਦੀ ਸਿੰਘੂ ਸਰਹੱਦ ’ਤੇ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਹਰ ਧਰਮ ਦੇ ਲੋਕਾਂ ਨੇ ਖੁਲ੍ਹਦਿਲੀ ਨਾਲ ਸ਼ਮੂਲੀਅਤ ਕੀਤੀ। ਇੱਥੇ ਲੰਗਰ ਅਤੇ ਨਗਰ ਕੀਰਤਨ ਦੇ ਸਵਾਗਤ ਲਈ ਮੁਸਲਮਾਨ ਭਾਈਚਾਰੇ ਵਲੋਂ ਖ਼ਾਸ ਪ੍ਰਬੰਧ ਕੀਤੇ ਗਏ ਹਨ। ਗੁਰੂ ਦੀਆਂ ਲਾਡਲੀਆਂ ਫ਼ੌਜਾਂ ‘ਨਿਹੰਗ ਸਿੰਘਾਂ’ ਦੇ ਘੋੜਿਆਂ ਦੇ ਪੌੜ ਦੀਆਂ ਮਾਧੁਰ ਸੁਰਾਂ ਅਤੇ ਨਗਰ ਕੀਰਤਨ ਨਾਲ ਪ੍ਰਸਿੱਧ ਪੰਜਾਬੀ ਗਾਇਕ ਜੈਜੀ ਬੀ ਵਲੋਂ ‘ਉਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ-ਘਰ ਵਿਚ ਕਹਾਣੀ ਬਾਬੇ ਨਾਨਕ ਦੀ’ ਗਾ ਕੇ ਖਾਲਸਾਈ ਰੰਗ ਬੰਨਿਆ ਜਾ ਰਿਹਾ ਹੈ। 

ਭਾਵੇਂ ਸਮੇਂ ਦੀਆਂ ਸਰਕਾਰਾਂ ਨੇ ਕਿਸਾਨੀ ਸੰਘਰਸ਼ ਨੂੰ ਖਾਲਿਸਤਾਨੀ, ਨਕਸਲਵਾੜੀ ਅਤੇ ਵੱਖਵਾਦੀ ਕਹਿ ਕੇ ਭੰਡਣ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ, ਪਰ ਬਾਬੇ ਨਾਨਕ ਦੀ ਸਾਂਝੀਵਾਲਤਾ ਦੀ ਗਵਾਹੀ ਭਰਦੇ ਨਗਰ ਕੀਰਤਨ ’ਚ ਹਰ ਧਰਮ ਅਤੇ ਤਬਕੇ ਦੇ ਸ਼ਮੂਲੀਅਤ ਨੇ ਸਾਂਝੀਵਾਲਤਾ ਦੀ ਅਲੱਗ ਹੀ ਮਿਸਾਲ ਕਾਇਮ ਕੀਤੀ ਹੈ, ਜਿਸ ਨੇ ਹਾਕਮ ਧਿਰ ਦੇ ਸਾਰੇ ਹੱਥਕੰਡਿਆ ਨੂੰ ਪਿਛਲਪੈੜੀ ਕਰ ਦਿੱਤਾ ਹੈ।

ਆਮ ਤੌਰ ’ਤੇ ਧਰਨੇ ਪ੍ਰਦਰਸ਼ਨਾਂ ਕਾਰਨ ਸਥਾਨਕ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਦਿੱਲੀ ਵਿਖੇ ਚੱਲ ਰਿਹਾ ਸੰਘਰਸ਼ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਚੱਲਣ  ’ਚ ਸਫ਼ਲ ਰਿਹਾ ਹੈ। ਕੁੱਲ ਮਿਲਾ ਕੇ ਬਾਬੇ ਨਾਨਕ ਵਲੋਂ ਸਾਝੀਵਾਲਤਾ ਦੇ ਦਿਤੇ ਉਪਦੇਸ਼ ਸਦਕਾ ਅੱਜ ਕਿਸਾਨਾਂ ਦਾ ਚੱਲ ਰਿਹਾ ਸੰਘਰਸ਼ ਸਭ ਨੂੰ ਨਾਲ ਜੋੜਣ ’ਚ ਕਾਮਯਾਬ ਹੋ ਸਕਿਆ ਹੈ, ਜਿਸ ਦੀ ਗੂੰਜ ਆਉਣ ਵਾਲੇ ਲੰਮੇ ਸਮੇਂ ਤਕ ਪੈਂਦੀ ਰਹੇਗੀ।