ਜੀ ਕੇ ਵਲੋਂ ਥਾਣੇ ਸ਼ਿਕਾਇਤ ਦੇ ਕੇ, ਫ਼ਰਜ਼ੀ ਚਿੱਠੀ ਬਾਰੇ ਦਿੱਲੀ ਕਮੇਟੀ ਵਿਰੁਧ FIR ਦਰਜ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇ ਚਿੱਠੀ ਫ਼ਰਜ਼ੀ ਹੈ ਤਾਂ ਜੀ ਕੇ ਨੇ ਅਦਾਲਤ ਵਿਚ ਜਵਾਬ ਕਿਉਂ ਨਹੀਂ ਦਿਤਾ? : ਸੁਦੀਪ ਸਿੰਘ

Photo

ਨਵੀਂ ਦਿੱਲੀ: 'ਜਾਗੋ' ਪਾਰਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਨਾਰਥ ਐਵੇਨਿਊ ਥਾਣੇ ਵਿਚ ਸ਼ਿਕਾਇਤ ਦੇ ਕੇ, ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਸ.ਅਵਤਾਰ ਸਿੰਘ ਹਿਤ ਤੇ ਕਮੇਟੀ ਦੇ ਮੀਡੀਆ ਸਲਾਹਕਾਰ ਸ.ਸੁਦੀਪ ਸਿੰਘ ਵਿਰੁਧ ਐਫ਼ਆਈਆਰ ਦਰਜ ਕੀਤੀ ਜਾਵੇ ਕਿਉਂਕਿ ਤਿੰਨਾਂ ਨੇ ਅਖੌਤੀ ਤੌਰ 'ਤੇ ਉਨ੍ਹਾਂ ਦੇ ਫ਼ਰਜ਼ੀ ਦਸਤਖ਼ਤਾਂ ਹੇਠ ਇਕ ਚਿੱਠੀ ਜਾਰੀ ਕੀਤੀ ਸੀ।

ਜੀ ਕੇ ਨੇ ਕਿਹਾ ਫ਼ਰਜ਼ੀ ਚਿੱਠੀ ਦਿੱਲੀ ਕਮੇਟੀ ਦੇ ਮੀਡੀਆ ਮਹਿਕਮੇ ਦੀ ਅਧਿਕਾਰਤ ਈ-ਮੇਲ ਆਈਡੀ ਰਾਹੀਂ  23 ਫ਼ਰਵਰੀ 2020 ਨੂੰ ਮੀਡੀਆ ਨੂੰ ਭੇਜੀ ਗਈ ਸੀ ਤੇ ਦਾਅਵਾ ਕੀਤਾ ਗਿਆ ਸੀ ਕਿ ਜੀ ਕੇ ਵਲੋਂ ਇਹ ਚਿੱਠੀ 4 ਅਪ੍ਰੈਲ 2016 ਨੂੰ ਜਾਰੀ ਕਰ ਕੇ, ਸਕੂਲ ਦੀ ਜਾਇਦਾਦ ਸ.ਹਿਤ ਦੀ ਸੁਸਾਇਟੀ ਨੂੰ ਸੌਂਪ ਦਿਤੀ ਗਈ ਸੀ।

ਜੀ.ਕੇ. ਨੇ ਸਕੂਲ ਮਾਮਲੇ ਵਿਚ ਸ.ਸਿਰਸਾ ਵਲੋਂ ਅਦਾਲਤ ਵਿਚ ਜਾਣ ਨੂੰ ਡਰਾਮਾ ਕਰਾਰ ਦਿਤਾ। ਦਿੱਲੀ ਕਮੇਟੀ ਦਾ ਪੱਖ: ਇਸ ਵਿਚਕਾਰ ਦੇਰ ਸ਼ਾਮ ਦਿੱਲੀ ਕਮੇਟੀ ਦੇ ਬੁਲਾਰੇ ਸੁਦੀਪ ਸਿੰਘ ਨੇ ਇਕ  ਬਿਆਨ ਜਾਰੀ ਕਰ ਕੇ, ਕਿਹਾ ਹੈ ਕਿ ਜਿਸ ਚਿੱਠੀ ਦੀ ਗੱਲ ਮਨਜੀਤ ਸਿੰਘ ਜੀ. ਕੇ. ਕਰ ਰਹੇ ਹਨ, ਉਸ ਚਿੱਠੀ ਦੇ ਆਧਾਰ 'ਤੇ ਹੀ ਸ.ਅਵਤਾਰ ਸਿੰਘ ਹਿੱਤ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ ਪਰ  ਜੀ. ਕੇ. ਨੇ ਇਸ ਕੇਸ 'ਤੇ ਵੀ ਚੁੱਪ ਵੱਟ ਕੇ ਰੱਖੀ ਹੋਈ ਹੈ ਤੇ ਅੱਜ ਤਕ ਅਦਾਲਤ ਵਿਚ ਜਾ ਕੇ ਇਹ ਨਹੀਂ ਕਿਹਾ ਕਿ ਚਿੱਠੀ ਫ਼ਰਜ਼ੀ  ਹੈ।

ਬੁਲਾਰੇ ਨੇ ਕਿਹਾ ਕਿ ਹਰੀ ਨਗਰ ਸਕੂਲ ਦੇ ਮਾਮਲੇ ਵਿਚ ਖ਼ੁਦ ਅਦਾਲਤ ਨੇ ਮਨਜੀਤ ਸਿੰਘ ਜੀ. ਕੇ. ਦੇ ਸੰਮਨ ਜਾਰੀ ਕੀਤੇ ਹਨ ਅਤੇ ਅਦਾਲਤ ਵਿਚ ਉਨ੍ਹਾਂ ਵਿਰੁਧ ਉਸੇ ਤਰੀਕੇ ਕਾਰਵਾਈ ਹੋਣੀ ਤੈਅ ਹੈ ਜਿਵੇਂ ਕਿ ਗੋਲਕ ਦੀ ਦੁਰਵਰਤੋਂ ਦੇ ਮਾਮਲੇ ਵਿਚ ਅਦਾਲਤ ਵਲੋਂ ਕੀਤੀ ਗਈ ਤੇ ਖ਼ੁਦ ਕੇਸ ਦਰਜ ਕਰਵਾਇਆ ਗਿਆ ਤੇ ਧਾਰਾਵਾਂ ਜੋੜੀਆਂ ਗਈਆਂ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਹੁਣ ਜਿੰਨੀ ਮਰਜ਼ੀ ਡਰਾਮੇਬਾਜ਼ੀ ਕਰ ਲੈਣ ਉਨ੍ਹਾਂ ਦਾ ਬਚਾਅ ਨਹੀਂ ਹੋ ਸਕਦਾ।